05 ਮਈ, 2025 – ਰਾਮਾਂ ਮੰਡੀ : ਮੰਡੀ ਵਿਚ ਕਣਕ ਬੀਜ ਫੈਕਟਰੀਆਂ ਤੋਂ ਇਲਾਵਾ ਫਲੋਰ ਮਿੱਲਾਂ, ਸ਼ੈਲਰਾਂ ਤੇ ਤੇਲ ਮਿੱਲ ਦੀਆਂ ਪ੍ਰਾਈਵੇਟ ਫਰਮਾਂ ਨੇ ਕਣਕ ਦਾ ਬੀਜ ਤੇ ਆਟਾ ਤਿਆਰ ਕਰਨ ਦੀ ਆੜ ਹੇਠ ਸਮਰੱਥਾ ਤੋਂ ਵੱਧ ਕਣਕ ਖਰੀਦੀ ਹੈ। ਸਰਕਾਰ ਨੇ ਇਨ੍ਹਾਂ ਨੂੰ ਕਣਕ ਦਾ ਬੀਜ ਤੇ ਆਟਾ ਤਿਆਰ ਕਰਨ ਲਈ ਪ੍ਰਤੀ ਕੁਇੰਟਲ 145 ਰੁਪਏ ਦੀ ਵਿਸ਼ੇਸ਼ ਤੌਰ ’ਤੇ ਛੋਟ ਦਿੱਤੀ ਹੈ। ਰਿਆਇਤ ਵਾਲੀ ਕਣਕ ਨੂੰ ਲੁਕਵੇਂ ਤਰੀਕਿਆਂ ਨਾਲ ਨੇੜਲੇ ਸੂਬਿਆਂ ਵਿਚ ਭੇਜਿਆ ਜਾ ਰਿਹਾ ਹੈ ਤੇ ਥੋੜ੍ਹੇ ਹੀ ਦਿਨਾਂ ਚ ਇਹ ਕੰਮ ਮੁਕੰਮਲ ਕਰ ਦਿਤਾ ਜਾਵੇਗਾ। ਭਾਵੇਂ ਇਹ ਗੱਲ ਸਾਰੀਆਂ ਫਰਮਾਂ ’ਤੇ ਲਾਗੂ ਨਹੀਂ ਹੁੰਦੀ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਇਨ੍ਹਾਂ ਵਲੋਂ ਐਕਤੀ ਕੁੱਲ 17 ਲੱਖ ਤੋਂ ਵੱਧ ਗੱਟਾ ਕਣਕ ਖਰੀਦ ਕੇ ਤਕਰੀਬਨ 11 ਲੱਖ ਗੱਟੇ ਦੀ ਸਰਕਾਰੀ ਫੀਸ ਅਦਾ ਕਰਕੇ 6 ਕੁ ਲੱਖ ਗੱਟਾ ਬਿਨਾਂ ਸਰਕਾਰੀ ਫੀਸ ਅਦਾ ਕੀਤੇ ਖਰੀਦਿਆ ਹੈ।
ਬਗੈਰ ਫੀਸ ਭਰੇ ਖਰੀਦੀ ਕਣਕ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦੀ ਮਾਰਕੀਟ ਫੀਸ ਤੇ ਆਰਡੀਐਫ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਸਰਕਾਰੀ ਤੌਰ ’ਤੇ 7 ਲੱਖ ਗੱਟੇ ਦੀ ਖਰੀਦ ਹੈ। ਕੁੱਝ ਸ਼ੈਲਰ ਤੇ ਤੇਲ ਮਿੱਲ ਮਾਲਕਾਂ ਨੇ ਵੀ ਲਾਹਾ ਲੈਣ ਲਈ ਵਿਖਾਵੇ ਲਈ ਆਟਾ ਚੱਕੀਆਂ ਫਿੱਟ ਕੀਤੀਆਂ ਹਨ। ਸ਼ੈਲਰ ਇੰਡਸਟਰੀ ਮਈ ਤੋਂ ਅਕਤੂਬਰ ਤੱਕ 6 ਮਹੀਨੇ ਬੰਦ ਰਹਿਦੀ ਹੈ ਤੇ ਬਿਜਲੀ ਖਪਤ ਜ਼ੀਰੋ ਹੁੰਦੀ ਹੈ ਸਰਕਾਰ ਚਾਹੇ ਤਾਂ ਆਟਾ ਪੀਸਣ ਲਈ ਵਰਤੀ 6 ਮਹੀਨੇ ਦੀ ਖਪਤ ਪਿਸਾਈ ਲਈ ਖਰੀਦੀ ਕਣਕ ਦੀ ਹਕੀਕਤ ਸਾਹਮਣੇ ਲਿਆ ਸਕਦੀ ਹੈ। ਸੂਤਰ ਦੱਸਦੇ ਹਨ ਕਿ ਇਸ ਵਾਰ ਕਈ ਫਰਮਾਂ ਨੇ ਬਗੈਰ ਕੰਟਰੈਕਟ ਫਾਰਮਿੰਗ ਸਮਝੋਤੇ ਵਾਲੇ ਬਹੁਤ ਕਿਸਾਨਾਂ ਦੀ ਕਣਕ ਖਰੀਦੀ ਹੈ।ਕੰਡਾ ਪਰਚੀਆਂ ਦਾ ਰਿਕਾਰਡ ਖੰਘਾਲ ਕੇ ਪਤਾ ਲੱਗ ਸਕਦਾ ਹੈ ਕਿ ਇਨ੍ਹਾਂ ਸਮਝੌਤੇ ਵਾਲੇ ਕਿੰਨੇ ਕਿਸਾਨਾਂ ਤੇ ਬਿਨਾਂ ਸਮਝੋਤੇ ਵਾਲੇ ਕਿੰਨੇ ਕਿਸਾਨਾਂ ਦੀ ਕਣਕ ਖਰੀਦੀ ਹੈ। ਇਸ ਬਾਰੇ ਜਦੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਸਖਤੀ ਨਾਲ ਉੱਚ ਪੱਧਰੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਜਦੋਂ ਮਾਰਕੀਟ ਕਮੇਟੀ ਰਾਮਾਂ ਮੰਡੀ ਦੀ ਚੇਅਰਮੈਨ ਗੁਰਪ੍ਰੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਕੰਮ ਸਾਡੇ ਅਧੀਨ ਨਹੀਂ ਖੇਤੀਬਾੜੀ ਵਿਭਾਗ ਦੇ ਅਧੀਨ ਹੈ। ਉਨ੍ਹਾਂ ਕਿਹਾ ਕਿ ਇੱਕ ਮੀਟਿੰਗ ਬੁਲਾਈ ਗਈ ਸੀ ਜਿਸ ਵਿਚ ਉਨ੍ਹਾਂ ਫਰਮਾਂ ਤੋਂ ਰਿਕਾਰਡ ਦੀ ਮੰਗ ਕੀਤੀ ਸੀ। ਇਨ੍ਹਾਂ ਰਿਕਾਰਡ ਤਾਂ ਨਹੀਂ ਵਿਖਾਇਆ ਪਰ ਭਰੋਸਾ ਦਿੱਤਾ ਕਿ ਰਿਕਾਰਡ ਉਨ੍ਹਾਂ ਕੋਲ ਮੌਜੂਦ ਹੈ।
ਪੰਜਾਬੀ ਟ੍ਰਿਬਯੂਨ
test