06 ਮਈ, 2025 – ਧਾਰੀਵਾਲ : ਦਾਣਾ ਮੰਡੀ ਧਾਰੀਵਾਲ ਵਿੱਚੋਂ ਕਣਕ ਦੀ ਲਿਫਟਿੰਗ ਦੀ ਮੱਧਮ ਰਫਤਾਰ ਕਾਰਨ ਆੜ੍ਹਤੀਏ ਪ੍ਰੇਸ਼ਾਨ ਹਨ। ਆੜ੍ਹਤੀ ਐਸੋਸੀਏਸ਼ਨ ਧਾਰੀਵਾਲ ਦੇ ਪ੍ਰਧਾਨ ਮੰਗਲ ਸਿੰਘ, ਸਕੱਤਰ ਰੂਪ ਸਿੰਘ ਜਫਰਵਾਲ, ਜਸਪਾਲ ਸਿੰਘ, ਕਰਤਾਰ ਸਿੰਘ ਭੰਗੂ, ਤਰਲੋਕ ਸਿੰਘ, ਰੋਬਿਨ ਵੋਹਰਾ, ਤਰਲੋਕ ਸਿੰਘ, ਲਵਲੀ, ਰਾਮ ਪ੍ਰਕਾਸ਼ ਸ਼ਾਸਤਰੀ, ਸੁਭਾਸ਼ ਜੰਬਾ, ਰਵੀ ਮਹਾਜਨ ਤੇ ਗੁਰਵਿੰਦਰ ਸਿੰਘ ਖੈਹਿਰਾ ਆਦਿ ਆੜ੍ਹਤੀਆਂ ਦੱਸਿਆ ਕਿ ਉਨ੍ਹਾਂ ਨੇ ਇੱਥੇ ਮੰਡੀ ਵਿੱਚ ਕਣਕ ਦੀ ਚੁਕਾਈ ਤੇਜ਼ ਕਰਨ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਹੈ।
ਆੜ੍ਹਤੀਆਂ ਦੱਸਿਆ ਕਿ ਧਾਰੀਵਾਲ ਦਾਣਾ ਮੰਡੀ ਵਿੱਚ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਤਾਂ ਕੀਤੀ ਗਈ ਪਰ ਲਿਫਟਿੰਗ ਦੀ ਰਫਤਾਰ ਬਹੁਤ ਮੱਧਮ ਹੈ ਅਤੇ ਹੋਈ ਬੱਦਲਵਾਈ ਕਾਰਨ ਬੇਮੌਸਮੀ ਬਰਸਾਤ ਦੇ ਅਸਾਰ ਕਾਰਨ ਆੜ੍ਹਤੀਆਂ ਦੇ ਸਾਹ ਸੁੱਕੇ ਹੋਏ ਹਨ। ਇਸ ਸਬੰਧੀ ਮਾਰਕੀਟ ਕਮੇਟੀ ਧਾਰੀਵਾਲ ਦੇ ਸਕੱਤਰ ਜਗਰੂਪ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਲਿਫਟਿੰਗ ਹੋ ਰਹੀ ਹੈ ਅਤੇ ਫਿਰ ਵੀ ਉਹ ਖਰੀਦ ਏਜੰਸੀਆਂ ਦੇ ਸਬੰਧਿਤ ਅਧਿਕਾਰੀਆਂ ਅਤੇ ਢੋਆ ਢੁਆਵੀ ਦੇ ਠੇਕੇਦਾਰ ਨੂੰ ਕਣਕ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਬਾਰੇ ਲਿਖਤ ਤੌਰ ’ਤੇ ਸੁਚੇਤ ਕਰਨਗੇ।
ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੱਸਿਆ ਕਿ ਗੁਦਾਮਾਂ ਵਿੱਚ ਕਣਕ ਦੀ ਅਣ-ਲੋਡਿੰਗ ਕਰਨ ਲਈ ਲੇਬਰ ਦੀ ਘਾਟ ਕਰਕੇ ਸਮੱਸਿਆ ਆਈ ਹੈ ਅਤੇ ਅਗਲੇ ਕੁਝ ਦਿਨਾਂ ਦੌਰਾਨ ਕਣਕ ਦੀ ਮੁਕੰਮਲ ਚੁਕਾਈ ਹੋ ਜਾਵੇਗੀ। ਉਨ੍ਹਾਂ ਦੱਸਿਆ ਲਿਫਟਿੰਗ ਨਾ ਹੋਣ ਤੱਕ ਆੜ੍ਹਤੀਆਂ ਨੇ ਹੀ ਮੰਡੀ ’ਚ ਕਣਕ ਦੀ ਸਾਂਭ ਸੰਭਾਲ ਦੇ ਪ੍ਰਬੰਧ ਕਰਨੇ ਹੁੰਦੇ ਹਨ। ਢੋਆ-ਢੋਆਈ ਟਰਾਂਸਪੋਰਟ ਦੇ ਠੇਕੇਦਾਰ ਸੁਖਪ੍ਰੀਤ ਸਿੰਘ ਨੇ ਦੱਸਿਆ ਕਣਕ ਦੀ ਲਿਫਟਿੰਗ ਸਬੰਧੀ ਟ੍ਰਾਂਸਪੋਰਟ ਦੀ ਕੋਈ ਕਮੀਂ ਨਹੀਂ ਹੈ ਪਰ ਲੱਦੀਆਂ ਗੱਡੀਆਂ ਦੀ ਦੋ ਤਿੰਨ ਦਿਨ ਬਾਅਦ ਅਣ-ਲੋਡਿੰਗ ਹੋਣ ਕਾਰਨ ਚੁਕਾਈ ਵਿੱਚ ਦੇਰੀ ਹੋ ਰਹੀ ਹੈ।
ਪੰਜਾਬੀ ਟ੍ਰਿਬਯੂਨ
test