28 ਅਪਰੈਲ, 2025 – ਬਾਦਲ (ਮੁਕਤਸਰ) : Wheat Procurement: ਕਣਕ ਦੀ ਚੁਕਾਈ ਦੀ ਮੱਠੀ ਰਫ਼ਤਾਰ ਦੀ ਵਜ੍ਹਾ ਨਾਲ ਸਥਾਨਕ ਖ਼ਰੀਦ ਕੇਂਦਰ ਵਿੱਚ ਸਟੋਰੇਜ ਸਮਰੱਥਾ ਘਟਣ ਕਾਰਨ, ਪਿੰਡ ਬਾਦਲ ਦੇ ਕਿਸਾਨਾਂ ਨੂੰ ਆਪਣੀ ਕਣਕ ਦੀ ਜਿਣਸ ਨਾਲ ਲੱਗਦੇ ਸ਼ਮਸ਼ਾਨਘਾਟ ਵਿੱਚ ਉਤਾਰਨ ਲਈ ਮਜਬੂਰ ਹੋਣਾ ਪਿਆ ਹੈ।
ਪਿੰਡ ਦੇ ਉੱਚ-ਪ੍ਰੋਫਾਈਲ ਦਰਜੇ ਦੇ ਬਾਵਜੂਦ ਖ਼ਰੀਦ ਸੰਕਟ ਨੇ ਕਿਸਾਨਾਂ ਨੂੰ ਇਹ ਅਣਕਿਆਸਿਆ ਕਦਮ ਚੁੱਕਣ ਦੇ ਰਾਹ ਤੋਰਿਆ ਹੈ। ਗ਼ੌਰਤਲਬ ਹੈ ਕਿ ਇਹ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਰ ਹੈ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਲੰਬੀ ਵਿਧਾਨ ਸਭਾ ਹਲਕੇ ਵਿੱਚ ਆਉਂਦਾ ਹੈ।
ਕੁਝ ਕਿਸਾਨਾਂ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ, ਸ਼ਮਸ਼ਾਨਘਾਟ ਇੱਕ ਖੁੱਲ੍ਹੇ ਫੜ੍ਹ ਦਾ ਰੂਪ ਧਾਰ ਗਿਆ ਹੈ। ਨਾ ਸਿਰਫ਼ ਕਣਕ ਨੀਲੀ ਛੱਤ ਹੇਠ ਖੁੱਲ੍ਹੀ ਪਈ ਹੈ, ਸਗੋਂ ਖ਼ਰੀਦ ਅਧਿਕਾਰੀਆਂ ਨੇ ਸ਼ਮਸ਼ਾਨਘਾਟ ਵਿਚੋਂ ਹੀ ਬੋਰੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹੀ ਸਥਿਤੀ ਲਗਭਗ ਹਰ ਫਸਲ ਦੇ ਖ਼ਰੀਦ ਸੀਜ਼ਨ ਵਿੱਚ ਹੁੰਦੀ ਹੈ। ਇੱਕ ਕਿਸਾਨ ਨੇ ਕਿਹਾ, ‘‘ਅਧਿਕਾਰੀ ਸਮੱਸਿਆ ਤੋਂ ਜਾਣੂ ਤਾਂ ਹਨ ਪਰ ਕੋਈ ਖ਼ਾਸ ਕਾਰਵਾਈ ਨਹੀਂ ਕੀਤੀ।”
ਕੀ ਕਹਿੰਦੇ ਨੇ ਅਧਿਕਾਰੀ
ਇਸ ਬਾਰੇ ਮੁਕਤਸਰ ਦੇ ਜ਼ਿਲ੍ਹਾ ਮੰਡੀ ਅਫ਼ਸਰ ਮੁਨੀਸ਼ ਕੁਮਾਰ ਨੇ ਕਿਹਾ ਕਿ ਪਿੰਡ ਬਾਦਲ ਵਿਖੇ ਫੋਕਲ ਪੁਆਇੰਟ ਤੋਂ ਇਲਾਵਾ ਤਿੰਨ ਅਸਥਾਈ ਫੜ੍ਹ ਬਣਾਏ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ “ਸਿਰਫ਼ ਇੱਕ ਕਿਸਾਨ ਨੇ ਆਪਣੀ ਜਿਣਸ ਸ਼ਮਸ਼ਾਨਘਾਟ ਵਿੱਚ ਸੁੱਟ ਦਿੱਤੀ ਹੈ।”
ਇਸ ਦੌਰਾਨ, ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ (ਡੀਐਫਸੀਐਸਸੀ) ਸੁਖਵਿੰਦਰ ਸਿੰਘ ਨੇ ਲਿਫਟਿੰਗ ਵਿੱਚ ਦੇਰੀ ਨੂੰ ਸਵੀਕਾਰ ਕੀਤਾ ਅਤੇ ਨਾਲ ਹੀ ਇਸ ਸਮੱਸਿਆ ਲਈ ਪਿਛਲੇ ਪੰਜ ਦਿਨਾਂ ਦੌਰਾਨ ਜਿਣਸ ਦੀ ਆਮਦ ਵਿੱਚ ਅਚਾਨਕ ਹੋਏ ਵਾਧੇ ਨੂੰ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਕਿਹਾ, “ਸ਼ਮਸ਼ਾਨਘਾਟ ਨੂੰ ਜਿਣਸ ਸੁੱਟਣ ਲਈ ਫੜ੍ਹ ਵਜੋਂ ਵਰਤੇ ਜਾਣ ਦਾ ਮੁੱਦਾ ਪੰਜਾਬ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਅਧੀਨ ਆਉਂਦਾ ਹੈ, ਪਰ ਅਸੀਂ ਚੁਕਾਈ ਦੀ ਕਾਰਵਾਈ ਨੂੰ ਤੇਜ਼ ਕਰਨ ਲਈ ਕੰਮ ਕਰ ਰਹੇ ਹਾਂ।”
ਪੰਜਾਬੀ ਟ੍ਰਿਬਯੂਨ
test