26 ਅਪਰੈਲ, 2025 – ਮੁਕਤਸਰ : ਕਿਸਾਨਾਂ ਨੂੰ ਖੇਤਾਂ ਵਿਚ ਖੜ੍ਹੀ ਕਣਕ ਹੀ ਨਹੀਂ ਬਲਕਿ ਮੰਡੀ ਵਿਚ ਪਈ ਕਣਕ ਦੀ ਵੀ ਚਿੰਤ ਖਾਂਦੀ ਹੈ। ਹਾਲ ਹੀ ਵਿਚ ਮੁਕਤਸਰ ਅਨਾਜ ਮੰਡੀ ਵਿਚ ਤਿੰਨ ਦਿਨਾਂ ਦੇ ਅੰਦਰ ਦੋ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਹਾਲਾਂਕਿ ਫਾਇਰਫਾਈਟਰ ਟੀਮਾਂ ਵੱਲੋਂ ਤੁਰੰਤ ਕਾਰਵਾਈ ਕਾਰਨ ਦੋਵਾਂ ਮਾਮਲਿਆਂ ਵਿਚ ਵੱਡੇ ਨੁਕਸਾਨ ਹੋਣ ਤੋਂ ਬਚਾਅ ਰਿਹਾ। ਉਧਰ ਲਗਾਤਾਰ ਵਾਪਰੀਆਂ ਘਟਨਾਵਾਂ ਨੇ ਉਨ੍ਹਾਂ ਕਿਸਾਨਾਂ ਵਿਚ ਚਿੰਤਾਵਾਂ ਵਧਾ ਦਿੱਤੀਆਂ ਹਨ ਜਿਨ੍ਹਾਂ ਨੇ ਪਹਿਲਾਂ ਹੀ ਆਪਣੀ ਫ਼ਸਲ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਬਚਾਅ ਕਾਰਜ ਵਿਚ ਸ਼ਾਮਲ ਫਾਇਰ ਅਫਸਰ ਜਸਵਿੰਦਰ ਸਿੰਘ ਦੇ ਅਨੁਸਾਰ ਅੱਗ ਲੱਗਣ ਦਾ ਸਹੀ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਕਣਕ ਦੀਆਂ ਬੋਰੀਆਂ ਦੇ ਨੇੜੇ ਕੋਈ ਬਿਜਲੀ ਦੀਆਂ ਤਾਰਾਂ ਵੀ ਨਹੀਂ ਸਨ। ਬੀਤੇ ਦਿਨ ਵਾਪਰੀ ਘਟਨਾ ਵਿਚ ਸੈਂਕੜੇ ਬੋਰੀਆਂ ਵਿਚ ਸਟੋਰ ਕੀਤੀ ਕਣਕ ਨੂੰ ਨੁਕਸਾਨ ਪਹੁੰਚਿਆ।
ਉਧਰ ਸਥਾਨਕ ਅਨਾਜ ਮੰਡੀ ਮਜ਼ਦੂਰ ਯੂਨੀਅਨ ਨੇ ਟਰਾਂਸਪੋਰਟ ਠੇਕੇਦਾਰ ’ਤੇ ਵਾਹਨਾਂ ਦੀ ਤਾਇਨਾਤੀ ਵਿਚ ਬੇਨਿਯਮੀਆਂ ਦਾ ਦੋਸ਼ ਲਗਾਇਆ ਹੈ। ਜਿਸ ਸਬੰਧੀ ਸਿਵਲ ਪ੍ਰਸ਼ਾਸਨ ਨੇ ਠੇਕੇਦਾਰ ਵੱਲੋਂ ਦਿੱਤੇ ਗਏ ਰਜਿਸਟ੍ਰੇਸ਼ਨ ਨੰਬਰਾਂ ਦੇ ਆਧਾਰ ’ਤੇ ਵੀਰਵਾਰ ਨੂੰ ਟਰਾਂਸਪੋਰਟ ਵਾਹਨਾਂ ਦੀ ਭੌਤਿਕ ਤਸਦੀਕ ਸ਼ੁਰੂ ਕੀਤੀ। ਮਾਰਕੀਟ ਕਮੇਟੀ ਮੁਕਤਸਰ ਦੇ ਚੇਅਰਮੈਨ ਸੁਰਜੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਤਸਦੀਕ ਪ੍ਰਕਿਰਿਆ ਵੀਰਵਾਰ ਨੂੰ ਸ਼ੁਰੂ ਹੋਈ। ਘਟਨਾਵਾਂ ਸਬੰਘੀ ਕਿਸਾਨਾਂ ਨੇ ਅਧਿਕਾਰੀਆਂ ਨੂੰ ਸੁਰੱਖਿਆ ਉਪਾਵਾਂ ਨੂੰ ਵਧਾਉਣ ਅਤੇ ਹੋਰ ਘਟਨਾਵਾਂ ਨੂੰ ਰੋਕਣ ਲਈ ਆਵਾਜਾਈ ਨੂੰ ਸੁਚਾਰੂ ਬਣਾਉਣ ਦੀ ਅਪੀਲ ਕਰ ਰਹੇ ਹਨ।
ਪੰਜਾਬੀ ਟ੍ਰਿਬਯੂਨ
test