23 ਅਪਰੈਲ, 2025 – ਮਾਨਸਾ : ਮਾਲਵਾ ਖੇਤਰ ਦੀਆਂ ਸੈਂਕੜੇ ਅਨਾਜ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਜਿਣਸ ਦੀ ਤੁਲਾਈ ਦੀ ਸਮੱਸਿਆ ਆ ਰਹੀ ਹੈ। ਕਿਸਾਨ ਪੱਕੇ ਕੱਚੀ ਥਾਂ ਉੱਤੇ ਆਪਣੀ ਫ਼ਸਲ ਢੇਰੀ ਲਾਉਣ ਲਈ ਮਜਬੂਰ ਹਨ ਅਤੇ ਕਈ ਮੰਡੀਆਂ ਵਿੱਚ ਕਣਕ ਤੋਲਣ ਲਈ ਕਿਸਾਨ ਕਈ-ਕਈ ਦਿਨਾਂ ਤੋਂ ਬੈਠੇ ਹਨ। ਇਸ ਤੋਂ ਇਲਾਵਾ ਮੰਡੀਆਂ ’ਚ ਬਾਰਦਾਨੇ ਦੀ ਘਾਟ ਵੀ ਰੜਕਣ ਲੱਗੀ ਹੈ।
ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਜ਼ਿਲ੍ਹੇ ਵਿਚਲੀਆਂ 117 ਅਨਾਜ ਮੰਡੀਆਂ ਵਿਚ ਅੱਜ ਸ਼ਾਮ ਤੱਕ 348082 ਮੀਟ੍ਰਿਕ ਟਨ ਕਣਕ ਵਿਕਣ ਲਈ ਪੁੱਜ ਚੁੱਕੀ ਹੈ, ਜਿਸ ਵਿੱਚੋਂ 313798 ਮੀਟ੍ਰਿਕ ਟਨ ਕਣਕ ਖਰੀਦ ਲਈ ਗਈ ਹੈ, ਜਿਸ ਵਿਚੋਂ 154640 ਮੀਟ੍ਰਿਕ ਟਨ ਦੀ ਲਿਫਟਿੰਗ ਹੋ ਚੁੱਕੀ ਹੈ ਜਦੋਂਕਿ ਲਿਫਟਿੰਗ ਹੋਈ ਕਣਕ ਨਾਲੋਂ ਵੱਧ 159158 ਮੀਟ੍ਰਿਕ ਟਨ ਕਣਕ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਅਣ-ਲਿਫਟਿੰਗ ਹੋਣ ਵੰਨੀਓ ਪਈ ਹੈ। ਉਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਰਿਪੋਰਟ ਵਿਚ ਮੰਨਿਆ ਹੈ ਕਿ ਜ਼ਿਲ੍ਹੇ ਦੀਆਂ ਦਰਜਨਾਂ ਅਨਾਜ ਮੰਡੀਆਂ ਵਿਚ ਲਿਫਟਿੰਗ ਦੀ ਭਾਰੀ ਤਕਲੀਫ਼ ਖੜ੍ਹੀ ਹੋ ਗਈ ਹੈ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਲਿਫਟਿੰਗ ਦੀ ਸਮੱਸਿਆ ਨਾਲ ਨਿਪਟਣ ਲਈ ਸਰਕਾਰੀ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਖ਼ਤੀ ਆਦੇਸ਼ ਦਿੱਤੇ ਗਏ ਹਨ।
ਮਾਨਸਾ ਦੇ ਉਪ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮੰਡੀ ਬੋਰਡ ਦੇ ਪ੍ਰਬੰਧ ਮੁਕੰਮਲ ਹਨ, ਕਿਸੇ ਕਿਸਾਨ,ਆੜਤੀਆਂ ਅਤੇ ਮਜ਼ਦੂਰ ਵਰਗ ਨੂੰ ਕੋਈ ਤਕਲੀਫ਼ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖਰੀਦ ਏਜੰਸੀਆਂ ਨੂੰ 72 ਘੰਟਿਆਂ ਵਿੱਚ ਲਿਫਟਿੰਗ ਕਰਨ ਦੇ ਸਖ਼ਤ ਆਦੇਸ਼ ਦਿੱਤੇ ਗਏ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮੌਸਮ ਦੀ ਖ਼ਰਾਬੀ ਤੋਂ ਪਿੱਛੋਂ ਹੁਣ ਇਹ ਖਿੱਤੇ ਵਿਚ ਕੰਬਾਈਨਾਂ ਦੀ ਵਾਢੀ ਦਾ ਜ਼ੋਰ ਪੈਣ ਨਾਲ ਕਿਸਾਨ ਫਟਾਫਟ ਕਣਕ ਨੂੰ ਸਿੱਧੀ ਮੰਡੀਆਂ ਵਿਚ ਲਿਆਉਣ ਲੱਗ ਪਏ ਹਨ, ਜਿਸ ਕਰਕੇ ਮੰਡੀਆਂ ’ਚੋਂ ਕਣਕ ਢੋਂਣ ਵਾਲੇ ਵਾਹਨਾਂ ਦੀ ਘਾਟ ਕਾਰਨ ਸਹੀ ਸਮੇਂ ਮੰਡੀਆਂ ’ਚੋਂ ਲਿਫਟਿੰਗ ਨਾ ਹੋਣ ਕਰਕੇ ਹੀ ਮੰਡੀਆਂ ਵਿਚ ਪੈਰ ਧਰਨ ਨੂੰ ਥਾਂ ਨਹੀਂ ਰਹੀ ਹੈ।
ਪੰਜਾਬੀ ਟ੍ਰਿਬਯੂਨ
test