ਮਾਘੀ ਮੇਲੇ ਨੂੰ ਦੋ ਦਿਨ ਬਾਕੀ; ਸ਼੍ਰੋਮਣੀ ਕਮੇਟੀ ਦਾ ਯਾਦਗਾਰੀ ਪ੍ਰਾਜੈਕਟ ਕਾਗਜ਼ਾਂ ਵਿਚ ਸਿਮਟਿਆ
12 ਜਨਵਰੀ, 2026 – ਮੁਕਤਸਰ : ਮਾਘੀ ਮੇਲੇ ਨੂੰ ਦੋ ਦਿਨ ਰਹਿ ਗਏ ਹਨ ਤੇ 40 ਮੁਕਤਿਆਂ ਦੀ ਧਰਤੀ (ਸ੍ਰੀ ਮੁਕਤਸਰ ਸਾਹਿਬ) ’ਤੇ ਮਾਤਾ ਭਾਗ ਕੌਰ ਵਿਰਾਸਤੀ ਪਾਰਕ ਪ੍ਰਸ਼ਾਸਨ ਦੀ ਲਾਪ੍ਰਵਾਹੀ ਦਾ ਸ਼ਿਕਾਰ ਹੈ। ਇਸ ਪਾਰਕ ਦੀ ਦਿੱਖ ਸੰਵਾਰਨ ਲਈ ਯਤਨ ਨਹੀਂ ਕੀਤੇ ਜਾ ਰਹੇ ਤੇ ਨਾ ਹੀ ਇਸ ਪਾਰਕ ਦੀ ਸਾਰ ਲਈ ਜਾ ਰਹੀ ਹੈ। ਇਸ ਪਾਰਕ ਵਿਚਲੇ ਸਿੱਖਾਂ ਅਤੇ ਮੁਗਲਾਂ ਦੀ ਜੰਗ ਨੂੰ ਦਰਸਾਉਂਦੇ ਬੁੱਤ ਮੁਰੰਮਤ ਨੂੰ ਤਰਸ ਰਹੇ ਹਨ।
ਇਸ ਤੋਂ ਇਲਾਵਾ ਇੱਥੋਂ ਦੇ ਯਾਦਗਾਰੀ ਗੇਟ ਦੀ ਹਾਲਤ ਖਸਤਾ ਸੀ ਤੇ ਇਸ ਦੀ ਮੁਰੰਮਤ ਨਹੀਂ ਕੀਤੀ ਗਈ ਤੇ ਇਸ ਨੂੰ ਰੰਗ ਰੋਗਨ ਕਰ ਕੇ ਹੀ ਬੁੱਤਾ ਸਾਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ 40 ਮੁਕਤਿਆਂ ਅਤੇ ਮਾਈ ਭਾਗੋ (ਮਾਤਾ ਭਾਗ ਕੌਰ) ਨੂੰ ਸਮਰਪਿਤ ਸ਼ਹੀਦਾਂ ਦੇ ਸਮਾਰਕ ਲਈ ਨੀਂਹ ਪੱਥਰ ਰੱਖਣ ਤੋਂ 20 ਸਾਲ ਬਾਅਦ ਵੀ ਕੁਝ ਨਹੀਂ ਕੀਤਾ ਗਿਆ। ਇਸ ਸਮਾਰਕ ਦਾ ਨੀਂਹ ਪੱਥਰ 4 ਮਈ, 2005 ਨੂੰ ਰੱਖਿਆ ਗਿਆ ਸੀ ਜਿਸ ਦਾ ਨੀਂਹ ਪੱਥਰ ਵੀ ਗਾਇਬ ਹੋ ਗਿਆ ਹੈ। ਮਾਘੀ ਮੇਲਾ ਆਉਣ ਵਾਲਾ ਹੈ ਪਰ ਸ਼ਹਿਰ ਦੀ ਸਾਫ ਸਫਾਈ ਦਾ ਰੱਬ ਹੀ ਰਾਖਾ ਹੈ। ਇੱਥੋਂ ਦੇ ਕੁਝ ਹਿੱਸਿਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਕੁਝ ਸੜਕਾਂ ਦੀ ਮੁਰੰਮਤ ਦਾ ਕੰਮ ਹਾਲੇ ਵੀ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਮਾਘੀ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਮੁਕਤਸਰ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਅਤੇ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਆਉਂਦੇ ਹਨ।
ਮਾਘੀ ਹਰ ਸਾਲ 14 ਜਨਵਰੀ (ਲੋਹੜੀ ਤੋਂ ਇੱਕ ਦਿਨ ਬਾਅਦ) ਨੂੰ ਮਨਾਈ ਜਾਂਦੀ ਹੈ ਅਤੇ ਇਸ ਇਤਿਹਾਸਕ ਸ਼ਹਿਰ ਵਿੱਚ 40 ਮੁਕਤਿਆਂ ਦੀ ਯਾਦ ਵਿੱਚ ਤਿੰਨ ਦਿਨਾ ਮੇਲਾ (13, 14 ਅਤੇ 15 ਜਨਵਰੀ) ਲਗਦਾ ਹੈ। ਇੱਥੇ ਸਿੰਘਾਂ ਨੇ 1705 ਵਿੱਚ ਮੁਗਲਾਂ ਨਾਲ ਟਾਕਰਾ ਕਰਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ ਜਿਸ ਨੂੰ ਪਹਿਲਾਂ ਖਿਦਰਾਣੇ ਦੀ ਢਾਬ ਵਜੋਂ ਜਾਣਿਆ ਜਾਂਦਾ ਸੀ।
ਗੁਰਦੁਆਰਾ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਮਾਤਾ ਭਾਗ ਕੌਰ ਵਿਰਾਸਤੀ ਪਾਰਕ ਦੀ ਹਾਲਤ ਅਤੇ ਹੋਰ ਮੁੱਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੇ ਸਨ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਵਿਚਾਰ ਅਧੀਨ ਹੈ ਅਤੇ ਇਸ ਵਿੱਚ ਕੁਝ ਸਮਾਂ ਲੱਗੇਗਾ।
ਸ਼੍ਰੋਮਣੀ ਕਮੇਟੀ ਦੇ ਪ੍ਰਸਤਾਵਿਤ ਸ਼ਹੀਦੀ ਸਮਾਰਕ ਬਾਰੇ ਉਨ੍ਹਾਂ ਕਿਹਾ ਕਿ ਉਹ ਹਾਲ ਹੀ ਵਿੱਚ ਇੱਥੇ ਆਏ ਹਨ ਅਤੇ ਇਸ ਤੋਂ ਬਾਅਦ ਇਸ ਮਾਮਲੇ ’ਤੇ ਕੋਈ ਚਰਚਾ ਨਹੀਂ ਹੋਈ।
ਮੁਕਤਸਰ ਦੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਕਿਹਾ, ‘ਅਸੀਂ ਸਾਰੇ ਪ੍ਰਾਜੈਕਟ ਇੱਕ-ਇੱਕ ਕਰਕੇ ਸ਼ੁਰੂ ਕਰ ਰਹੇ ਹਾਂ। ਗੁਰੂ ਗੋਬਿੰਦ ਸਿੰਘ ਪਾਰਕ ਦਾ ਕੰਮ ਮੁਕੰਮਲ ਕਰਨ ਤੋਂ ਬਾਅਦ ਅਸੀਂ ਮਾਤਾ ਭਾਗ ਕੌਰ ਹੈਰੀਟੇਜ ਪਾਰਕ ਦਾ ਕੰਮ ਵੀ ਸ਼ੁਰੂ ਕਰਾਂਗੇ।’
ਪੰਜਾਬੀ ਟ੍ਰਿਬਯੂਨ