18 ਅਪਰੈਲ, 2025 – ਮਾਨਸਾ : ਅੰਨਦਾਤਾ ਅਨਾਜ ਮੰਡੀਆਂ ਵਿਚਲੇ ਖਰੀਦ ਪ੍ਰਬੰਧਾਂ ਲਈ ਵਿਲਕਣ ਲੱਗਿਆ ਹੈ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਪੁਖ਼ਤਾ ਪ੍ਰਬੰਧਾਂ ਦਾ ਵਾਰ-ਵਾਰ ਵਾਅਦਾ ਕੀਤਾ ਜਾ ਰਿਹਾ ਹੈ, ਪਰ ਖੇਤਾਂ ਵਿੱਚ ਹਾੜ੍ਹੀ ਦੀ ਮੁੱਖ ਫ਼ਸਲ ਨੂੰ ਕੱਢਣ ਲਈ ਜੂਝ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਸਿਵਾਏ ਲਿੱਪਾ-ਪੋਚੀ ਤੋਂ ਕੁਝ ਨਹੀਂ ਕੀਤਾ ਜਾ ਰਿਹਾ ਹੈ। ਬਹੁਤੇ ਖਰੀਦ ਕੇਂਦਰ ਵਿੱਚ ਅਜੇ ਤੱਕ ਪੂਰੇ ਆੜ੍ਹਤੀਏ ਨਹੀਂ ਪੁੱਜੇ ਹਨ ਅਤੇ ਨਾ ਹੀ ਬਾਰਦਾਨੇ ਦੀ ਪਹੁੰਚ ਦਾ ਕੋਈ ਬੰਦੋਬਸਤ ਕੀਤਾ ਗਿਆ ਹੈ, ਜਦੋਂ ਕਿ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਆਪਣੀ ਜਿਣਸ ਨੂੰ ਸੁੱਟਿਆ ਜਾ ਰਿਹਾ ਹੈ।
ਮਾਨਸਾ ਜ਼ਿਲ੍ਹੇ ਦੇ ਦੋ ਦਰਜਨਾਂ ਤੋਂ ਵੱਧ ਖਰੀਦ ਕੇਂਦਰਾਂ ਵਿੱਚੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਉਥੇ ਇੱਕ ਵੀ ਢੇਰੀ ਦੀ ਬੋਲੀ ਨਹੀਂ ਲੱਗੀ ਹੈ ਅਤੇ ਨਾ ਹੀ ਸਰਕਾਰੀ ਤੌਰ ’ਤੇ ਕੋਈ ਬੰਦੋਬਸਤ ਉਥੇ ਕੀਤੇ ਗਏ ਹਨ। ਭਾਵੇਂ ਕੇਂਦਰ ਸਰਕਾਰ ਨੇ ਕਣਕ ਦੇ ਭਾਅ ’ਚ ਕਟੌਤੀ ਕਰ ਦਿੱਤੀ ਹੈ, ਪਰ ਅਜੇ ਤੱਕ ਕਿਧਰੇ ਵੀ ਕਟੌਤੀ ਵਾਲੀ ਕਣਕ ਦੀ ਖਰੀਦ ਨਹੀਂ ਹੋਈ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਭੈਣੀਬਾਘਾ, ਠੂਠਿਆਂਵਾਲੀ, ਰੱਲਾ, ਭਾਈਦੇਸਾ, ਬੁਰਜ ਢਿੱਲਵਾਂ, ਉੱਭਾ, ਤਾਮਕੋਟ, ਖਿਆਲਾ ਵਿਖੇ ਮੰਡੀਆਂ ਦੌਰਾ ਕੀਤਾ ਗਿਆ, ਜਿਸ ਦੌਰਾਨ ਕਿਸਾਨਾਂ ਨੂੰ ਕਣਕ ਦੀ ਫ਼ਸਲ ਮੰਡੀ ਵਿੱਚ ਲਿਆ ਰਹੇ ਹਨ ਅਤੇ ਉਥੇ ਖਰੀਦ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਈ-ਕਈ ਦਿਨ ਮੰਡੀਆਂ ਵਿੱਚ ਰੁਲਣ ਲਈ ਮਜ਼ਬੂਰ ਹਨ। ਜਥੇਬੰਦੀ ਵੱਲੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਦੀ ਫ਼ਸਲ ਦੀ ਖਰੀਦ ਆਰੰਭ ਕਰਵਾਈ ਜਾਵੇ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਥੇਬੰਦੀ ਦੇ ਆਗੂ ਲਗਾਤਾਰ ਮੰਡੀਆਂ ਵਿੱਚ ਨਜ਼ਰ ਰੱਖੇਗੀ, ਜਿਥੇ ਕਿਤੇ ਵੀ ਕੋਈ ਸਮੱਸਿਆ ਆਈ ਤਾਂ ਸੰਘਰਸ਼ ਕਰੇਗੀ। ਉਨ੍ਹਾਂ ਸਾਫ਼ ਕਿਹਾ ਕਿ ਜਥੇਬੰਦੀ ਕਟੌਤੀ ਵਾਲੇ ਭਾਅ ’ਤੇ ਕਣਕ ਦੀ ਬੋਲੀ ਨਹੀਂ ਲੱਗਣ ਦੇਵੇਗੀ।
ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ: ਡੀਸੀ
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਖਰੀਦ ਕੇਂਦਰਾਂ ਦੇ ਸੁਚੱਜੇ ਪ੍ਰਬੰਧਾਂ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਹੈ ਅਤੇ ਜਿੱਥੇ ਕਿਤੇ ਵੀ ਕਿਸਾਨਾਂ ਨੂੰ ਤਕਲੀਫ਼ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਪੜਤਾਲ ਤੋਂ ਬਾਅਦ ਅਧਿਕਾਰੀਆਂ ਖਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ ਟ੍ਰਿਬਯੂਨ
test