15 ਅਪਰੈਲ, 2025 – ਕਾਲਾਂਵਾਲੀ : ਖੇਤਰ ਦੇ ਪਿੰਡ ਕੁਰੰਗਾਂਵਾਲੀ ਵਿੱਚ ਅਚਾਨਕ ਅੱਗ ਲੱਗਣ ਕਾਰਨ ਖੇਤਾਂ ਵਿੱਚ ਲਗਪਗ ਚਾਰ ਏਕੜ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਕੁਰੰਗਾਂਵਾਲੀ ਦੇ ਕਿਸਾਨ ਕੁਲਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਦੇ ਖੇਤਾਂ ਵਿੱਚ ਅਚਾਨਕ ਹੀ ਅੱਗ ਲੱਗ ਗਈ ਜਿਸ ਨਾਲ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਅੱਗ ਦੀ ਸੂਚਨਾ ਮਿਲਣ ’ਤੇ ਪਿੰਡ ਦੇ ਲੋਕ ਆਪਣੇ ਟਰੈਕਟਰਾਂ ਨਾਲ ਮੌਕੇ ’ਤੇ ਪਹੁੰਚੇ ਅਤੇ ਆਪਣੇ ਟਰੈਕਟਰਾਂ ਨਾਲ ਸੜ ਰਹੀ ਕਣਕ ਦੀ ਫਸਲ ਦੇ ਆਲੇ-ਦੁਆਲੇ ਦੇ ਖੇਤਰ ਨੂੰ ਵਾਹੁਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਹੋਰ ਲੋਕਾਂ ਦੁਆਰਾ ਵੀ ਆਪਣੇ ਪੱਧਰ ’ਤੇ ਪਾਣੀ ਛਿੜਕ ਕੇ ਅਤੇ ਹਰੇ ਦਰੱਖਤਾਂ ਦੀਆਂ ਟਾਹਣੀਆਂ ਆਦਿ ਦੀ ਵਰਤੋਂ ਕਰਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਬਹੁਤ ਤੇਜ਼ ਸੀ ਕਿ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਚਾਰ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਚੁੱਕੀ ਸੀ। ਸੂਚਨਾ ਮਿਲਣ ਤੋਂ ਬਾਅਦ ਰੋੜੀ ਥਾਣੇ ਦੀ ਪੁਲੀਸ ਟੀਮ, ਕਾਲ 112 ਪੁਲੀਸ ਟੀਮ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚ ਗਈ। ਪ੍ਰਭਾਵਿਤ ਕਿਸਾਨਾਂ ਨੇ ਹਰਿਆਣਾ ਸਰਕਾਰ ਤੋਂ ਕਣਕ ਦੀ ਫਸਲ ਦੇ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਦੇ ਕੇ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ।
ਅੱਗ ਲੱਗਣ ਦਾ ਕਾਰਨ ਖੇਤਾਂ ਵਿੱਚੋਂ ਲੰਘਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨੂੰ ਦੱਸਿਆ ਜਾ ਰਿਹਾ ਹੈ। ਕਿਸਾਨ ਜਿੰਦਰ ਸਿੰਘ ਪੂਹਲਾ, ਭਿੰਦਰ ਸਿੰਘ, ਨਛੱਤਰ ਸਿੰਘ, ਅਮਨਦੀਪ ਸਿੰਘ, ਮਿੱਠੂ ਸਿੰਘ, ਬਾਬੂ ਸਿੰਘ ਤੇ ਮੱਖਣ ਸਿੰਘ ਆਦਿ ਨੇ ਦੱਸਿਆ ਕਿ ਬੀਤੇ ਦਿਨੀਂ ਹਨੇਰੀ, ਮੀਂਹ ਅਤੇ ਗੜੇਮਾਰੀ ਨੇ ਇਲਾਕੇ ਵਿੱਚ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ ਅੱਜ ਫਿਰ ਅੱਗ ਲੱਗਣ ਕਾਰਨ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਤੋਂ ਪਹਿਲਾਂ ਨਰਮਾ ਕਪਾਹ ਦੀਆਂ ਫਸਲਾਂ ਦੀ ਪੈਦਾਵਾਰ ਵੀ ਬਹੁਤ ਘੱਟ ਸੀ, ਇਸ ਲਈ ਅਜਿਹੀ ਸਥਿਤੀ ਵਿੱਚ ਸਰਕਾਰ ਨੂੰ ਪੀੜਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ।
ਪੰਜਾਬੀ ਟ੍ਰਿਬਯੂਨ
test