ਬਹੁਮਤ ਤੋਂ 4 ਸੀਟਾਂ ਨਾਲ ਖੁੰਝੀ ਪ੍ਰਧਾਨ ਮੰਤਰੀ ਕਾਰਨੀ ਦੀ ਪਾਰਟੀ
30 ਅਪਰੈਲ, 2025 – ਵੈਨਕੂਵਰ/ ਬਰੈਪਟਨ : ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ ਸੱਤਾਧਾਰੀ ਲਿਬਰਲ ਪਾਰਟੀ 168 ਸੀਟਾਂ ਜਿੱਤ ਕੇ ਸਪਸ਼ਟ ਬਹੁਮਤ ਲਈ ਲੋੜੀਂਦੀਆਂ 172 ਸੀਟਾਂ ਤੋਂ ਮਹਿਜ਼ 4 ਸੀਟਾਂ ਨਾਲ ਖੁੰਝ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਸੀਟ ਵੱਡੇ ਫਰਕ ਨਾਲ ਜਿੱਤ ਲਈ ਹੈ ਜਦੋਂਕਿ ਨਿਊ ਡੈਮੋਕਰੈਟਿਕ ਪਾਰਟੀ (NDP) ਦੇ ਜਗਮੀਤ ਸਿੰਘ (ਬਰਨਬੀ ਸੈਂਟਰਲ) ਤੇ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਪੋਲਿਵਰ ਚੋਣ ਹਾਰ ਗਏ ਹਨ।
ਜਗਮੀਤ ਸਿੰਘ ਨੇ NDP ਨੂੰ ਚੋਣਾਂ ਵਿੱਚ ਲੱਗੇ ਵੱਡੇ ਖੋਰੇ ਅਤੇ ਖ਼ੁਦ ਚੋਣ ਨਾ ਜਿੱਤ ਸਕਣ ਕਰਕੇ ਪਾਰਟੀ ਆਗੂ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।
ਇਸ ਤੋਂ ਪਹਿਲਾਂ 2019 ਅਤੇ 2022 ਵਿੱਚ ਵੀ ਮੁਲਕ ਵਿਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ ਤੇ ਲਿਬਰਲ ਪਾਰਟੀ ਐਨਡੀਪੀ ਦੇ ਸਹਿਯੋਗ ਨਾਲ ਸਰਕਾਰ ਚਲਾਉਂਦੀ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਦੇ ਅਮਰੀਕਾ ਵਿਚ ਰਲੇਵੇਂ ਦੀ ਧਮਕੀ ਤੇ ਵਪਾਰਕ ਜੰਗ ਨੇ ਲਿਬਰਲ ਪਾਰਟੀ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਾਰਕ ਕਾਰਨੀ ਨੂੰ ਵਧਾਈ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੈਨੇਡਿਆਈ ਹਮਰੁਤਬਾ ਮਾਰਕ ਕਾਰਨੀ ਤੇ ਉਨ੍ਹਾਂ ਦੀ ਪਾਰਟੀ ਨੂੰ ਸੰਘੀ ਚੋਣਾਂ ਵਿਚ ਮਿਲੀ ਜਿੱਤ ਲਈ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਜਿੱਤ ‘ਤੇ ਵਧਾਈ ਦਿੰਦਿਆਂ ਕਿਹਾ ਕਿ ਉਹ ਭਾਰਤ-ਕੈਨੇਡਾ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਵਧੇਰੇ ਮੌਕੇ ਖੋਲ੍ਹਣ ਦੀ ਉਮੀਦ ਕਰ ਰਹੇ ਹਨ।
ਸ੍ਰੀ ਮੋਦੀ ਨੇ ਐਕਸ ’ਤੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਭਾਰਤ ਅਤੇ ਕੈਨੇਡਾ ਸਾਂਝੇ ਜਮਹੂਰੀ ਮੁੱਲਾਂ ਅਤੇ ਕਾਨੂੰਨ ਦੇ ਸ਼ਾਸਨ ਪ੍ਰਤੀ ‘ਦ੍ਰਿੜ ਵਚਨਬੱਧਤਾ’ ਨਾਲ ਬੱਝੇ ਹੋਏ ਹਨ। ਪ੍ਰਧਾਨ ਮੰਤਰੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ, ‘‘ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਤੁਹਾਡੀ ਚੋਣ ’ਤੇ ਤੁਹਾਨੂੰ ਤੇ ਲਿਬਰਲ ਪਾਰਟੀ ਨੂੰ ਵਧਾਈਆਂ।’’
ਟਰੰਪ ਨੇ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ: ਮਾਰਕ ਕਾਰਨੀ
ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਸਦੀ ਚੋਣਾਂ ਵਿਚ ਲਿਬਰਲ ਪਾਰਟੀ ਨੂੰ ਮਿਲੀ ਜਿੱਤ ਮਗਰੋਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉਨ੍ਹਾਂ ਦੇ ਮੁਲਕ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਓਟਵਾ ਵਿਚ ਜੇਤੂ ਤਕਰੀਰ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਵਾਸ਼ਿੰਗਟਨ ਦੀਆਂ ਧਮਕੀਆਂ ਦੇ ਸਾਹਮਣੇ ਕੈਨੇਡੀਅਨ ਲੋਕਾਂ ਦੇ ਏਕੇ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ, ‘‘ਅਸੀਂ ਅਮਰੀਕੀ ਵਿਸ਼ਵਾਸਘਾਤ ਦੇ ਸਦਮੇ ’ਚੋਂ ਬਾਹਰ ਆ ਗਏ ਹਾਂ, ਪਰ ਸਾਨੂੰ ਕਦੇ ਵੀ ਸਬਕ ਨਹੀਂ ਭੁੱਲਣੇ ਚਾਹੀਦੇ।’’ ਕਾਰਨੀ ਨੇ ਕਿਹਾ, ‘‘ਜਿਵੇਂ ਕਿ ਮੈਂ ਮਹੀਨਿਆਂ ਤੋਂ ਚੇਤਾਵਨੀ ਦੇ ਰਿਹਾ ਹਾਂ, ਅਮਰੀਕਾ ਸਾਡੀ ਜ਼ਮੀਨ, ਸਾਡੇ ਸਰੋਤ, ਸਾਡਾ ਪਾਣੀ, ਸਾਡਾ ਦੇਸ਼ ਚਾਹੁੰਦਾ ਹੈ। ਇਹ ਧਮਕੀਆਂ ਕੋਈ ਐਵੇਂ ਹੀ ਨਹੀਂ ਹਨ। ਰਾਸ਼ਟਰਪਤੀ ਟਰੰਪ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਅਮਰੀਕਾ ਸਾਡਾ ਮਾਲਕ ਬਣ ਸਕੇ। ਇਹ ਕਦੇ ਵੀ … ਕਦੇ ਨਹੀਂ ਹੋਵੇਗਾ। ਪਰ ਸਾਨੂੰ ਇਸ ਹਕੀਕਤ ਨੂੰ ਵੀ ਪਛਾਣਨਾ ਚਾਹੀਦਾ ਹੈ ਕਿ ਸਾਡੀ ਦੁਨੀਆ ਬੁਨਿਆਦੀ ਤੌਰ ’ਤੇ ਬਦਲ ਗਈ ਹੈ।” –ਏਪੀ
ਕੈਨੇਡੀਅਨਾਂ ਦੇ ਹੱਕਾਂ ਲਈ ਲੜਦਾ ਰਹਾਂਗਾ: ਪੋਲਿਵਰ
ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲਿਵਰ ਨੇ ਕਿਹਾ ਕਿ ਉਹ ਚੋਣ ਹਾਰਨ ਦੇ ਬਾਵਜੁਦ ਕੈਨੇਡਾ ਦੇ ਲੋਕਾਂ ਦੇ ਹੱਕਾਂ ਲਈ ਲੜਦੇ ਰਹਿਣਗੇ। ਪੋਲਿਵਰ ਨੇ ਆਪਣੇ ਸਮਰਥਕਾਂ ਨੂੰ ਕਿਹਾ, ‘‘ਅਸੀਂ ਇਸ ਤੱਥ ਤੋਂ ਜਾਣੂ ਹਾਂ ਕਿ ਅਸੀਂ ਅਜੇ ਤੱਕ ਅੰਤਿਮ ਰੇਖਾ ਨੂੰ ਪਾਰ ਨਹੀਂ ਕੀਤਾ। ਅਸੀਂ ਜਾਣਦੇ ਹਾਂ ਕਿ ਤਬਦੀਲੀ ਦੀ ਲੋੜ ਹੈ, ਪਰ ਤਬਦੀਲੀ ਆਪਣੇ ਆਪ ਨਹੀਂ ਆਉਂਦੀ, ਇਸ ਲਈ ਮਿਹਨਤ ਕਰਨੀ ਪੈਂਦੀ ਹੈ। ਇਸ ਵਿੱਚ ਸਮਾਂ ਲੱਗਦਾ ਹੈ। ਅਤੇ ਇਸ ਲਈ ਸਾਨੂੰ ਅੱਜ ਰਾਤ ਦੇ ਸਬਕ ਸਿੱਖਣੇ ਪੈਣਗੇ – ਤਾਂ ਜੋ ਅਗਲੀ ਵਾਰ ਜਦੋਂ ਕੈਨੇਡੀਅਨ ਦੇਸ਼ ਦਾ ਭਵਿੱਖ ਤੈਅ ਕਰਨ ਤਾਂ ਅਸੀਂ ਹੋਰ ਵੀ ਵਧੀਆ ਨਤੀਜਾ ਪ੍ਰਾਪਤ ਕਰ ਸਕੀਏ।’’
ਇਲੈਕਸ਼ਨ ਕੈਨੇਡਾ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਆਖਰੀ ਗੇੜ ਦੀ ਗਿਣਤੀ ਤੋਂ ਪਹਿਲਾਂ ਲਿਬਰਲ 168, ਕੰਜ਼ਰਵਟਿਵ 144, ਬਲਾਕ ਕਿਊਬਕਵਾ 23, ਐਨਡੀਪੀ 7 ਅਤੇ ਗਰੀਨ ਪਾਰਟੀ 1 ਸੀਟ ‘ਤੇ ਸੀਟ ਅੱਗੇ ਚਲ ਰਹੇ ਸਨ। ਰਾਜਸੀ ਮਾਹਿਰਾਂ ਮੁਤਾਬਕ ਇਹ ਅੰਕੜੇ ਲਗਪਗ ਅੰਤਿਮ ਹੀ ਹਨ ਕਿਉਂਕਿ ਹੁਣ ਇਨ੍ਹਾਂ ਵਿਚ ਕੋਈ ਫੇਰ ਬਦਲ ਹੋਣ ਦੀ ਸੰਭਾਵਨਾ ਨਾਂਮਾਤਰ ਹੀ ਹੈ।
ਕਈ ਸੀਟਾਂ ਦੇ ਨਤੀਜੇ ਕਿਆਫਿਆਂ ਨੂੰ ਗਲਤ ਸਾਬਤ ਕਰ ਰਹੇ ਹਨ। ਐਨਡੀਪੀ ਨੂੰ 18, ਬਲਾਕ ਕਿਊਬਕ ਨੂੰ 11 ਅਤੇ ਗਰੀਨ ਪਾਰਟੀ ਨੂੰ ਇੱਕ ਸੀਟ ਦਾ ਖੋਰਾ ਲੱਗ ਰਿਹਾ ਹੈ। ਕੰਜ਼ਰਵੇਟਿਵ ਨੂੰ ਪਿਛਲੀ ਵਾਰ ਤੋਂ 30 ਕੁ ਸੀਟਾਂ ਦਾ ਲਾਭ ਹੋਇਆ ਹੈ। ਲਿਬਰਲ ਪਾਰਟੀ ਨੂੰ 49 ਫੀਸਦੀ ਜਦਕਿ ਕੰਜ਼ਰਵਟਿਵ ਨੂੰ 42.3 ਫੀਸਦੀ ਵੋਟਾਂ ਮਿਲ਼ੀਆਂ ਹਨ। ਬਲਾਕ ਕਿਊਬਕਾ ਨੂੰ 6.7 ਫੀਸਦੀ ਜਦਕਿ ਜਗਮੀਤ ਸਿੰਘ ਦੀ ਐਨ ਡੀ ਪੀ ਨੂੰ ਸਿਰਫ 2 ਫੀਸਦੀ ਵੋਟ ਹੀ ਮਿਲੇ ਹਨ।
ਬਲਾਕ ਕਿਊਬਕਵਾ ਨੂੰ 10 ਸੀਟਾਂ ਵਿੱਚ ਖੋਰਾ ਲੱਗਾ ਹੈ, ਪਰ ਇਸ ਦੇ ਆਗੂ ਈਜ ਫਰਾਸਵਾ ਫਰਾਚੇ ਵੱਡੇ ਫਰਕ ਨਾਲ ਜਿੱਤੇ ਹਨ। ਐੱਨਡੀਪੀ ਪਿਛਲੀ ਵਾਰ ਦੀਆਂ 24 ਸੀਟਾਂ ਦੇ ਮੁਕਾਬਲੇ ਇਸ ਵਾਰ 7 ਸੀਟਾਂ ’ਤੇ ਸਿਮਟ ਕੇ ਰਹਿ ਗਈ।
ਪ੍ਰਧਾਨ ਮੰਤਰੀ ਤੇ ਲਿਬਰਲ ਆਗੂ ਮਾਰਕ ਕਾਰਨੀ ਨੇ ਓਟਵਾ ਦੇ ਲਾਗਲੇ ਕਸਬੇ ਨੇਪੀਅਰ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਬੀਬੀ ਬਾਰਬਰਾ ਬੱਲ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਬੇਸ਼ੱਕ ਸੱਤਾਧਾਰੀ ਲਿਬਰਲ ਪਾਰਟੀ ਬਹੁਮਤ ਤੋਂ ਥੋੜ੍ਹਾ ਪਿੱਛੇ ਰਹਿ ਗਈ ਹੈ, ਪਰ ਵੱਡੀ ਪਾਰਟੀ ਹੋਣ ਕਰ ਕੇ ਉਸਦੇ ਆਗੂ ਮਾਰਕ ਕਾਰਨੀ ਆਪਣੀ ਸਰਕਾਰ ਬਣਾਈ ਰੱਖਣਗੇ। ਉਨ੍ਹਾਂ ਨੂੰ ਮੁੜ ਸਹੁੰ ਚੁੱਕਣ ਦੀ ਲੋੜ ਨਹੀਂ ਪਏਗੀ, ਪਰ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਜਾ ਸਕਦਾ ਹੈ। ਸੰਸਦ ਵਿੱਚ ਕੋਈ ਬਿੱਲ ਪਾਸ ਕਰਾਉਣ ਲਈ ਲਿਬਰਲਾਂ ਨੂੰ ਬਹੁਮਤ ਵਾਸਤੇ ਕਿਸੇ ਹੋਰ ਪਾਰਟੀ ਤੋਂ ਸਹਿਯੋਗ ਦੀ ਦਰਕਾਰ ਰਹੇਗੀ।
ਵੱਖ ਵੱਖ ਸੂਬਿਆਂ ਦੇ ਚੋਣ ਰੁਝਾਨਾਂ ਵਿਚ ਬ੍ਰਿਟਿਸ਼ ਕੋਲੰਬੀਆ ਵਿਚ ਲਿਬਰਲ ਤੇ ਕੰਜ਼ਰਵੇਟਿਵ ਵਿਚਾਲੇ ਬੇਹੱਦ ਫਸਵੀਂ ਟੱਕਰ ਰਹੀ ਹੈ। ਇਥੇ ਕੰਜ਼ਰਵੇਟਿਵ ਨੂੰ 20 ਜਦਕਿ ਲਿਬਰਲ ਨੂੰ 19 ਸੀਟਾਂ ’ਤੇ ਜਿੱਤ ਮਿਲਦੀ ਨਜ਼ਰ ਆ ਰਹੀ ਹੈ। NDP ਨੂੰ ਬੀਸੀ ਵਿਚ 3 ਸੀਟਾਂ ਮਿਲੀਆਂ ਹਨ। ਦੱਸਣਯੋਗ ਹੈ ਕਿ ਐਨਡੀਪੀ ਮੁਖੀ ਜਗਮੀਤ ਸਿੰਘ ਖੁਦ ਵੀ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਹਲਕੇ ਤੋਂ ਐਮਪੀ ਰਹੇ ਹਨ ਪਰ ਐਤਕੀਂ ਉਹ ਇਸ ਸੀਟ ਤੋਂ ਬੁਰੀ ਤਰਾਂ ਹਾਰ ਗਏ ਹਨ।
ਕੈਨੇਡਾ ਦੇ ਸਭ ਤੋਂ ਵੱਡੇ ਅਤੇ ਕੌਮੀ ਰਾਜਧਾਨੀ ਵਾਲ਼ੇ ਸੂਬੇ ਓਟਾਰੀਓ ਵਿਚ ਲਿਬਰਲ ਪਾਰਟੀ ਆਪਣੀ ਮੁੱਖ ਵਿਰੋਧੀ ਕੰਜ਼ਰਵਟਿਵ ਤੋਂ ਕਾਫੀ ਅੱਗੇ ਹੈ। ਓਂਟਾਰੀਓ ਵਿਚ ਲਿਬਰਲਾਂ ਨੂੰ 68 ਜਦਕਿ ਕੰਜ਼ਰਵੇਟਿਵਾਂ ਨੂੰ 54 ਸੀਟਾਂ ਮਿਲ ਰਹੀਆਂ ਹਨ।
ਪਿਛਲੇ ਲੰਮੇਂ ਸਮੇਂ ਤੋਂ ਕੰਜ਼ਰਵੇਟਿਵਾਂ ਦਾ ਗੜ੍ਹ ਰਿਹਾ ਅਲਬਰਟਾ ਸੂਬਾ ਐਤਕੀਂ ਵੀ ਡਟ ਕੇ ਉਨ੍ਹਾਂ ਦੇ ਹੱਕ ਵਿਚ ਭੁਗਤਿਆ ਹੈ। ਅਲਬਰਟਾ ਵਿਚ ਕੰਜ਼ਰਵੇਟਿਵਾਂ ਨੂੰ 34 ਸੀਟਾਂ ‘ਤੇ ਜਿੱਤ ਮਿਲੀ ਹੈ ਜਦਕਿ ਲਿਬਰਲਾਂ ਨੂੰ ਸਿਰਫ 2 ਸੀਟਾਂ ‘ਤੇ ਹੀ ਸਬਰ ਕਰਨਾ ਪਿਆ ਹੈ।
ਕੈਨੇਡਾ ਤੋਂ ਵੱਖ ਹੋਣ ਲਈ ਪਿਛਲੇ ਕਈ ਦਹਾਕਿਆਂ ਤੋਂ ਮੰਗ ਕਰ ਰਹੇ ਕਿਊਬਕ ਸੂਬੇ ਦੇ ਲੋਕਾਂ ਨੇ ਐਤਕੀਂ ਸੱਤਾਧਾਰੀ ਲਿਬਰਲ ਦੇ ਪੱਖ ਵਿਚ ਫਤਵਾ ਦਿੱਤਾ ਹੈ। ਕਿਊਬਕ ਵਿਚ ਲਿਬਰਲਾਂ ਨੂੰ 42, ਖੇਤਰੀ ਪਾਰਟੀ ਬਲਾਕ ਕਿਊਬਕ ਨੂੰ 23 ਅਤੇ ਕੰਜ਼ਰਵੇਟਿਵਾਂ ਨੂੰ 11 ਸੀਟਾਂ ਮਿਲੀਆਂ ਹਨ। ਦੱਸਣਯੋਗ ਹੈ ਕਿ ਕਿਊਬਕ ਸੂਬੇ ਵਿਚ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ ’ਤੇ ਦੋ ਵਾਰ ਰਾਏਸ਼ੁਮਾਰੀ ਹੋ ਚੁੱਕੀ ਹੈ ਅਤੇ ਦੋਵੇਂ ਵਾਰ ਵੱਡੀ ਗਿਣਤੀ ਲੋਕਾਂ ਨੇ ਵੱਖ ਹੋਣ ਲਈ ਵੋਟ ਪਾਈ ਸੀ। ਪਰ ਐਤਕੀਂ ਫੈਡਰਲ ਚੋਣਾਂ ਵਿਚ 53 ਫੀਸਦੀ ਵੋਟਰਾਂ ਨੇ ਲਿਬਰਲ ਪਾਰਟੀ ਦੇ ਪੱਖ ਵਿਚ ਵੋਟ ਦਿੱਤੀ ਹੈ। ਬਲਾਕ ਕਿਊਬਕ ਦੇ ਮੁਖੀ ਯਵੇਸ ਫਰਾਂਸਿਸ ਆਪਣੇ ਮੁੱਖ ਵਿਰੋਧੀ ਲਿਬਰਲ ਆਗੂ ਨਿਕੋਲਸ ਤੋਂ 10000 ਵੋਟਾਂ ਦੇ ਫਰਕ ਨਾਲ਼ ਜੇਤੂ ਰਿਹਾ ਹੈ।
ਬਰਨਬੀ ਕੇਂਦਰੀ ਹਲਕੇ ਤੋਂ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਸਿਰਫ 18 ਫੀਸਦ ਵੋਟਾਂ ਮਿਲੀਆਂ ਤੇ ਉਹ ਤੀਜੇ ਨੰਬਰ ’ਤੇ ਰਹਿ ਕੇ ਵੱਡੇ ਫਰਕ ਨਾਲ ਹਾਰੇ। ਅਲਬਰਟਾ ਤੋਂ ਕੰਜ਼ਰਵੇਟਿਵ ਉਮੀਦਵਾਰਾਂ ਨੇ ਵੱਡੀ ਜਿੱਤ ਹਾਸਲ ਕੀਤੀ। ਇਨ੍ਹਾਂ ਵਿੱਚ ਕੈਲਗਰੀ ਪੂਰਬੀ ਹਲਕੇ ਤੋਂ ਜਸਰਾਜ ਹੱਲਣ, ਕੈਲਗਰੀ ਸਕਾਈਵਿਊ ਤੋਂ ਅਮਨਪ੍ਰੀਤ ਗਿੱਲ, ਐਡਮੰਟਨ ਗੇਟਵੇਅ ਤੋਂ ਟਿੱਮ ਉੱਪਲ , ਕੈਲਗਰੀ ਨਾਈਟ ਤੋਂ ਕੰਜ਼ਰਵੇਟਿਵ ਦਸਵਿੰਦਰ ਗਿੱਲ (ਸਾਰੇ ਕੰਜਰਵੇਟਿਵ) ਨੇ ਜੌਰਜ ਚਾਹਲ ਸਮੇਤ ਲਿਬਰਲ ਉਮੀਦਵਾਰਾਂ ਨੂੰ ਹਰਾਇਆ। ਐਡਮਿੰਟਨ ਦੱਖਣ ਪੂਰਬੀ ਹਲਕੇ ਤੋਂ ਜਗਸ਼ਰਨ ਸਿੰਘ ਮਾਹਲ ਨੇ ਸ਼ਹਿਰ ਦੇ ਮੇਅਰ ਤੇ ਸਾਬਕ ਕੇਂਦਰੀ ਅਮਰਜੀਤ ਸਿੰਘ ਸੋਹੀ ਨੂੰ ਹਰਾ ਕੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ।
ਐਬਸਫੋਰਡ ਲੈਂਗਲੀ ਹਲਕੇ ਤੋਂ ਸੁਖਮਨ ਗਿੱਲ ਕੰਜ਼ਰਵੇਟਿਵ ਉਮੀਦਵਰ ਵਜੋਂ ਵੱਡੇ ਫਰਕ ਨਾਲ ਜਿੱਤਿਆ। ਸਰੀ ਕੇਂਦਰੀ ਤੋਂ ਰਣਦੀਪ ਸਿੰਘ ਸਰਾਏ ਨੇ ਸੁੱਖ ਪੰਧੇਰ ਨੂੰ ਹਰਾ ਕੇ ਅਤੇ ਸਰੀ ਨਿਊਟਨ ਤੋਂ ਸੁੱਖ ਧਾਲੀਵਾਲ ਨੇ ਹਰਜੀਤ ਸਿੰਘ ਗਿੱਲ (ਰੇਡੀਓ ਹੋਸਟ) ਨੂੰ ਹਰਾ ਕੇ (ਦੋਹਾਂ ਨੇ) ਚੌਥੀ ਵਾਰ ਜਿੱਤ ਹਾਸਲ ਕੀਤੀ। ਐਨਡੀਪੀ ਦੇ ਰਾਜ ਸਿੰਘ ਤੂਰ ਨੂੰ ਸਿਰਫ 7 ਫੀਸਦ ਵੋਟਾਂ ਹੀ ਮਿਲੀਆਂ।
ਬਰੈਂਪਟਨ ਕੈਲੇਡਨ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਅਮਰਦੀਪ ਜੱਜ ਨੇ ਲਿਬਰਲ ਦੀ ਰੂਬੀ ਸਹੋਤਾ ਨੂੰ ਹਰਾਇਆ ਹੈ। ਬਰੈਪਟਨ ਦੱਖਣੀ ਦੇ ਫਸਵੇਂ ਮੁਕਾਬਲੇ ’ਚ ਲਿਬਰਲ ਦੀ ਸੋਨੀਆ ਸਿੱਧੂ ਨੇ ਕੰਜ਼ਰਵੇਟਿਵ ਸੁਖਦੀਪ ਕੌਰ ਕੰਗ ਨੂੰ 372 ਵੋਟਾਂ ਦੇ ਫਰਕ ਨਾਲ ਹਰਾਇਆ। ਬਰੈਂਪਟਨ ਪੱਛਮੀ ਤੋਂ ਪਹਿਲੀ ਵਾਰ ਚੋਣ ਮੈਦਾਨ ’ਚ ਕੁੱਦੇ ਅਮਰਜੀਤ ਸਿੰਘ ਗਿੱਲ ਨੇ ਇਸੇ ਹਲਕੇ ਤੋਂ ਤਿੰਨ ਵਾਰ ਜੇਤੂ ਸਾਬਕ ਕੇਂਦਰੀ ਮੰਤਰੀ ਬੀਬੀ ਕਮਲ ਖਹਿਰਾ ਨੂੰ ਹਰਾਇਆ। ਬਰੈਂਪਟਨ ਕੇਦਰੀ ਤੋਂ ਲਿਬਰਲ ਉਮੀਦਵਾਰ ਅਮਨਦੀਪ ਸਿੰਘ ਸੋਢੀ ਨੇ ਕੰਜ਼ਰਵੇਟਿਵ ਦੇ ਤਰਨ ਚਾਹਲ ਤੋਂ ਥੋੜੇ ਫਰਕ ਨਾਲ ਜਿੱਤ ਹਾਸਲ ਕੀਤੀ। ਸਾਬਕ ਰੱਖਿਆ ਮੰਤਰੀ ਅਨੀਤਾ ਅਨੰਦ ਨੇ ਓਕਵਿੱਲ ਸੀਟ ਫਿਰ ਤੋਂ ਆਪਣੀ ਝੋਲੀ ਪਾ ਲਈ ਹੈ।
ਪੰਜਾਬੀ ਮੂਲ ਦੇ 60 ਤੋਂ ਵੱਧ ਉਮੀਦਵਾਰਾਂ ਨੇ ਕਿਸਮਤ ਅਜ਼ਮਾਈ
ਇਸ ਵਾਰ ਦੀਆਂ ਚੋਣਾਂ ਵਿਚ ਵੱਖ-ਵੱਖ ਪਾਰਟੀਆਂ ਵੱਲੋਂ 60 ਤੋਂ ਵੀ ਵੱਧ ਪੰਜਾਬੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿਚ ਸਨ। ਇਨ੍ਹਾਂ ਵਿਚ ਮੁੱਖ ਤੌਰ ‘ਤੇ ਸੁਖ ਧਾਲੀਵਾਲ/ਹਰਜੀਤ ਸਿੰਘ, ਰੂਬੀ ਸਹੋਤਾ/ਅਮਨਦੀਪ ਜਗਦੇ, ਸੋਨੀਆ ਸਿੱਧੂ/ਸੁਖਦੀਪ ਕੰਗ, ਕਮਲ ਖਹਿਰਾ, ਐਡਮੰਟਨ ਤੋਂ ਟਿਮ ਉਪਲ, ਜਗਸ਼ਰਨ ਸਿੰਘ, ਅਮਰਜੀਤ ਸਿੰਘ ਸੋਹੀ, ਹਰਪ੍ਰੀਤ ਸਿੰਘ ਗਰੇਵਾਲ, ਮਨਿੰਦਰ ਸਿੱਧੂ, ਇਕਵਿੰਦਰ ਸਿੰਘ ਗਹੀਰ, ਪਰਮ ਬੈਂਸ ਪ੍ਰਮੁੱਖ ਤੇ ਚਰਚਿਤ ਆਗੂ ਹਨ।
ਬਰੈਂਪਟਨ ਖੇਤਰ ਵਿਚੋਂ ਕਮਲ ਖਹਿਰਾ, ਰੂਬੀ ਸਹੋਤਾ, ਸੋਨੀਆ ਸਿੱਧੂ, ਮਨਿੰਦਰ ਸਿੱਧੂ, ਮਿਸੀਸਾਗਾ ਮਾਲਟਨ ਤੋਂ ਇਕਿਵਿੰਦਰ ਸਿੰਘ ਗਹੀਰ ਆਖਰੀ ਗੇੜ ਦੀ ਗਿਣਤੀ ਤੱਕ ਆਪਣੇ ਵਿਰੋਧੀ ਉਮੀਦਵਾਰਾਂ ਤੋਂ ਅੱਗੇ ਚੱਲ ਰਹੇ ਸਨ। ਐਡਮੰਟਨ ਤੋਂ ਟਿਮ ਉਪਲ, ਜਗਸ਼ਰਨ ਸਿੰਘ, ਸਰੀ ਤੋਂ ਸੁਖ ਧਾਲੀਵਾਲ਼ ਅਤੇ ਰਣਦੀਪ ਸਰਾਏ ਜਦਕਿ ਰਿਚਮੰਡ ਤੋਂ ਪਰਮ ਬੈਂਸ ਆਪੋ ਆਪਣੇ ਵਿਰੋਧੀਆਂ ਤੋਂ ਅੱਗੇ ਸਨ।
ਪੰਜਾਬੀ ਟ੍ਰਿਬਯੂਨ
test