ਦਵਿੰਦਰ ਕੌਰ ਖੁਸ਼ ਧਾਲੀਵਾਲ
ਫੁਲਕਾਰੀ ਅਤੇ ਘੱਗਰੇ ਦਾ ਜ਼ਿਕਰ ਹਰ ਗੀਤ, ਕਾਵਿ ਵਿੱਚ ਸਾਨੂੰ ਆਸਾਨੀ ਨਾਲ ਮਿਲ ਜਾਂਦਾ ਹੈ। ਜਿਵੇਂ ਗਿੱਧਾ ਅਤੇ ਭੰਗੜਾ ਪੰਜਾਬੀ ਸੱਭਿਆਚਾਰ ਦੀ ਪਛਾਣ ਹਨ, ਉਵੇਂ ਹੀ ਫੁਲਕਾਰੀ ਅਤੇ ਘੱਗਰਾ ਪੰਜਾਬੀ ਪਹਿਰਾਵੇ ਦੀ ਪਛਾਣ ਹੈ। ਫੁਲਕਾਰੀ ਦੀ ਕਢਾਈ ਲਈ ਲਾਲ, ਸੰਤਰੀ, ਖੱਦਰ ਦੇ ਕੱਪੜੇ ਉੱਪਰ ‘ਪਟ’ ਦੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ। ਫੁੱਲਾਂ ਦੀ ਕਢਾਈ ਕਰਨ ਲਈ ਹਮੇਸ਼ਾਂ ‘ਜਿਓਮੈਟਰੀਕਲ’ ਡਿਜ਼ਾਈਨਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਉਸੇ ਤਰ੍ਹਾਂ ਘੱਗਰੇ ਦੇ ਵੀ ਡਿਜ਼ਾਇਨ ਦੇ ਨਾਮ ਵੱਖਰੇ ਵੱਖਰੇ ਹਨ। ਘੱਗਰਾ ਪੰਜਾਬੀ ਔਰਤਾਂ ਦੀ ਪੁਸ਼ਾਕ ਦਾ ਇੱਕ ਹਿੱਸਾ ਹੈ ਜਿਸ ਨੂੰ ਟਿਓਰ ਵੀ ਕਹਿੰਦੇ ਹਨ।
ਪਹਿਲੇ ਜ਼ਮਾਨੇ ਵਿੱਚ ਇਹ ਔਰਤਾਂ ਦੁਆਰਾ ਆਮ ਤੌਰ ’ਤੇ ਪਾਈ ਜਾਣ ਵਾਲੀ ਪੁਸ਼ਾਕ ਸੀ, ਪਰ ਹੁਣ ਇਹ ਪੰਜਾਬੀ ਔਰਤਾਂ ਦੁਆਰਾ ਖ਼ਾਸ ਮੌਕਿਆਂ ’ਤੇ ਹੀ ਪਾਇਆ ਜਾਂਦਾ ਹੈ। ਇਸ ਦੇ ਨਾਲ ਕੁੜਤਾ ਅਤੇ ਚੁੰਨੀ ਪਹਿਨੀ ਜਾਂਦੀ ਹੈ। ਫੁਲਕਾਰੀ ਅਤੇ ਘੱਗਰੇ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ, ਪਹਿਲੇ ਜ਼ਮਾਨੇ ਵਿੱਚ ਫੁਲਕਾਰੀ ਅਤੇ ਘੱਗਰੇ ਤੋਂ ਬਿਨਾਂ ਕੋਈ ਵੀ ਰਿਵਾਜ ਅਧੂਰਾ ਹੁੰਦਾ ਸੀ।
ਘੇਰਦਾਰ ਵਸਤਰ ਜੋ ਵਿਆਹੀਆਂ ਇਸਤਰੀਆਂ ਲੱਕ ਦੁਆਲੇ ਪਹਿਨਦੀਆਂ ਸਨ, ਉਸ ਨੂੰ ਘੱਗਰਾ ਕਹਿੰਦੇ ਹਨ। ਕਈ ਇਲਾਕਿਆਂ ਵਿੱਚ ਘੱਗਰੇ ਨੂੰ ਲਹਿੰਗਾ ਵੀ ਕਹਿੰਦੇ ਹਨ। ਪਹਿਲੇ ਸਮਿਆਂ ਵਿੱਚ ਪਿੰਡ ਦੀਆਂ ਬਹੂਆਂ ਦੀ ਪਛਾਣ ਘੱਗਰੇ ਤੋਂ ਹੁੰਦੀ ਸੀ। ਬਹੂਆਂ ਚਾਹੇ ਬੁੱਢੀਆਂ ਹੋ ਜਾਂਦੀਆਂ ਸਨ, ਪਰ ਉਹ ਘੱਗਰਾ ਪਾਉਂਦੀਆਂ ਸਨ। ਘੱਗਰੇ ਦਾਜ ਵਿੱਚ ਦਿੱਤੇ ਜਾਂਦੇ ਸਨ। ਸਾਟਨ, ਰੇਸ਼ਮੀ, ਸੰਘਈ, ਸੂਫ, ਟੂਲ ਆਦਿ ਦੇ ਗੋਟੇ ਕਿਨਾਰੀਆਂ ਵਾਲੇ, ਲੌਣ ਵਾਲੇ ਘੱਗਰੇ ਦਾਜ ਦਾ ਜ਼ਰੂਰੀ ਹਿੱਸਾ ਹੁੰਦੇ ਸਨ। ਕਾਲੀ ਸੂਫ ਦੇ ਘੱਗਰੇ ਜ਼ਿਆਦਾ ਵਰਤੇ ਜਾਂਦੇ ਸਨ। ਬੜੀ ਉਮਰ ਵਾਲੀਆਂ ਔਰਤਾਂ ਚਿੱਟੇ ਘੱਗਰੇ ਪਹਿਨਦੀਆਂ ਸਨ। ਇਸਤਰੀਆਂ ਦੇ ਪਹਿਨਣ ਵਾਲੇ ਕੱਪੜਿਆਂ ਵਿੱਚੋਂ ਸਭ ਤੋਂ ਜ਼ਿਆਦਾ ਕੱਪੜਾ ਘੱਗਰੇ ਉੱਪਰ ਲੱਗਦਾ ਸੀ। ਇਹ ਦਸ ਗਜ਼ ਤੋਂ ਲੈ ਕੇ ਵੀਹ ਗਜ਼ ਤੱਕ ਹੁੰਦਾ ਸੀ। ਨਵੀਆਂ ਬਹੂਆਂ ਦੇ ਘੱਗਰਿਆਂ ਵਿੱਚ ਸਿਲਮੇ ਸਿਤਾਰਿਆਂ ਵਾਲੇ ਰੇਸ਼ਮੀ ਨਾਲੇ ਪਾਏ ਹੁੰਦੇ ਸਨ। ਘੱਗਰੇ ਦਾ ਨਾਲਾ ਵੱਖੀ ਪਾਸੇ ਬੰਨ੍ਹਿਆਂ ਜਾਣ ਕਰ ਕੇ ਨਾਲਿਆਂ ਦਾ ਵਿਖਾਵਾ ਵੀ ਕੀਤਾ ਜਾਂਦਾ ਸੀ। ਹੁਣ ਨਾ ਕੋਈ ਨਵੀਂ ਵਿਆਹੀ ਵਹੁਟੀ ਅਤੇ ਨਾ ਹੀ ਬੁੱਢੀ ਘੱਗਰਾ ਪਾਉਂਦੀ ਹੈ। ਹਾਂ! ਸਟੇਜ ਉੱਪਰ ਗਿੱਧਾ ਪਾਉਂਦੀਆਂ ਕੁੜੀਆਂ ਦੇ ਪਾਏ ਘੱਗਰੇ ਕਦੇ-ਕਦੇ ਜ਼ਰੂਰ ਵੇਖੇ ਜਾਂਦੇ ਹਨ। ਘੱਗਰੇ ਹੁਣ ਅਜਾਇਬ ਘਰ ਦਾ ਸਿੰਗਾਰ ਬਣ ਗਏ ਹਨ।
ਘੱਗਰੇ ਦੀ ਸ਼ੁਰੂਆਤ ਗੁਪਤ ਕਾਲ ਤੋਂ ਹੋਈ ਅਤੇ ਇਸ ਨੂੰ ਕੰਡਾਟਕਾ ਕਿਹਾ ਜਾਂਦਾ ਸੀ ਜੋ ਕਿ ਮਰਦਾਨਾ ਅੱਧੀ ਪਤਲੂਨ ਹੁੰਦੀ ਸੀ, ਪਰ ਬਾਅਦ ਵਿੱਚ ਇਸ ਤੋਂ ਘੱਗਰੇ ਦੀ ਸ਼ੁਰੂਆਤ ਹੋਈ। ਕੰਡਾਟਕਾ ਸੱਤਵੀਂ ਸ਼ਤਾਬਦੀ ਵਿੱਚ ਔਰਤਾਂ ਦੀ ਇੱਕ ਮਸ਼ਹੂਰ ਪੁਸ਼ਾਕ ਮੰਨੀ ਜਾਂਦੀ ਸੀ। ਪਹਿਲੇ ਜ਼ਮਾਨੇ ਵਿੱਚ ਪੰਜਾਬੀ ਔਰਤਾਂ ਆਮ ਹੀ ਇਸ ਨੂੰ ਪਹਿਨਦੀਆਂ ਸਨ, ਪਰ ਹੁਣ ਇਹ ਖ਼ਾਸ ਮੌਕਿਆਂ ’ਤੇ ਹੀ ਪਾਇਆ ਜਾਂਦਾ ਹੈ। ਪੰਜਾਬ ਦੀਆਂ ਔਰਤਾਂ ਕੁੜਤੀ ਦੇ ਨਾਲ ਘੱਗਰੇ ਦੀ ਵਰਤੋਂ ਕਰਦੀਆਂ ਸਨ। ਘੱਗਰਾ ਵਿਆਹੀਆਂ ਹੋਈਆਂ ਸੁਆਣੀਆਂ ਦੀ ਇੱਜ਼ਤ ਦਾ ਪ੍ਰਤੀਕ ਸੀ। ਹਰ ਵਿਆਂਦੜ ਨੂੰ ਸਹੁਰੇ ਘਰ ਤੋਂ ਬਾਹਰ ਜਾਣ ਸਮੇਂ ਘੱਗਰਾ ਪਾਉਣਾ ਜ਼ਰੂਰੀ ਸੀ।
ਜਦੋਂ ਕੋਈ ਸੱਜ-ਵਿਆਹੀ ਮੁਟਿਆਰ ਸਹੁਰੇ ਪਿੰਡ ਦੀ ਜੂਹ ਵਿੱਚ ਪੁੱਜਦੀ ਤਾਂ ਘਰ ਜਾਂ ਸ਼ਰੀਕੇ ਦੀਆਂ ਦੋ-ਤਿੰਨ ਔਰਤਾਂ ਘੱਗਰਾ ਲੈ ਕੇ ਉਸ ਨੂੰ ਲੈਣ ਜਾਂਦੀਆਂ ਤੇ ਸਹੁਰਿਆਂ ਵੱਲੋਂ ਤਿਆਰ ਕਰਾਇਆ ਗੂੜ੍ਹਾ ਚਮਕਦਾਰ ਘੱਗਰਾ ਪਹਿਨਾਇਆ ਜਾਂਦਾ। ਫਿਰ ਉਹ ਮੁਟਿਆਰ ਘੱਗਰਾ ਪਾ ਕੇ ਘਰ ਆਉਂਦੀ ਕਿਉਂਕਿ ਨੂੰਹਾਂ ਲਈ ਘੱਗਰਾ ਪਹਿਨਣਾ ਜ਼ਰੂਰੀ ਸੀ। ਘੱਗਰੇ ਤੋਂ ਹੀ ਪਤਾ ਲੱਗਦਾ ਸੀ ਕਿ ਇਹ ਪਿੰਡ ਦੀ ਨੂੰਹ ਹੈ। ਉਦੋਂ ਕੁਆਰੀ ਕੁੜੀ ਨੂੰ ਘੱਗਰਾ ਪਾਉਣਾ ਵਰਜਿਤ ਸੀ। ਘੱਗਰੇ ਤੋਂ ਬਿਨਾਂ ਖੇਤ ਭੱਤਾ ਲੈ ਕੇ ਜਾਂਦੀ, ਖੂਹ ਤੋਂ ਪਾਣੀ ਭਰਦੀ, ਸੱਥ ਵਿੱਚੋਂ ਲੰਘਦੀ ਜਾਂ ਭਾਈਚਾਰਕ ਇਕੱਠ ਵਿੱਚ ਸ਼ਰੀਕ ਹੁੰਦੀ ਨੂੰਹ ਨੂੰ ਸਲੀਕੇਦਾਰ ਜਾਂ ਇੱਜ਼ਤਦਾਰ ਔਰਤ ਨਹੀਂ ਮੰਨਿਆ ਜਾਂਦਾ ਸੀ। ਘੱਗਰੇ ਆਮ ਤੌਰ ’ਤੇ ਕਾਲੀ ਸੂਫ, ਹਰੀ ਛੈਲ ਜਾਂ ਸਾਟਨ ਦੇ ਹੁੰਦੇ ਸਨ। ਖ਼ਾਸ ਕਰ ਜਾਗੋ ਵੇਲੇ ਨਾਨਕੀਆਂ ਵੱਲੋਂ ਕਾਲੇ ਸੂਫ ਦੇ ਘੱਗਰੇ ਪਾਏ ਜਾਂਦੇ ਸਨ ਤੇ ਸਿਰ ’ਤੇ ਖੱਦਰ ਤੇ ਹੱਥ ਨਾਲ ਕਢਾਈ ਕੀਤੇ ਹੋਏ ਬਾਗ ਲਏ ਜਾਂਦੇ ਸਨ।
ਫੁਲਕਾਰੀ ਇੱਕ ਤਰ੍ਹਾਂ ਦੀ ਕਢਾਈ ਹੁੰਦੀ ਹੈ ਜੋ ਚੁੰਨੀਆਂ/ਦੁਪੱਟਿਆਂ ਉੱਤੇ ਹੱਥਾਂ ਰਾਹੀਂ ਕੀਤੀ ਜਾਂਦੀ ਹੈ। ਫੁਲਕਾਰੀ ਸ਼ਬਦ ‘ਫੁੱਲ’ ਅਤੇ ‘ਕਾਰੀ’ ਤੋਂ ਬਣਿਆ ਹੈ ਜਿਸ ਦਾ ਮਤਲਬ ਫੁੱਲਾਂ ਦੀ ਕਾਰੀਗਰੀ ਹੈ। ਪਹਿਲੋਂ ਪਹਿਲ ਇਹ ਸ਼ਬਦ ਹਰ ਤਰ੍ਹਾਂ ਦੀ ਬੁਣਾਈ, ਕਢਾਈ ਲਈ ਵਰਤਿਆ ਜਾਂਦਾ ਸੀ, ਪਰ ਬਾਅਦ ਵਿੱਚ ਇਹ ਸ਼ਾਲਾਂ ਅਤੇ ਸਿਰ ’ਤੇ ਲੈਣ ਵਾਲੀਆਂ ਚਾਦਰਾਂ ਲਈ ਰਾਖਵਾਂ ਹੋ ਗਿਆ। ਪੰਜਾਬੀ ਲੋਕ ਸ਼ਿਲਪ ਕਲਾ ਦੀਆਂ ਵਿਭਿੰਨ ਵੰਨਗੀਆਂ ਵਿੱਚ ਫੁਲਕਾਰੀ ਕਲਾ ਦਾ ਅਹਿਮ ਸਥਾਨ ਹੈ। ਫੁਲਕਾਰੀ ਪੰਜਾਬਣ ਦਾ ਕੱਜਣ ਹੈ ਜੋ ਉਸ ਦੇ ਮਨ ਦੇ ਵਲਵਲਿਆਂ, ਰੀਝਾਂ ਅਤੇ ਸਿਰਜਣਸ਼ਕਤੀ ਦਾ ਪ੍ਰਤੀਕ ਰਹੀ ਹੈ।
ਪੁਰਾਣੇ ਸਮਿਆਂ ਵਿੱਚ ਬਚਪਨ ਵਿੱਚ ਹੀ ਧੀਆਂ ਧਿਆਣੀਆਂ ਨੂੰ ਚੱਜ ਸਲੀਕੇ ਦੀ ਸਿੱਖਿਆ ਦਿੱਤੀ ਜਾਣ ਲੱਗਦੀ ਤੇ ਸੁਰਤ ਸੰਭਾਲਦਿਆਂ ਹੀ ਉਨ੍ਹਾਂ ਨੂੰ ਚੁੱਲ੍ਹੇ ਚੌਂਕੇ ਦੇ ਕੰਮਾਂ ਤੋਂ ਇਲਾਵਾ ਕੱਢਣ, ਬੁਣਨ ਅਤੇ ਕੱਤਣ ਦਾ ਕੰਮ ਵੀ ਸਿਖਾਇਆ ਜਾਂਦਾ ਸੀ। ਕੁੜੀਆਂ ਸਹਿਜ-ਸਹਿਜ ਇਸ ਕਲਾ ਵਿੱਚ ਮਾਹਰ ਹੁੰਦੀਆਂ। ਪੰਜਾਬੀ ਸਮਾਜ ਵਿੱਚ ਲੜਕੀ ਨੂੰ ਵਿਆਹ ਸਮੇਂ ਦਿੱਤੇ ਜਾਣ ਵਾਲੇ ਦਾਜ ਵਿੱਚ ਕੁਝ ਵਸਤਾਂ ਲੜਕੀ ਆਪ ਤਿਆਰ ਕਰਦੀ। ਇਹ ਉਸ ਦੀ ਕਲਾ-ਕੁਸ਼ਲਤਾ ਦਾ ਪ੍ਰਮਾਣ ਹੁੰਦੀਆਂ ਸਨ। ਆਪਣੇ ਮਨ ਦੀਆਂ ਭਾਵਨਾਵਾਂ, ਮਨਇੱਛਤ ਹਮਸਫਰ ਦੀ ਤਾਂਘ, ਸੁਖਮਈ ਭਵਿੱਖ ਦੇ ਸੁਪਨੇ ਇਨ੍ਹਾਂ ਸਭ ਦਾ ਪ੍ਰਗਟਾਵਾ ਉਹ ਖੁੱਲ੍ਹ ਕੇ ਨਹੀਂ ਕਰ ਸਕਦੀ ਸੀ। ਆਪਣੀਆਂ ਇਨ੍ਹਾਂ ਭਾਵਨਾਵਾਂ ਦੇ ਪ੍ਰਗਟਾਵੇ ਲਈ ਉਸ ਨੇ ਕਲਾਕ੍ਰਿਤਾਂ ਵੀ ਇੱਕ ਪ੍ਰਮੁੱਖ ਮਾਧਿਅਮ ਬਣਾਈਆਂ। ਕਿਸੇ ਰੁਮਾਲ, ਚਾਦਰ, ਫੁਲਕਾਰੀ ’ਤੇ ਰੰਗ ਬਿਰੰਗੇ ਧਾਗਿਆਂ ਨਾਲ ਬਣਾਏ ਫੁੱਲ, ਕਲੋਲਾਂ ਕਰਦੇ ਪੰਛੀ, ਹਿਰਨ ਜਿੱਥੇ ਪਿਆਰ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ, ਉੱਥੇ ਡਾਰੋਂ ਵਿੱਛੜੀ ਕੂੰਜ ਦੇ ਵਿਛੋੜੇ ਅਤੇ ਮਨ ਦੀ ਉਦਾਸੀਨਤਾ ਨੂੰ ਇੱਕ ਇਕੱਲਾ ਦਰੱਖਤ ਪ੍ਰਗਟ ਕਰਦਾ। ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਦੀਆਂ ਮੁਟਿਆਰਾਂ। ਕਿਰਤੀ ਵਰਗ ਦੀਆਂ ਮੁਟਿਆਰਾਂ ਵੱਲੋਂ ਚਿੱਤਰੇ ਆਕਾਰ ਰੰਗ ਰੂਪ ਵਧੇਰੇ ਜੀਵਤ ਸਨ ਕਿਉਂਕਿ ਘਰੋਗੀ ਥੁੜ੍ਹਾਂ ਦੀ ਸੁਪਨਸਾਜ਼ੀ ਕਰਨ ਲਈ ਉਨ੍ਹਾਂ ਕੋਲ ਇੱਕੋ-ਇੱਕ ਵਸੀਲਾ ਸੀ ਫੁਲਕਾਰੀ। ਆਪਣੇ ਮਨ ਦੀਆਂ ਭਾਵਨਾਵਾਂ ਅਤੇ ਰੀਝਾਂ ਦੇ ਪ੍ਰਗਟਾਵੇ ਲਈ ਸਿਰਫ਼ ਇੱਕ ਮੋਟੀ ਸੂਈ ਸੀ ਜਾਂ ਖੱਦਰ ਦਾ ਕੱਪੜਾ ਜਾਂ ਰੰਗ-ਬਿਰੰਗੇ ਧਾਗੇ|
ਫੁਲਕਾਰੀ ਦਾ ਉਪਯੋਗ ਪੰਜਾਬੀ ਕੁੜੀਆਂ ਦੁਆਰਾ ਵਿਆਹ ਅਤੇ ਤਿਉਹਾਰਾਂ ਦੇ ਮੌਕੇ ਉੱਤੇ ਕੀਤਾ ਜਾਂਦਾ ਹੈ। ਸ਼ਗਨਾਂ ਦੇ ਮੌਕਿਆਂ ’ਤੇ ਲੋਕ ਫੁਲਕਾਰੀਆਂ ਤੇ ਘੱਗਰੇ ਦੀ ਹੀ ਵਰਤੋਂ ਕਰਦੇ ਸਨ। ਲੋਕ ਦਾਜ ਵਿੱਚ ਧੀਆਂ ਨੂੰ ਵੀ ਫੁਲਕਾਰੀਆਂ ਅਤੇ ਬਾਗ ਦਿੰਦੇ। ਇਹ ਫੁਲਕਾਰੀਆਂ ਨਾਨੀਆਂ, ਦਾਦੀਆਂ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਰਹਿੰਦੀਆਂ। ਵਿਆਹ ਦੇ ਰਸਮੋ ਰਿਵਾਜਾਂ ਵਿੱਚ ਜਿਵੇਂ ਚੂੜਾ ਚੜ੍ਹਾਉਣ ਵੇਲੇ ਨਾਨੀ ਆਪਣੀ ਦੋਹਤੀ ਨੂੰ ਚੋਪ ਪਹਿਨਾਉਂਦੀ। ਚੋਪ ਫੁਲਕਾਰੀ ਤੋਂ ਥੋੜ੍ਹਾ ਵੱਡਾ ਹੁੰਦਾ ਸੀ। ਲਾਵਾਂ ਫੇਰਿਆਂ ਦੇ ਮੌਕਿਆਂ ’ਤੇ ਕੁੜੀ ਸਿਰ ’ਤੇ ਫੁਲਕਾਰੀ ਲੈਂਦੀ ਜੋ ਉਸ ਲਾੜੀ ਦੇ ਰੂਪ ਨੂੰ ਚਾਰ ਚੰਨ ਲਾ ਦਿੰਦੀ। ਫੁਲਕਾਰੀ ਨਾਲ ਪੰਜਾਬਣਾਂ ਦੀਆਂ ਅਨੇਕਾਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਜੋ ਲੋਕ ਗੀਤਾਂ ਵਿੱਚ ਪ੍ਰਗਟ ਹੁੰਦੀਆਂ ਹਨ;
ਫੁਲਕਾਰੀ ਮੇਰੀ ਰੇਸ਼ਮੀ ਰੰਗ ਢੁਕਾਏ ਠੀਕ
ਛੇਤੀ ਦਰਸ਼ਨ ਦੇਵਣੇ, ਮੈਂ ਰਸਤੇ ਰਹੀ ਉਡੀਕ
ਵੀਰ ਮੇਰੇ ਨੇ ਕੁੜਤੀ ਭੇਜੀ, ਭਾਬੋ ਨੇ ਫੁਲਕਾਰੀ
ਨੀਂ ਜੁੱਗ-ਜੁੱਗ ਜੀ ਭਾਬੋ, ਲੱਗੇ ਵੀਰ ਤੋਂ ਪਿਆਰੀ।
ਉਨ੍ਹਾਂ ਸਮਿਆਂ ਵਿੱਚ ਕਿਤੇ ਬੁੱਢੀ ਦਾਦੀ ਸਿਰ ’ਤੇ ਫੁਲਕਾਰੀ ਲਈ ਨਜ਼ਰ ਆਉਂਦੀ, ਕਿਤੇ ਆਪਣੇ ਸਿਰ ’ਤੇ ਆਪਣੇ ਸਾਈਂ ਦਾ ਭੱਤਾ ਚੁੱਕੀ ਜਾਂਦੀ ਮੁਟਿਆਰ ਦੀ ਫੁਲਕਾਰੀ ’ਵਾਜ਼ਾਂ ਮਾਰਦੀ;
ਅੱਗੇ-ਅੱਗੇ ਮੈਂ ਤੁਰਦੀ, ਮੇਰੇ ਤੁਰਦੇ ਨੇ ਮਗਰ ਸ਼ਿਕਾਰੀ
ਹਵਾ ਵਿੱਚ ਉੱਡਦੀ ਫਿਰੇ, ਮੇਰੀ ਤਿੱਤਰਾਂ ਵਾਲੀ ਫੁਲਕਾਰੀ
ਬਾਗ ਬਹੁਤ ਮਿਹਨਤ ਨਾਲ ਤਿਆਰ ਕੀਤੀ ਜਾਣ ਵਾਲੀ ਫੁਲਕਾਰੀ ਹੈ। ਸੱਚਮੁਚ ਹੀ ਇਹ ਇੱਕ ਮੁਟਿਆਰ ਦੀਆਂ ਆਸਾਂ ਤੇ ਉਮੰਗਾਂ ਦੇ ਬਾਗ ਦਾ ਪ੍ਰਗਟਾਵਾ ਹੈ। ਇਸ ਵਿੱਚ ਸਾਰੇ ਕੱਪੜੇ ਉੱਤੇ ਤਿਕੋਣੇ ਪੈਟਰਨ ਚਿੱਤਰੇ ਜਾਂਦੇ ਹਨ। ਇਸ ਦੀ ਕਢਾਈ ਬਹੁਤ ਸੰਘਣੀ ਹੁੰਦੀ ਹੈ। ਇਹ ਕਢਾਈ ਪੱਟ ਦੇ ਧਾਗੇ ਨਾਲ ਕੀਤੀ ਜਾਂਦੀ ਹੈ। ਲਾਲ ਜਾਂ ਗੂੜ੍ਹੇ ਲਾਲ ਖੱਦਰ ਦੀ ਫੁਲਕਾਰੀ ਨੂੰ ਚੋਪ ਕਹਿੰਦੇ ਹਨ। ਇਹ ਬਹੁਤ ਸੋਹਣੀ ਲਾਲ ਰੰਗ ਦੀ ਫੁਲਕਾਰੀ ਜਿਹੜੀ ਨਵ-ਵਿਆਹੁਤਾ ਨੂੰ ਉਸ ਦੀ ਮਾਂ ਵੱਲੋਂ ਦਿੱਤੀ ਜਾਂਦੀ ਹੈ। ਇਸ ਫੁਲਕਾਰੀ ਵਿੱਚ ਕੰਨੀਆਂ ਉੱਤੇ ਕਢਾਈ ਕੀਤੀ ਜਾਂਦੀ ਹੈ ਜੋ ਲਾੜੀ ਨੂੰ ਬੁਰੀ ਨਜ਼ਰ ਤੋਂ ਬਚਾਉਂਦੀ ਹੈ। ਸੁੱਭਰ ਵੀ ਲਾਲ ਸ਼ਗਨਾਂ ਦਾ ਕੱਪੜਾ ਹੁੰਦਾ ਹੈ ਜਿਸ ਦੇ ਚਾਰੇ ਕੋਨੇ ਕੱਢੇ ਜਾਂਦੇ ਹਨ। ਲਾਲ ਜਾਂ ਗੂੜ੍ਹੇ ਲਾਲ ਖੱਦਰ ਦੀ ਫੁਲਕਾਰੀ ਨੂੰ ਸਾਲੂ ਵੀ ਕਹਿੰਦੇ ਹਨ।
ਨੀਲਕ, ਨੀਲੇ ਰੰਗ ਦੀ ਫੁਲਕਾਰੀ ਹੈ ਜਿਸ ਉੱਪਰ ਪੀਲੇ ਅਤੇ ਗੂੜ੍ਹੇ ਲਾਲ ਰੰਗ ਦੀ ਕਢਾਈ ਕੀਤੀ ਜਾਂਦੀ ਸੀ। ਕਈ ਵਾਰ ਨੀਲਕ ਨੂੰ ਕਾਲੇ ਕੱਪੜੇ ਉੱਪਰ ਵੀ ਕੱਢਿਆ ਜਾਂਦਾ ਸੀ। ਇਸ ਉੱਪਰ ਘਰ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਜਿਵੇਂ ਕੰਘਾ, ਪੱਖਾ, ਛੱਤਰੀ, ਫੁੱਲ ਆਦਿ ਦੀ ਸ਼ਕਲ ਬਣਾਈ ਜਾਂਦੀ ਸੀ। ਸਭ ਤੋਂ ਸਸਤੀ ਕਢਾਈ ਵਾਲੀ ਫੁਲਕਾਰੀ ਨੂੰ ਤਿਲ ਪੱਤਰਾ ਕਹਿੰਦੇ ਹਨ। ਇਸ ਵਿੱਚ ਖੱਦਰ ਉੱਪਰ ਨਿੱਕੇ ਫੁੱਲਾਂ ਦੀ ਕਢਾਈ ਕੀਤੀ ਹੁੰਦੀ ਸੀ। ਇਹ ਫੁਲਕਾਰੀ ਘਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਜਾਂ ਦੂਰ ਦੇ ਰਿਸ਼ਤੇਦਾਰਾਂ ਨੂੰ ਭੇਟ ਵਜੋਂ ਦਿੱਤੀ ਜਾਂਦੀ ਸੀ। ਬਹੁਤੇ ਲੋਕ ਇਸ ਨੂੰ ਆਪ ਰੀਝ ਨਾਲ ਨਹੀਂ ਕੱਢਦੇ ਸਗੋਂ ਬਾਹਰ ਤੋਂ ਕਢਾਈ ਕਰਾਈ ਜਾਂਦੀ ਹੈ। ਇਨ੍ਹਾਂ ਉੱਪਰ ਛਿੱਦੇ ਛਿੱਦੇ ਤੋਪੇ ਭਰੇ ਹੁੰਦੇ ਹਨ ਜਿਨ੍ਹਾਂ ਨੂੰ ਲੋਕ ਬੋਲੀ ਵਿੱਚ ਸੜੋਪੇ ਕਿਹਾ ਜਾਂਦਾ ਹੈ।
ਛਮਾਸ ਜਾਂ ਸ਼ੀਸ਼ਦਾਰ ਫੁਲਕਾਰੀ ਉਹ ਹੁੰਦੀ ਹੈ ਜਿਸ ਲਈ ਗੂੜ੍ਹੇ ਲਾਲ ਅਤੇ ਭੂਰੇ ਰੰਗ ਦੇ ਖੱਦਰ ਉੱਪਰ ਸ਼ੀਸ਼ੇ ਲਗਾ ਕੇ ਕਢਾਈ ਕੀਤੀ ਜਾਂਦੀ ਸੀ। ਇਹ ਦੱਖਣ-ਪੱਛਮੀ ਪੁਰਾਤਨ ਪੰਜਾਬ ਦੀ ਪ੍ਰਚੱਲਿਤ ਕਢਾਈ ਵਿੱਚੋਂ ਇੱਕ ਸੀ, ਪਰ ਹੁਣ ਇਹ ਹਰਿਆਣਾ ਵਿੱਚ ਪ੍ਰਚੱਲਿਤ ਕਢਾਈ ਹੈ। ਸ਼ੀਸ਼ਦਾਰ ਫੁਲਕਾਰੀ ਨੂੰ ਛਮਾਸ ਵੀ ਕਿਹਾ ਜਾਂਦਾ ਸੀ, ਇਸ ਉੱਪਰ ਸ਼ੀਸ਼ੇ ਲਾਏ ਜਾਂਦੇ ਹਨ। ਇਹ ਫੁਲਕਾਰੀ ਜ਼ਿਆਦਾਤਰ ਅਬੋਹਰ ਦੇ ਖੇਤਰ ਵਿੱਚ ਪ੍ਰਚੱਲਿਤ ਸੀ।
ਘੁੰਗਟਬਾਟ ਨਾਂ ਦੀ ਫੁਲਕਾਰੀ ਵਿੱਚ ਸਿਰ ਵਾਲੇ ਹਿੱਸੇ ਉੱਪਰ ਤਿਕੋਣੀ ਕਢਾਈ ਕੀਤੀ ਜਾਂਦੀ ਹੈ। ਇਸ ਵਿੱਚ ਗੋਟੇ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਘੁੰਗਟਬਾਟ ਫੁਲਕਾਰੀ ਨੂੰ ਜ਼ਿਆਦਾਤਰ ਭਾਂਡੇ ਬਣਾਉਣ ਵਾਲੀਆਂ ਔਰਤਾਂ ਵਰਤਦੀਆਂ ਹਨ [ਘੁੰਮਿਆਰ] ਕਿਉਂਕਿ ਤਿਕੋਣਾ ਹਿੱਸਾ ਉਨ੍ਹਾਂ ਨੂੰ ਘੁੰਡ ਕੱਢਣ ਦੇ ਕੰਮ ਆਉਂਦਾ ਸੀ, ਤਿਕੋਣੇ ਹਿੱਸੇ ਨੂੰ ਆਸਾਨੀ ਨਾਲ ਗਲ ਵਿੱਚ ਪਾਈ ਹੋਈ ਮਾਲਾ ਦੇ ਉੱਪਰ ਲਪੇਟਿਆ ਜਾਂਦਾ ਸੀ।
ਦਰਸ਼ਨ ਦੁਆਰ ਜਾਂ ਦਰਵਾਜ਼ਾ ਨਾਂ ਦੀ ਫੁਲਕਾਰੀ ਦੀ ਵਰਤੋਂ ਉਸ ਵੇਲੇ ਕੀਤੀ ਜਾਂਦੀ ਸੀ, ਜਦੋਂ ਦਰਵਾਜ਼ੇ ਉੱਪਰ ਆਉਣ ਵਾਲੇ ਕਿਸੇ ਖ਼ਾਸ ਵਿਅਕਤੀ ਦਾ ਸਵਾਗਤ ਕਰਨਾ ਹੁੰਦਾ ਸੀ। ਜਿਸ ਫੁਲਕਾਰੀ ਲਈ ਚਿੱਟੇ ਰੰਗ ਦੇ ਖੱਦਰ ਦੀ ਵਰਤੋਂ ਹੋਵੇ, ਉਸ ਨੂੰ ਥਿਰਮਾ ਕਿਹਾ ਜਾਂਦਾ ਹੈ। ਹਿੰਦੂ ਪਰਿਵਾਰਾਂ ਵਿੱਚ ਨਵੀਂ ਵਿਆਹੀ ਲੜਕੀ ਦੇ ਪਰਿਵਾਰ ਵੱਲੋਂ ਇਹ ਭੇਟਾ ਦਿੱਤੀ ਜਾਂਦੀ ਸੀ। ਜਿੰਨੇ ਵੀ ਥਿਰਮਾਂ ਭੇਟ ਕੀਤੇ ਜਾਂਦੇ ਸਨ, ਉਸ ਨਾਲ ਲੜਕੀ ਪਰਿਵਾਰ ਦੀ ਹੈਸੀਅਤ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ। ਇਸ ਵਿੱਚ ਫੁੱਲਾਂ ਦੀ ਕਢਾਈ ਲਾਲ, ਹਰੇ ਅਤੇ ਨੀਲੇ ਰੰਗ ਦੀ ਹੁੰਦੀ ਸੀ।
ਅਜੋਕੇ ਪੰਜਾਬ ਦਾ ਇਹ ਦੁਖਾਂਤ ਹੈ ਕਿ ਫੁਲਕਾਰੀ ਤੇ ਘੱਗਰੇ ਲੋਪ ਹੋ ਰਹੇ ਹਨ। ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਔਰਤਾਂ ਕੋਲ ਫੁਲਕਾਰੀ ਕੱਢਣ ਦੀ ਵਿਹਲ ਨਹੀਂ। ਹੁਣ ਮਸ਼ੀਨਾਂ ਦੇ ਬਣੇ ਸ਼ਾਲ, ਚਾਦਰਾਂ ਘਰ-ਘਰ ਆ ਚੁੱਕੀਆਂ ਹਨ। ਕਲਾ ਦੇ ਇਸ ਰੂਪ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ ਤਾਂ ਜੋ ਰੀਝਾਂ ਦੀ ਫੁਲਕਾਰੀ ਮੁੜ ਦੁਬਾਰਾ ਸ਼ਿੰਗਾਰ ਦਾ ਆਧਾਰ ਬਣ ਜਾਵੇ।
ਸੰਪਰਕ: 88472-27740
ਪੰਜਾਬੀ ਟ੍ਰਿਬਯੂਨ
test