Sukhna Lake ’ਤੇ ਲਡ਼ਾਕੂ ਜਹਾਜ਼ਾਂ ਨੇ ਦਿਖਾਏ ਕਰਤੱਬ
28 ਮਾਰਚ, 2026 – ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿਚ ਦੇਸ਼ ਭਗਤੀ ਅਤੇ ਹਵਾਈ ਹੁਨਰ ਦੇ ਸੁਮੇਲ ਨਾਲ ਤਿਆਰ ਭਾਰਤੀ ਹਵਾਈ ਸੈਨਾ ਦਾ ਵੱਕਾਰੀ ਦੋ ਦਿਨਾ ‘ਸੂਰਿਆਕਿਰਨ ਐਰੋਬੈਟਿਕ ਡਿਸਪਲੇਅ’ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਅੱਜ ਸ਼ੁਰੂ ਹੋ ਗਿਆ। ਹਵਾਈ ਸੈਨਾ ਦੀ ‘ਸੂਰਿਆਕਿਰਨ’ ਟੀਮ ਨੇ ਅਸਮਾਨ ਵਿੱਚ ਸ਼ਾਨਦਾਰ ਏਅਰੋਬੈਟਿਕ ਅਭਿਆਸ ਕੀਤੇ। ਲੜਾਕੂ ਜਹਾਜ਼ਾਂ ਨੇ ਅਸਮਾਨ ਵਿੱਚ ਇੱਕ ਹੀਰੇ ਦੀ ਸ਼ਕਲ ਅਤੇ ਅੰਗਰੇਜ਼ੀ ਦਾ ਅੱਖਰ ‘ਏ’ ਬਣਾਇਆ। ਇਸ ਤੋਂ ਇਲਾਵਾ ਰੰਗਦਾਰ ਧੂੰਏਂ ਨਾਲ ਤਿਰੰਗਾ ਵੀ ਬਣਾਇਆ ਗਿਆ ਜਿਸ ਦਾ ਝੀਲ ਉਤੇ ਬੈਠੇ ਦਰਸ਼ਕਾਂ ਨੇ ਆਨੰਦ ਮਾਣਿਆ।
ਇਸ ਸਮਾਗਮ ਵਿੱਚ ਮੁੱਖ ਸਕੱਤਰ ਰਾਜੇਸ਼ ਪ੍ਰਸਾਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਝੀਲ ਆਮ ਲੋਕਾਂ ਲਈ ਬੰਦ ਕਰ ਦਿੱਤੀ ਗਈ। ਆਲੇ ਦੁਆਲੇ ਉੱਡਦੇ ਪੰਛੀਆਂ ’ਤੇ ਨਜ਼ਰ ਰੱਖਣ ਲਈ ਇੱਕ ਐੱਨ.ਡੀ.ਆਰ.ਐੱਫ. ਟੀਮ ਤਾਇਨਾਤ ਕੀਤੀ ਗਈ ਹੈ।
ਚੰਡੀਗੜ੍ਹ ਦੇ ਦੋ ਪਾਇਲਟ ਵਿੰਗ ਕਮਾਂਡਰ ਤੇਜੇਸ਼ਵਰ ਸਿੰਘ (ਆਰਮੀ ਪਬਲਿਕ ਸਕੂਲ, ਚੰਡੀਮੰਦਰ ਦੇ-2005 ਬੈਚ ਦੇ ਸਾਬਕਾ ਵਿਦਿਆਰਥੀ) ਅਤੇ ਦਿਵਾਕਰ ਸ਼ਰਮਾ ਵੀ ਇਸ ਸ਼ੋਅ ਵਿੱਚ ਹਿੱਸਾ ਲੈ ਰਹੇ ਹਨ। ਫਲਾਈਟ ਲੈਫਟੀਨੈਂਟ ਕਮਲ ਸੰਧੂ ਵੀ ਇਸ ਸੂਰਿਆਕਿਰਨ ਟੀਮ ਦੇ ਮੈਂਬਰ ਸਨ।
ਪ੍ਰਸ਼ਾਸਨ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਦਰਸ਼ਕਾਂ ਲਈ ਸੁਖਨਾ ਝੀਲ ‘ਤੇ ਖੁੱਲ੍ਹੀ ਹਵਾ ਵਿੱਚ ਬੈਠਣ ਦਾ ਪ੍ਰਬੰਧ ਕੀਤਾ ਸੀ।
ਇਸ ਸਮਾਗਮ ਦੇ ਮੁੱਖ ਮਹਿਮਾਨ ਯੂ.ਟੀ. ਚੰਡੀਗੜ੍ਹ ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਨੇ ਭਾਰਤੀ ਹਵਾਈ ਸੈਨਾ ਦੀ ਬੇਮਿਸਾਲ ਸਮਰੱਥਾ, ਅਨੁਸ਼ਾਸਨ ਅਤੇ ਸਮਰਪਣ ਲਈ ਪ੍ਰਸ਼ੰਸਾ ਕੀਤੀ। ਸਮਾਗਮ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਵਿਭਾਗਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਟਿੱਪਣੀ ਕੀਤੀ ਕਿ ਅਜਿਹੇ ਮੌਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਸ਼ੋਅ ਭਲਕ 28 ਮਾਰਚ ਨੂੰ ਵੀ ਜਾਰੀ ਰਹਿਣਗੇ ਜਿਸ ਦੌਰਾਨ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਹਵਾਈ ਪ੍ਰਦਰਸ਼ਨੀ ਦੀ ਸ਼ੋਭਾ ਵਧਾਉਣਗੇ। ਸ਼ਹਿਰ ਦੇ ਨਾਗਰਿਕਾਂ ਨੂੰ ਇੱਕ ਵਾਰ ਫਿਰ ਇਸ ਸ਼ਾਨਦਾਰ ਹਵਾਈ ਪ੍ਰਦਰਸ਼ਨੀ ਨੂੰ ਦੇਖਣ ਲਈ ਸੱਦਾ ਦਿੱਤਾ ਗਿਆ ਹੈ।
ਪੰਜਾਬੀ ਟ੍ਰਿਬਯੂਨ