08 ਅਪਰੈਲ, 2025 – ਕਾਲਾਂਵਾਲੀ : ਖੇਤਰ ਦੇ ਕਸਬਾ ਰੋੜੀ ਵਿੱਚ ਥਾਣੇ ਨੇੜੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਅਲੀਕਾ ਵਾਸੀ ਦੀਪਕ ਕੁਮਾਰ ਉਰਫ ਦੀਪੂ (36) ਵਜੋਂ ਹੋਈ ਹੈ। ਥਾਣਾ ਰੋੜੀ ਨੇੜੇ ਹੀ ਸੁਲੱਭ ਪਖਾਨੇ ਵਿੱਚ ਨਸ਼ੇ ਦਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਪਖਾਨੇ ਕੋਲੋਂ ਲੰਘ ਰਹੇ ਰਾਹਗੀਰਾਂ ਨੇ ਦੇਖਿਆ ਕਿ ਪਖਾਨੇ ਦੇ ਅੰਦਰ ਮੋਬਾਈਲ ਦੀ ਲਾਈਟ ਦੀ ਰੋਸ਼ਨੀ ਜਗ ਰਹੀ ਸੀ। ਜਦੋਂ ਉਨ੍ਹਾਂ ਪਖਾਨੇ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਅੰਦਰ ਨੌਜਵਾਨ ਦੀ ਲਾਸ਼ ਪਈ ਸੀ ਅਤੇ ਪਾਣੀ ਦੇ ਡੱਬੇ ਵਿੱਚ ਟੀਕਾ ਪਿਆ ਸੀ। ਮਗਰੋਂ ਇਸ ਦੀ ਸੂਚਨਾ ਥਾਣਾ ਰੋੜੀ ਪੁਲੀਸ ਨੂੰ ਦਿੱਤੀ ਗਈ।
ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪਤਾ ਲੱਗਿਆ ਕਿ ਮ੍ਰਿਤਕ ਦੀਪਕ ਇਲੈਕਟ੍ਰੀਸ਼ੀਅਨ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ। ਨਸ਼ਾ ਕਰਨ ਲਈ ਉਹ ਅਕਸਰ ਹੀ ਰੋੜੀ ਵਿੱਚ ਆਉਂਦਾ ਜਾਂਦਾ ਸੀ। ਮ੍ਰਿਤਕ ਦੀਪਕ ਵਿਆਹਿਆ ਹੋਇਆ ਸੀ, ਉਸ ਦੀ ਇੱਕ ਧੀ ਹੈ। ਇਸ ਸਬੰਧੀ ਥਾਣਾ ਰੋੜੀ ਦੇ ਇੰਚਾਰਜ ਜਨਕ ਸਿੰਘ ਦਾ ਕਹਿਣਾ ਹੈ ਨੌਜਵਾਨ ਦੇ ਪਿਤਾ ਰਾਮਲਾਲ ਦੀ ਸ਼ਿਕਾਇਤ ’ਤੇ ਉਸ ਦੇ ਪੁੱਤਰ ਨੂੰ ਜ਼ਹਿਰੀਲਾ ਪਦਾਰਥ ਖੁਆ ਕੇ ਮਾਰਨ ਦਾ ਕੇਸ ਦਰਜ ਕੀਤਾ ਗਿਆ ਹੈ।
ਪੰਜਾਬੀ ਟ੍ਰਿਬਯੂਨ
test