17 ਅਪਰੈਲ, 2025 – ਜਗਰਾਉਂ : ਪੰਜਾਬ ਸਪੋਰਟਸ ਅਕੈਡਮੀ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਧੰਜਲ ਦੀ ਜੌਰਡਨ ਵਿੱਚ ਹੋ ਰਹੀ ਅੰਡਰ-17 ਏਸ਼ੀਅਨ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿੱਚ ਚੋਣ ਹੋਈ ਹੈ। ਚਕਰ ਪਿੰਡ ਦੀ ਸਿਮਰਨਜੀਤ ਕੌਰ ਇਸ ਚੈਂਪੀਅਨਸ਼ਿਪ ਲਈ ਪੰਜਾਬ ’ਚੋਂ ਚੁਣੀ ਗਈ ਇਕਲੌਤੀ ਖਿਡਾਰਨ ਹੈ। ਪੰਜਾਬ ਸਪੋਰਟਸ ਅਕੈਡਮੀ ਦੇ ਪ੍ਰਧਾਨ ਜਸਕਿਰਨਪ੍ਰੀਤ ਸਿੰਘ ਜਿਮੀ ਨੇ ਦੱਸਿਆ ਕਿ ਅਮਾਨ (ਜੌਰਡਨ) ਵਿੱਚ ਭਲਕੇ 17 ਅਪਰੈਲ ਤੋਂ ਸ਼ੁਰੂ ਹੋ ਰਹੀ ਅੰਡਰ-17 ਏਸ਼ੀਅਨ ਚੈਂਪੀਅਨਸ਼ਿਪ ਲਈ ਸਿਮਰਨਜੀਤ ਕੌਰ ਧੰਜਲ ਦੀ ਚੋਣ ਚਕਰ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਇਹ ਹੋਰ ਖਿਡਾਰੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ। ਚਕਰ ਅਕੈਡਮੀ ਦੇ ਕੋਚ ਕਰਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਿਮਰਨਜੀਤ ਪਹਿਲਾਂ ਕੌਮੀ ਪੱਧਰ ’ਤੇ ਮੈਡਲ ਜਿੱਤ ਚੁੱਕੀ ਹੈ। ਇਸ ਚੈਂਪੀਅਨਸ਼ਿਪ ਲਈ ਰੋਹਤਕ ਵਿੱਚ ਹੋਏ ਟਰਾਇਲਾਂ ਵਿੱਚ ਉਸ ਨੇ ਆਪਣੇ ਭਾਰ ਵਰਗ (57-60) ਵਿੱਚ ਸਾਰੀਆਂ ਮੁੱਕੇਬਾਜ਼ਾਂ ਨੂੰ ਇੱਕਪਾਸੜ ਹਰਾਇਆ ਸੀ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/sports/boxer-simranjit-selected-for-asian-championship/
ਨਿਸ਼ਾਨੇਬਾਜ਼ੀ: ਸੁਰੁਚੀ ਦਾ 10 ਮੀਟਰ ’ਚ ਸੋਨੇ ’ਤੇ ਨਿਸ਼ਾਨਾ
17 ਅਪਰੈਲ, 2025 – ਲੀਮਾ (ਪੇਰੂ) : ਨਿਸ਼ਾਨੇਬਾਜ਼ ਸੁਰੁਚੀ ਇੰਦਰ ਸਿੰਘ ਨੇ ਇੱਥੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਲਗਾਤਾਰ ਦੂਜਾ ਸੋਨੇ ਦਾ ਤਗ਼ਮਾ ਜਿੱਤਿਆ। ਪੈਰਿਸ ਓਲੰਪਿਕ ਤਗ਼ਮਾ ਜੇਤੂ ਮਨੂ ਭਾਕਰ ਨੇ ਵੀ ਇਸੇ ਵਰਗ ਵਿੱਚ ਚਾਂਦੀ ਦਾ ਤਗ਼ਮਾ, ਜਦਕਿ ਸੌਰਭ ਚੌਧਰੀ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ 18 ਸਾਲਾ ਸੁਰੁਚੀ ਨੇ ਹਾਲ ਹੀ ਵਿੱਚ ਬਿਊਨਸ ਆਇਰਸ ’ਚ ਸਾਲ ਦੇ ਪਹਿਲੇ ਵਿਸ਼ਵ ਕੱਪ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਸ ਨੇ 24 ਸ਼ਾਟ ਦੇ ਫਾਈਨਲ ਵਿੱਚ 243.6 ਦਾ ਸਕੋਰ ਕਰਕੇ ਮਨੂ ਨੂੰ 1.3 ਅੰਕਾਂ ਨਾਲ ਪਿੱਛੇ ਛੱਡਿਆ। ਚੀਨ ਦੀ ਯਾਓ ਕਿਆਨਸ਼ਨ ਨੇ ਕਾਂਸੀ ਦਾ ਤਗਮਾ ਜਿੱਤਿਆ।
ਪੇਰੂ ਦੀ ਰਾਜਧਾਨੀ ਵਿੱਚ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ’ਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਤਿੰਨ ਤਗ਼ਮੇ ਜਿੱਤ ਕੇ ਅੰਕ ਸੂਚੀ ਵਿੱਚ ਸਿਖ਼ਰ ’ਤੇ ਰਿਹਾ। ਇਸ ਤੋਂ ਬਾਅਦ ਚੀਨ ਦਾ ਨੰਬਰ ਆਉਂਦਾ ਹੈ, ਜਿਸ ਨੇ ਪੁਰਸ਼ਾਂ ਦੇ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ।
ਮਹਿਲਾ 10 ਮੀਟਰ ਏਅਰ ਪਿਸਟਲ ਦੇ 60 ਸ਼ਾਟ ਕੁਆਲੀਫਿਕੇਸ਼ਨ ਗੇੜ ਵਿੱਚ ਸੁਰੁਚੀ ਨੇ 582 ਦੇ ਸਕੋਰ ਨਾਲ ਦੂਜਾ ਸਥਾਨ ਹਾਸਲ ਕੀਤਾ ਸੀ, ਜਦਕਿ ਮਨੂ 578 ਦੇ ਸਕੋਰ ਨਾਲ ਚੌਥੇ ਸਥਾਨ ’ਤੇ ਰਹੀ ਸੀ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/sports/shooting-suruchi-aims-for-gold-in-10m/
test