27 ਮਾਰਚ, 2025 – ਹੁਸ਼ਿਆਰਪੁਰ : ਜ਼ਿਲ੍ਹੇ ਭਰ ਵਿੱਚ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਈਆਂ ਕਰੀਬ 812 ਕਿਲੋਮੀਟਰ ਸੜਕਾਂ ਮੁਰੰਮਤ ਦੀ ਉਡੀਕ ਵਿੱਚ ਹਨ। ਅੱਜ ਵਿਧਾਨ ਸਭਾ ਵਿੱਚ ਦਸੂਹਾ ਹਲਕੇ ਤੋਂ ਵਿਧਾਇਕ ਕਰਮਬੀਰ ਸਿੰਘ ਘੁੰਮਣ ਵੱਲੋਂ ਇਹ ਮਸਲਾ ਉਠਾਇਆ ਗਿਆ ਹੈ। ਲੋਕ ਨਿਰਮਾਣ ਵਿਭਾਗ ਵਲੋਂ ਪ੍ਰਸਾਸ਼ਕੀ ਪ੍ਰਵਾਨਗੀ ਮਗਰੋਂ ਕਰੀਬ 188 ਕਰੋੜ ਨਾਲ ਮੁਰੰਮਤ ਹੋਣ ਵਾਲੀਆਂ ਸੜਕਾਂ ਦੀ ਲਿਸਟ ਜਨਵਰੀ 2025 ਵਿੱਚ ਸਕੱਤਰ ਮੰਡੀ ਬੋਰਡ ਪੰਜਾਬ ਨੂੰ ਭੇਜੀ ਜਾ ਚੁੱਕੀ ਹੈ।
ਲੋਕ ਨਿਰਮਾਣ ਵਿਭਾਗ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਦਸੂਹਾ ਦੀਆਂ 52, ਚੱਬੇਵਾਲ ਦੀਆਂ 76, ਗੜ੍ਹਸ਼ੰਕਰ ਦੀਆਂ 69, ਹੁਸ਼ਿਆਰਪੁਰ ਦੀਆਂ 17, ਮੁਕੇਰੀਆਂ ਦੀਆਂ 86, ਸ਼ਾਮਚੁਰਾਸੀ ਦੀਆਂ 83 ਅਤੇ ਉੜਮੁੜ ਹਲਕੇ ਦੀਆਂ 42 ਸੜਕਾਂ ਦੀ ਮੁਰੰਮਤ ਨਹੀਂ ਕਰਵਾਈ ਜਾ ਸਕੀ। ਮੁਰੰਮਤ ਕੀਤੀਆ ਜਾਣ ਵਾਲੀਆਂ ਇਨ੍ਹਾਂ ਕਰੀਬ 812 ਕਿਲੋਮੀਟਰ ਸੜਕਾਂ ’ਤੇ 188 ਕਰੋੜ ਦੀ ਲਾਗਤ ਆਵੇਗੀ। ਉਨ੍ਹਾ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਇਨ੍ਹਾਂ ਸੜਕਾਂ ਦੀ ਮੁਰੰਮਤ ਨਹੀਂ ਹੋ ਸਕੀ।
ਵਿਧਾਇਕ ਕਰਮਬੀਰ ਸਿੰਘ ਘੁੰਮਣ ਵੱਲੋਂ ਇਸ ਮਾਮਲੇ ਵਿੱਚ ਜ਼ਿੰਮੇਵਾਰ ਠਹਿਰਾਉਣ ’ਤੇ ਅਧਿਕਾਰੀ ਨੇ ਕਿਹਾ ਕਿ ਫੰਡ ਦੇਣਾ ਸਰਕਾਰ ਦਾ ਕੰਮ ਹੈ ਅਤੇ ਫੰਡ ਮਿਲਣ ’ਤੇ ਅਫਸਰਾਂ ਵੱਲੋਂ ਕੰਮ ਰੋਕਣ ਦੀ ਕੋਈ ਤੁਕ ਨਹੀਂ ਬਣਦੀ। ਉਕਤ ਸਮੇਂ ਤੋਂ ਬਾਅਦ ਵਾਲੀਆਂ ਵੀ ਕਈ ਸੜਕਾਂ ਦੀ ਮੁਰੰਮਤ ਹੋਣ ਵਾਲੀ ਹੈ। ਉਨ੍ਹਾਂ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਕਿ ਵਿਧਾਇਕ ਘੁੰਮਣ ਆਪਣੇ ਹਲਕੇ ਦੀਆਂ ਸੜਕਾਂ ਪ੍ਰਤੀ ਗੰਭੀਰ ਹਨ। ਇਸ ਕਾਰਨ ਵਿਧਾਇਕ ਵੱਲੋਂ ਮਸਲਾ ਵਿਧਾਨ ਸਭਾ ਵਿੱਚ ਉਠਾਉਣ ‘ਤੇ ਸੜਕਾਂ ਦੀ ਮੁਰੰਮਤ ਲਈ ਫੰਡ ਅਲਾਟ ਹੋਣ ਦੀ ਆਸ ਉਨ੍ਹਾਂ ਨੂੰ ਬੱਝੀ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਮੁੱਚੀਆਂ ਸੜਕਾਂ ਮੁਰੰਮਤ ਨੂੰ ਤਰਸ ਰਹੀਆਂ ਹਨ।
ਵਿਭਾਗ ਦੇ ਨਿਗਰਾਨ ਇੰਜਨੀਅਰ ਮਨਜੀਤ ਸਿੰਘ ਨੇ ਕਿਹਾ ਕਿ ਮੁਰੰਮਤ ਹੋਣ ਵਾਲੀਆਂ ਸੜਕਾਂ ਦੀ ਲਿਸਟ ਜਨਵਰੀ 2025 ਵਿੱਚ ਹੀ ਮੰਡੀ ਬੋਰਡ ਦੇ ਸਕੱਤਰ ਨੂੰ ਭੇਜ ਦਿੱਤੀ ਗਈ ਸੀ ਅਤੇ ਇਸ ਤੋਂ ਪਹਿਲਾਂ ਹੀ ਸੜਕੀ ਮੁਰੰਮਤ ਬਾਰੇ ਜਾਣਕਾਰੀ ਲਗਾਤਾਰ ਭੇਜੀ ਜਾਂਦੀ ਰਹੀ ਹੈ। ਇਹ ਲਿਸਟ ਪ੍ਰਸ਼ਾਸਕੀ ਪ੍ਰਵਾਨਗੀ ਉਪਰੰਤ ਹੀ ਸਕੱਤਰ ਨੂੰ ਭੇਜੀ ਗਈ ਹੈ ਅਤੇ ਆਸ ਹੈ ਕਿ ਜਲਦ ਹੀ ਫੰਡ ਅਲਾਟ ਹੋ ਜਾਣਗੇ, ਜਿਸ ਤੋਂ ਬਾਅਦ ਟੈਂਡਰ ਪ੍ਰਕਿਰਿਆ ਮੁਕੰਮਲ ਕਰਕੇ ਕੰਮ ਸ਼ੁਰੂ ਕਰਵਾ ਦਿੱਤੇ ਜਾਣਗੇ।
ਪੰਜਾਬੀ ਟ੍ਰਿਬਯੂਨ
test