08 ਮਾਰਚ, 2025 – ਚੰਡੀਗੜ੍ਹ : ਨਸ਼ਿਆਂ ਖ਼ਿਲਾਫ਼ ਭਾਵੇਂ ਪੰਜਾਬ ਸਰਕਾਰ ਨੇ ਜੰਗ ਛੇੜੀ ਹੋਈ ਹੈ ਪਰ ਹੁਣ ਸਰਹੱਦ ਪਾਰੋਂ ਤਸਕਰ ਹੈਰੋਇਨ ਦੇ ਪੈਕੇਟਾਂ ਨਾਲ ‘ਮੁਫ਼ਤ’ ’ਚ ਆਈਸ ਡਰੱਗ ਭੇਜ ਰਹੇ ਹਨ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਇਸ ਨਸ਼ੇ ਦੀ ਆਦਤ ਪਾਈ ਜਾ ਸਕੇ। ਆਈਸ ਜਾਂ ਕ੍ਰਿਸਟਲ ਮੈੱਥ ਜਾਂ ਮੈਥਮਫੈਟਾਮਾਈਨ ਸਿੰਥੈਟਿਕ ਨਸ਼ਾ ਹੈ ਜੋ ਰਸਾਇਣਾਂ ਤੋਂ ਤਿਆਰ ਹੁੰਦਾ ਹੈ ਪਰ ਨਵਾਂ ਨਸ਼ਾ ਅਫ਼ਗਾਨਿਸਤਾਨ ਆਧਾਰਿਤ ਫੈਡਰਾ ਨਾਮ ਦੇ ਬੂਟੇ ਤੋਂ ਤਿਆਰ ਹੋ ਰਿਹਾ ਹੈ ਜੋ ਅਫ਼ਗਾਨਿਸਤਾਨ ’ਚ ਵੱਡੇ ਪੱਧਰ ’ਤੇ ਮਿਲਦਾ ਹੈ। ਤਾਲਿਬਾਨ ਨੇ ਭਾਵੇਂ 2021 ਤੋਂ ਅਫ਼ੀਮ ਦੀ ਪੈਦਾਵਾਰ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਉਸ ਨੇ ਫੈਡਰਾ ’ਤੇ ਨੱਥ ਪਾਉਣ ਲਈ ਕੋਈ ਕਦਮ ਨਹੀਂ ਚੁੱਕੇ।
ਪੰਜਾਬ ਪੁਲੀਸ ਦੇ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ, ‘‘ਅਸੀਂ ਕੁਝ ਮਹੀਨਿਆਂ ਤੋਂ ਦੇਖਿਆ ਹੈ ਕਿ ਅਫ਼ਗਾਨਿਸਤਾਨ ਤੋਂ ਹੈਰੋਇਨ ਲਿਆਉਣ ਵਾਲੇ ਪਾਕਿਸਤਾਨੀ ਨਸ਼ਾ ਤਸਕਰਾਂ ਨੇ ਹੁਣ ਇਕ ਨਾਲ ਇਕ ਮੁਫ਼ਤ ਦੀ ਯੋਜਨਾ ਤਹਿਤ ਆਈਸ ਦੀ ਮੁਫ਼ਤ ਸਪਲਾਈ ਭੇਜਣੀ ਸ਼ੁਰੂ ਕਰ ਦਿੱਤੀ ਹੈ।’’ ਪਿਛਲੇ ਸਾਲ ਪੰਜਾਬ ਪੁਲੀਸ ਨੇ ਰਿਕਾਰਡ 22 ਕਿਲੋ ਆਈਸ ਬਰਾਮਦ ਕੀਤੀ ਸੀ ਜੋ ਸਾਲ 2023 ਦੇ ਮੁਕਾਬਲੇ ’ਚ 11 ਗੁਣਾ ਵੱਧ ਸੀ। ਬੀਤੇ ਪੰਜ ਦਿਨਾਂ ’ਚ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਤਹਿਤ ਕਰੀਬ ਦੋ ਕਿਲੋ ਆਈਸ ਹੋਰ ਬਰਾਮਦ ਕੀਤੀ ਗਈ ਹੈ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਆਧਾਰਿਤ ਹਾਜੀ ਸਲੀਮ ਜਾਂ ਹਾਜੀ ਬਲੋਚ ਨੂੰ ਦੁਨੀਆ ਦਾ ਸਭ ਤੋਂ ਵੱਡਾ ਨਸ਼ਾ ਤਸਕਰ ਸਮਝਿਆ ਜਾਂਦਾ ਹੈ ਜੋ ਵੱਡੇ ਪੱਧਰ ’ਤੇ ਆਈਸ ਸਪਲਾਈ ਕਰ ਰਿਹਾ ਹੈ। ਅਧਿਕਾਰੀ ਨੇ ਕਿਹਾ, ‘‘ਕੌਮਾਂਤਰੀ ਪੱਧਰ ’ਤੇ ਹੈਰੋਇਨ ਦੇ ਮੁਕਾਬਲੇ ਆਈਸ ਦੀ ਕੀਮਤ ਘੱਟ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਪੰਜਾਬ ’ਚ ਡਰੋਨਾਂ ਰਾਹੀਂ ਭੇਜੀ ਗਈ ਹੈਰੋਇਨ ਦੇ ਨਾਲ ਮੁਫ਼ਤ ’ਚ ਆਈਸ ਭੇਜੀ ਗਈ ਹੈ। ਤਸਕਰਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।’’ ਸੰਯੁਕਤ ਰਾਸ਼ਟਰ ਦੀ ਨਸ਼ਾ ਅਤੇ ਅਪਰਾਧ ਦਫ਼ਤਰ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਨਸ਼ੇ ਦੇ ਇਸ ਬਦਲ ਨਾਲ ਤਾਲਿਬਾਨ ਦੇ ਮੁਨਾਫ਼ੇ ’ਚ ਚੋਖਾ ਵਾਧਾ ਹੋਇਆ। ਨਸ਼ਿਆਂ ਸਬੰਧੀ ਯੂਰਪੀ ਨਿਗਰਾਨ ਕੇਂਦਰ ਦੇ ਡਾਕਟਰ ਡੇਵਿਡ ਮੈਨਸਫੀਲਡ ਦੇ ਹਵਾਲੇ ਨਾਲ ਬੀਬੀਸੀ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਫ਼ਗਾਨਿਸਤਾਨ ਦੁਨੀਆ ’ਚ ਮੈਥਮਫੈਟਾਮਾਈਨ ਦਾ ਸਭ ਤੋਂ ਅਹਿਮ ਉਤਪਾਦਕ ਬਣ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਫ਼ੀਮ ਵਾਂਗ ਕ੍ਰਿਸਟਲ ਮੈਥਮ ਵੀ ਵੱਡੇ ਕਾਰੋਬਾਰ ਦਾ ਰੂਪ ਲੈ ਸਕਦੀ ਹੈ। ਰਿਪੋਰਟ ’ਚ ਖ਼ੁਲਾਸਾ ਕੀਤਾ ਗਿਆ ਹੈ ਕਿ ਤਾਲਿਬਾਨ ਸਿਰਫ਼ ਬਕਵਾ ਜ਼ਿਲ੍ਹੇ ਤੋਂ ਹੀ 40 ਲੱਖ ਡਾਲਰ ਦੀ ਕਮਾਈ ਕਰ ਰਿਹਾ ਹੈ ਜਿਥੇ ਫੈਡਰਾ ਬੂਟੇ ਦੀ ਪੈਦਾਵਾਰ ਵੱਡੇ ਪੱਧਰ ’ਤੇ ਹੁੰਦੀ ਹੈ।
ਪੰਜਾਬੀ ਟ੍ਰਿਬਯੂਨ
test