29 ਅਪਰੈਲ, 2025 – ਜ਼ੀਰਾ : ਹਲਕਾ ਜ਼ੀਰਾ ਵਿੱਚ ਅੰਗਹੀਣ, ਵਿਧਵਾ ਅਤੇ ਬੁਢਾਪਾ ਪੈਨਸ਼ਨਾਂ ਨਾ ਮਿਲਣ ਕਾਰਨ ਲਾਭਪਾਤਰੀਆਂ ਨੂੰ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ। ਪਿੰਡ ਨੀਲੇਵਾਲਾ ਦੇ ਵਾਸੀਆਂ ਬਲਜਿੰਦਰ ਸਿੰਘ, ਮਹਿੰਦਰ ਸਿੰਘ, ਮੀਤੋ, ਸਰਬਜੀਤ ਕੌਰ ਆਦਿ ਨੇ ਕਿਹਾ ਕਿ ਪੈਨਸ਼ਨ ਹੀ ਉਨ੍ਹਾਂ ਦਾ ਇੱਕੋ-ਇੱਕ ਸਹਾਰਾ ਹੈ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਚੱਲਦਾ ਹੈ। ਪੈਨਸ਼ਨ ਉਡੀਕਦਿਆਂ ਪੂਰਾ ਮਹੀਨਾ ਬੀਤ ਗਿਆ ਪਰ ਪੈਨਸ਼ਨ ਨਹੀਂ ਆਈ। ਕੋਈ ਸਾਧਨ ਨਾ ਹੋਣ ਕਾਰਨ ਉਨ੍ਹਾਂ ਨੂੰ ਇੱਥੋਂ ਕੜਕਦੀ ਧੁੱਪ ਵਿੱਚ ਤਿੰਨ ਕਿਲੋਮੀਟਰ ਪੈਦਲ ਚੱਲ ਕੇ ਵਾਰ-ਵਾਰ ਬੈਂਕ ਜਾਣਾ ਪੈਂਦਾ ਹੈ ਪਰ ਅੱਗੋਂ ਪੈਨਸ਼ਨ ਨਾ ਆਉਣ ਕਾਰਨ ਨਿਰਾਸ਼ ਹੋ ਕੇ ਵਾਪਸ ਪਰਤਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਪੈਨਸ਼ਨ ਤੋਂ ਬਿਨਾਂ ਨਾ ਤਾਂ ਉਨ੍ਹਾਂ ਦੇ ਘਰ ਚੁੱਲ੍ਹੇ ਬਲਦੇ ਹਨ, ਨਾ ਹੀ ਉਹ ਆਪਣੀਆਂ ਦਵਾਈਆਂ ਲੈ ਸਕਦੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਪੈਨਸ਼ਨਾਂ ਸਮੇਂ ਸਿਰ ਲਾਭਪਾਤਰੀਆਂ ਨੂੰ ਦਿੱਤੀਆਂ ਜਾਣ ਤਾਂ ਜੋ ਉਹ ਆਪਣੀਆਂ ਜਰੂਰਤਾਂ ਪੂਰੀਆਂ ਕਰ ਸਕਣ। ਇਸ ਮੌਕੇ ਅਜੈਬ ਸਿੰਘ, ਰਾਮ ਚੰਦ,ਸਤਨਾਮ ਸਿੰਘ, ਪਰਮਜੀਤ ਕੌਰ, ਸੁਰਜੀਤ ਰਾਣੀ, ਤਰਸੇਮ ਸਿੰਘ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ
test