‘ਪਤਾ ਨਹੀਂ ਕੀ ਹੋਣ ਵਾਲਾ ਹੈ, ਇਸ ਲਈ ਘਰ ਖਾਲ੍ਹੀ ਕਰਕੇ ਰਿਸ਼ਤੇਦਾਰਾਂ ਕੋਲ ਜਾ ਰਹੇ ਹਾਂ‘
08 ਮਈ 2025 : ”ਜੰਗ ਦਾ ਖ਼ਤਰਾ ਹੈ, ਪਤਾ ਨਹੀਂ ਰਾਤ-ਬਰਾਤੇ ਹਮਲਾ ਕਰ ਦੇਣ ਪਾਕਿਸਤਾਨ ਵਾਲੇ, ਸਾਨੂੰ ਕੁਝ ਪਤਾ ਨਹੀਂ ਕਿ ਕੀ ਕੁਝ ਹੋਣ ਵਾਲਾ ਹੈ, ਦਾਣੇ ਅਤੇ ਕੱਪੜੇ ਲੈ ਕੇ ਰਿਸ਼ਤੇਦਾਰਾਂ ਕੋਲ ਜਾ ਰਹੇ ਹਾਂ ਤਾਂ ਕਿ ਬੱਚਿਆਂ ਨੂੰ ਸੁਰੱਖਿਅਤ ਰੱਖ ਸਕੀਏ।”
ਫਿਰੋਜ਼ਪੁਰ ਦੇ ਪਿੰਡ ਟੇਂਡੀਵਾਲਾ ਦੀ ਵਸਨੀਕ ਪੰਜੋ ਬਾਈ ਦੇ ਇਹ ਸ਼ਬਦ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਲੋਕਾਂ ਦੇ ਮਨਾਂ ਵਿਚਲੇ ਡਰ ਅਤੇ ਸਹਿਮ ਦੀ ਤਸਵੀਰ ਨੂੰ ਪੇਸ਼ ਕਰਦੇ ਹਨ।
ਪੰਜੋ ਬਾਈ ਪਰਿਵਾਰ ਨਾਲ ਜ਼ਰੂਰੀ ਸਾਜੋ-ਸਮਾਨ ਟ੍ਰੈਕਟਰ ਉੱਤੇ ਲੱਦ ਕੇ ਆਪਣੇ ਰਿਸ਼ਤੇਦਾਰਾਂ ਕੋਲ ਮੋਗਾ ਦੇ ਧਰਮਕੋਟ ਜਾ ਰਹੇ ਹਨ।
ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਉੱਤੇ ਵੱਸੇ 12-14 ਤੋਂ ਵੱਧ ਸਰਹੱਦੀ ਪਿੰਡਾਂ ਵਿੱਚ ਲੋਕ ਸਮਾਨ ਲੈ ਕੇ ਪਿੰਡ ਖਾਲ੍ਹੀ ਕਰ ਰਹੇ ਹਨ।
ਇਹ ਲੋਕ ਪਰਿਵਾਰ ਦੇ ਇੱਕ ਦੋ ਜੀਅ ਘਰ ਛੱਡ ਕੇ ਜਾ ਰਹੇ ਹਨ, ਜੋ ਪਸ਼ੂਆਂ ਅਤੇ ਘਰਾਂ ਦੇ ਦੇਖਭਾਲ ਕਰ ਸਕਣ।
ਜਾਣੋ ਹੁਣ ਤੱਕ ਕੀ–ਕੀ ਹੋਇਆ ਹੈ…
- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹਮਲੇ ਤੋਂ ਦੋ ਹਫ਼ਤਿਆਂ ਬਾਅਦ, ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕਈ ਥਾਵਾਂ ‘ਤੇ ਹਮਲੇ ਕੀਤੇ ਹਨ।
- ਭਾਰਤ ਨੇ ਇਨ੍ਹਾਂ ਹਮਲਿਆਂ ਨੂੰ ‘ਆਪ੍ਰੇਸ਼ਨ ਸਿੰਦੂਰ’ ਦਾ ਨਾਮ ਦਿੱਤਾ ਹੈ।
- ਭਾਰਤ ਨੇ ਕਿਹਾ ਹੈ ਕਿ ਉਸਨੇ ਪਾਕਿਸਤਾਨ ਵਿੱਚ ਨੌਂ ਥਾਵਾਂ ‘ਤੇ ਹਮਲਾ ਕੀਤਾ ਹੈ।
- ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਸੁਭਾਨ ਅੱਲ੍ਹਾ ਜਾਮਾ ਮਸਜਿਦ ‘ਤੇ ਭਾਰਤ ਵੱਲੋਂ ਕੀਤੇ ਗਏ ਹਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਦਸ ਮੈਂਬਰ ਅਤੇ ਚਾਰ ਕਰੀਬੀ ਸਾਥੀ ਮਾਰੇ ਗਏ ਹਨ।
- ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਹਮਲਿਆਂ ਵਿੱਚ 26 ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ 46 ਲੋਕ ਜ਼ਖ਼ਮੀ ਹੋ ਗਏ ਹਨ।
- ਭਾਰਤੀ ਫੌਜ ਦੇ ਉੱਚ ਅਧਿਕਾਰੀ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ ਕਿ ਸਰਹੱਦ ਉੱਤੇ ਪੁੰਛ ਇਲਾਕੇ ਵਿੱਚ ਹੋਈ ਪਾਕਿਸਤਾਨੀ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ ਅਤੇ 32 ਲੋਕ ਜ਼ਖ਼ਮੀ ਹਨ।
- ਹਾਲਾਂਕਿ, ਭਾਰਤ ਨੇ ਮੀਡੀਆ ਨੂੰ ਦੱਸਿਆ ਹੈ ਕਿ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲੇ ‘ਗਿਣੇ-ਮਿੱਥੇ ਅਤੇ ਗ਼ੈਰ-ਭੜਕਾਊ’ ਸਨ।
- ਭਾਰਤ ਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਕਿਸੇ ਵੀ ਫੌਜੀ ਢਾਂਚੇ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ।
- ਪਾਕਿਸਤਾਨ ਅਤੇ ਭਾਰਤ ਨੇ ਕਈ ਇਲਾਕਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਹਨ।
- ਭਾਰਤੀ ਫੌਜ ਵੱਲੋਂ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕਰਨ ਤੋਂ ਬਾਅਦ, ਕਈ ਏਅਰਲਾਈਨਾਂ ਨੇ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ।
ਪਿੰਡ ਖਾਲ੍ਹੀ ਕਰਨ ਬਾਰੇ ਅਜੇ ਕੋਈ ਸਰਕਾਰੀ ਹੁਕਮ ਜਾਂ ਹਦਾਇਤ ਜਾਰੀ ਨਹੀਂ ਹੋਈ ਹੈ ਪਰ ਲੋਕਾਂ ਵਿੱਚ ਸਹਿਮ ਦਾ ਮਾਹੌਲ ਵੇਖਿਆ ਜਾ ਸਕਦਾ ਹੈ।
ਇਨ੍ਹਾਂ ਪਿੰਡਾਂ ਵੱਲ ਸਿਰਫ਼ ਸਥਾਨਕ ਲੋਕਾਂ ਨੂੰ ਹੀ ਜਾਣ ਦਿੱਤਾ ਜਾ ਰਿਹਾ ਹੈ ਤੇ ਬਾਹਰੀ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਸਥਾਨਕ ਲੋਕਾਂ ਦੀ ਵੀ ਖੂਬ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਫਿਰੋਜ਼ਪੁਰ ਦੇ ਐੱਸਡੀਐੱਮ ਗੁਰਮੀਤ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਪ੍ਰਸ਼ਾਸ਼ਨ ਜਾਂ ਫੌਜ ਵਲੋਂ ਕਿਸੇ ਨੂੰ ਪਿੰਡ ਛੱਡ ਕੇ ਜਾਣ ਲਈ ਨਹੀਂ ਕਿਹਾ ਗਿਆ ਹੈ।
ਉਨ੍ਹਾਂ ਕਿਹਾ, ”ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਅਜਿਹਾ ਕਰਨ ਦੀ ਕੋਈ ਲੋੜ ਨਹੀਂ ਹੈ।”
ਸੜਕ ਉੱਤੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਪੰਜੋ ਬਈ ਕੋਲ਼ੋ ਲੰਘਦੇ ਦੂਜੇ ਟ੍ਰੈਕਟਰ ਵੱਲ ਇਸ਼ਾਰਾ ਕਰਦੇ ਕਹਿੰਦੇ ਹਨ, ”ਓ ਦੇਖੋ ਉਹ ਵੀ ਜਾ ਰਹੇ ਹਨ, ਆਪਣੇ ਬੱਚਿਆਂ ਨੂੰ ਲੈ ਕੇ।”
ਭਾਰਤ ਵਲੋਂ 6-7 ਅਪ੍ਰੈਲ ਦੀ ਵਿਚਕਾਰਲੀ ਰਾਤ ਨੂੰ ਭਾਰਤੀ ਫੌਜ ਨੇ ਪਾਕਿਸਤਾਨ ਅਤੇ ਪਾਕਿਸਤਾਨੀ ਸਾਸ਼ਿਤ ਕਸ਼ਮੀਰ ਉੱਤੇ ਮਿਜ਼ਾਇਲ ਹਮਲਾ ਕੀਤਾ ਗਿਆ ਹੈ।
ਜਿਸ ਤੋਂ ਬਾਅਦ ਦੋਵਾਂ ਮੁਲਕਾਂ ਵਿੱਚ ਪਹਿਲਗਾਮ ਹਮਲੇ ਤੋਂ ਸ਼ੁਰੂ ਹੋਇਆ ਤਣਾਅ ਸਿਖ਼ਰ ਉੱਤੇ ਪਹੁੰਚਦਾ ਦਿਖ ਰਿਹਾ ਹੈ। ਬੀਤੇ 22 ਅਪ੍ਰੈਲ 2025 ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ 26 ਮੌਤਾਂ ਹੋਈਆਂ ਸਨ।
ਹੁਣ ਭਾਰਤੀ ਮਿਜ਼ਾਇਲ ਹਮਲੇ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਤਣਾਅ ਹੋਰ ਵਧਣ ਦੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ, ਜਿਸ ਤੋਂ ਬਾਅਦ ਸਰਹੱਦੀ ਖੇਤਰਾਂ ਦੇ ਲੋਕਾਂ ਅੱਗੇ ਇੱਕ ਵਾਰ ਫੇਰ ਉਜਾੜੇ ਦਾ ਡਰ ਪੈਦਾ ਹੋ ਗਿਆ।
ਪੰਜੋ ਬਾਈ ਦੱਸਦੇ ਹਨ ਕਿ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਫੌਜੀ ਅਫ਼ਸਰ ਨੇ ਉਨ੍ਹਾਂ ਨੂੰ ਪਿੰਡ ਛੱਡਣ ਲਈ ਨਹੀਂ ਕਿਹਾ ਹੈ, ਉਹ ਆਪਸੀ ਗੱਲਬਾਤ ਤੋਂ ਬਾਅਦ ਬੱਚਿਆਂ ਨੂੰ ਲੈ ਕੇ ਸਰਹੱਦ ਤੋਂ ਪਿੱਛੇ ਜਾ ਰਹੇ ਹਨ।
ਹਮਲੇ ਤੋਂ ਬਾਅਦ ਲੋਕ ਡਰ ਗਏ ਹਨ
ਪੰਜੋ ਬਾਈ ਵਾਂਗ ਝੁੱਗੇ ਹਜ਼ਾਰਾ ਸਿੰਘਵਾਲਾ ਦੇ ਜੀਤ ਸਿੰਘ ਵੀ ਆਪਣੇ ਪਰਿਵਾਰ ਨੂੰ ਲੈ ਕੇ ਰਿਸ਼ਤੇਦਾਰਾਂ ਕੋਲ ਜਾ ਰਹੇ ਹਨ। ਉਹ ਇਸ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ।
ਉਹ ਦੱਸਿਆ, ”ਰਾਤ ਦੇ ਮਿਜ਼ਾਇਲ ਹਮਲੇ ਤੋਂ ਬਾਅਦ ਪਿੰਡ ਵਿੱਚ ਡਰ ਜ਼ਿਆਦਾ ਪੈਦਾ ਹੋ ਗਿਆ ਹੈ। ਲੋਕ ਆਪਣੇ ਘਰਾਂ ਨੂੰ ਛੱਡ ਕੇ ਪਿੱਛੇ ਰਿਸ਼ਤੇਦਾਰਾਂ ਕੋਲ ਜਾ ਰਹੇ ਹਨ , ਅਸੀਂ ਵੀ ਜਾਵਾਂਗੇ ਉਸੇ ਦੀ ਤਿਆਰੀ ਕਰ ਰਹੇ ਹਾਂ।”
ਗੱਲ ਕਰਦੇ-ਕਰਦੇ ਜੀਤ ਸਿੰਘ ਸੜਕ ਉੱਤੇ ਜਾ ਰਹੇ ਟ੍ਰੈਕਟਰ ਦੀ ਅਵਾਜ਼ ਸੁਣ ਕੇ ਪਿੱਛੇ ਵੱਲ ਇਸ਼ਾਰਾ ਕਰਦੇ ਹਨ, ”ਦੇਖੋ, ਰਾਤ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣ ਗਣ ਹਨ, ਲੱਗਦਾ ਹੈ, ਪੂਰਾ ਇਲ਼ਾਕਾ ਖਾਲ੍ਹੀ ਹੋ ਜਾਵੇਗਾ।”
ਸਾਡਾ ਇਸ਼ਾਰਾ ਦੇਖ ਕੇ ਟ੍ਰੈਕਟਰ ਵਾਲਾ ਵੀ ਰੁਕ ਗਿਆ, ਇਹ ਵਿਅਕਤੀ ਸੀ ਜੱਜ ਸਿੰਘ, ਜੋ ਜੀਤ ਸਿੰਘ ਦੇ ਪਿੰਡ ਝੁੱਗੇ ਹਜ਼ਾਰਾ ਸਿੰਘਵਾਲਾ ਦਾ ਹੀ ਰਹਿਣ ਵਾਲਾ ਹੈ।
ਉਹ ਕਹਿੰਦਾ ਹੈ, ”ਸਾਨੂੰ ਕਿਸੇ ਨੇ ਘਰ ਛੱਡ ਕੇ ਜਾਣ ਲਈ ਨਹੀਂ ਕਿਹਾ ਗਿਆ, ਪਰ ਅਸੀਂ ਜਾ ਰਹੇ ਹਾਂ। ਕਿਉਂ ਕਿ ਜੰਗ ਦੌਰਾਨ ਪਹਿਲਾਂ ਵੀ ਫੌਜ ਨੇ 1971 ਦੀ ਜੰਗ ਦੌਰਾਨ ਸਤਲੁਜ ਦਰਿਆ ਉੱਤੇ ਬਣਿਆ ਪੁਲ ਉਡਾ ਦਿੱਤਾ ਸੀ। ਹੋ ਸਕਦਾ ਹੈ ਇਸ ਵਾਰ ਵੀ ਉਡਾ ਦੇਣ, ਫੇਰ ਨਿਕਲ ਨਹੀਂ ਹੋਵੇਗਾ।”
ਦਰਅਸਲ ਫਿਰੋਜ਼ਪੁਰ ਅਤੇ ਹੁਸੈਨੀਵਾਲਾ ਬਾਰਡਰ ਉੱਤੇ ਵੱਸੇ ਇਨ੍ਹਾਂ ਪਿੰਡਾਂ ਨੂੰ ਸਤਲੁਜ ਦਰਿਆ ਉੱਤੇ ਬਣਿਆ ਪੁਲ਼ ਜੋੜਦਾ ਹੈ, ਲੋਕਾਂ ਨੂੰ ਡਰ ਹੈ ਕਿ ਇਸ ਵਾਰ ਇਹ ਪੁਲ਼ ਦੁਬਾਰਾ ਨਾ ਤੋੜ ਦਿੱਤਾ ਜਾਵੇ। ਇਸ ਲਈ ਇਹ ਆਪ ਹੀ ਸਰਹੱਦ ਤੋਂ ਪਿੱਛੇ ਹਟਣੇ ਸ਼ੁਰੂ ਹੋ ਰਹੇ ਹਨ।
ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਕੂਲ ਬੰਦ
ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਫਿਰੋਜ਼ਪੁਰ ਬਾਰਡਰ ਵਰਗਾ ਪਰਵਾਸ ਨਹੀਂ ਦੇਖਿਆ ਜਾ ਰਿਹਾ।
ਪਰ ਚੌਕਸੀ ਵਜੋਂ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ ਅਤੇ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵਿੱਚ ਵਿਦਿਅਕ ਅਦਾਰੇ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸੂਬੇ ਵਿੱਚ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਫਾਜ਼ਿਲਕਾ ਵਿੱਚ ਸਿੱਖਿਆ ਸੰਸਥਾਵਾਂ ਨੂੰ ਅਗਲੇ 72 ਘੰਟਿਆਂ ਤੱਕ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਸਰਹੱਦੀ ਜ਼ਿਲ੍ਹਿਆਂ ਵਿੱਚ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਕੁਝ ਤਣਾਅ ਦੇਖਣ ਨੂੰ ਮਿਲ ਰਿਹਾ ਹੈ।
ਪਰ ਬੀਬੀਸੀ ਦੇ ਸਹਿਯੋਗੀਆਂ ਦੀ ਜਾਣਕਾਰੀ ਮੁਤਾਬਕ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹਾਲਾਤ ਦੇ ਮੱਦੇਨਜ਼ਰ ਲੋਕ ਆਪਣਾ ਸਾਜੋ ਸਮਾਨ ਸਾਂਭਣ ਲੱਗੇ ਹਨ।
ਦੂਜੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਹਵਾਈ ਅੱਡਿਆਂ ਉੱਤੇ ਆਮ ਨਾਗਰਿਕਾਂ ਲਈ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਬਠਿੰਡਾ ਵਿੱਚ ਏਅਰਕ੍ਰਾਫਟ ਕਰੈਸ਼
ਪੰਜਾਬ ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨਾਲ ਗੱਲਬਾਤ ਦੌਰਾਨ ਬਠਿੰਡਾ ਵਿੱਚ ਏਅਰਕ੍ਰਾਫ਼ਟ ਦੇ ਹਾਦਸਾ ਦੇ ਸ਼ਿਕਾਰ ਹੋਣ ਦੀ ਪੁਸ਼ਟੀ ਕੀਤੀ ਹੈ।
ਜਾਣਕਾਰੀ ਮੁਤਾਬਕ ਬਠਿੰਡਾ ਦੇ ਪਿੰਡ ਅਕਲੀਆਂ ਕਲਾਂ ਵਿੱਚ ਬੀਤੀ ਰਾਤ ਲਗਭਗ 2 ਵਜੇ ਇੱਕ ਏਅਰਕ੍ਰਾਫਟ ਹਾਦਸਾ ਗ੍ਰਸਤ ਹੋਇਆ ਸੀ।
ਇਸ ਹਾਦਸੇ ਵਿਚ ਵਿੱਚ ਇੱਕ ਸਥਾਨਕ ਨਿਵਾਸੀ ਦੀ ਮੌਤ ਹੋ ਗਈ ਅਤੇ 9 ਜਣੇ ਹੋਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ। ਸਾਰੇ ਜ਼ਖ਼ਮੀ ਵਿਅਕਤੀ ਸਥਾਨਕ ਨਿਵਾਸੀ ਹਨ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਸਰਹੱਦੀ ਖੇਤਰਾਂ ‘ਚ ਤਣਾਅ
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿੱਚ ਪੈਟ੍ਰੋਲਪੰਪਾਂ ਉੱਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।
ਗੁਰਦਾਸਪੁਰ ਦੇ ਸਰਹੱਦ ਨਾਲ ਲੱਗਦੇ ਪਿੰਡਾ ਦੇ ਲੋਕਾਂ ਨੇ ਦੱਸਿਆ ਕਿ ਰਾਤ ਤੋਂ ਜਹਾਜ਼ਾਂ ਦੀ ਆਵਾਜ਼ ਆ ਰਹੀ ਸੀ। ਸਵੇਰੇ ਉਠ ਕੇ ਹਮਲੇ ਬਾਰੇ ਪਤਾ ਲੱਗਿਆ ਹੈ।
ਲੋਕਾਂ ਨੇ ਕਿਹਾ ਕਿ ਸਵੇਰੇ ਸਕੂਲ ਬੰਦ ਕਰ ਦਿੱਤੇ ਗਏ ਹਨ, ਕਿਤੇ ਪੈਟ੍ਰੋਲ ਪੰਪ ਬੰਦ ਕਰਨ ਜਾਂ ਅਜਿਹੇ ਕੋਈ ਹੋਰ ਫ਼ੈਸਲੇ ਨਾ ਲਏ ਜਾਣ ਇਸ ਗੱਲ ਦਾ ਸਹਿਮ ਵੀ ਹੈ।
ਕੁਝ ਲੋਕ ਪੈਟ੍ਰੋਲ ਪੰਪਾਂ ਤੋਂ ਤੇਲ ਪੁਆਉਣ ਅਤੇ ਕੁਝ ਰਾਸ਼ਨ ਦੀ ਖਰੀਦਦਾਰੀ ਕਰਦੇ ਵੀ ਦਿਖਾਈ ਦਿੱਤੇ।
ਪੰਜਾਬ ਤੋਂ ਸਿਆਸੀ ਪ੍ਰਤੀਕਰਮ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਭਾਰਤੀ ਫੌਜ ਦੇ ਨਾਲ ਖੜ੍ਹੇ ਹੋਣ ਦੀ ਗੱਲ ਕਹੀ ਹੈ।
ਮੁੱਖ ਮਾਨ ਨੇ ਲਿਖਿਆ, “ਅੱਤਵਾਦ ਦੇ ਖ਼ਿਲਾਫ਼ ਇਸ ਲੜਾਈ ਵਿੱਚ ਪੂਰਾ ਦੇਸ਼ ਇੱਕਜੁੱਟ ਹੈ। ਸਾਨੂੰ ਸਾਡੀ ਭਾਰਤੀ ਫੌਜ ਅਤੇ ਆਪਣੇ ਵੀਰ ਜਵਾਨਾਂ ‘ਤੇ ਮਾਣ ਹੈ। 140 ਕਰੋੜ ਦੇਸ਼ ਵਾਸੀ ਭਾਰਤੀ ਫੌਜ ਦੇ ਨਾਲ ਖੜ੍ਹੇ ਹਨ। ਜਵਾਨਾਂ ਦੀ ਹਿੰਮਤ ਅਤੇ ਹੌਸਲੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜ੍ਹੇ ਹਨ।”
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਿਖਿਆ, “ਸ਼੍ਰੋਮਣੀ ਅਕਾਲੀ ਦਲ ਸਾਡੀਆਂ ਬਹਾਦਰ ਹਥਿਆਰਬੰਦ ਫੌਜਾਂ ਵੱਲੋਂ ਆਪ੍ਰੇਸ਼ਨ ਸਿੰਦੂਰ ਨੂੰ ਦ੍ਰਿੜਤਾ ਅਤੇ ਸੰਜਮ ਨਾਲ ਚਲਾਉਣ ‘ਤੇ ਸਲਾਮ ਕਰਦਾ ਹੈ। ਅਸੀਂ ਅੱਤਵਾਦ ਵਿਰੁੱਧ ਫ਼ੈਸਲਾਕੁੰਨ ਲੜਾਈ ਵਿੱਚ ਭਾਰਤ ਸਰਕਾਰ ਦੇ ਨਾਲ ਖੜ੍ਹੇ ਹਾਂ।”
Courtesy : BBC
test