12 ਮਈ, 2025 – ਮਾਨਸਾ : ਪੰਜਾਬ ਸਰਕਾਰ ਦੀਆਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਦੀ ਚੁਕਾਈ ਨਾ ਹੋਣ ਕਾਰਨ ਹੁਣ ਪਰਵਾਸੀ ਮਜ਼ਦੂਰ ਅਤੇ ਆੜ੍ਹਤੀਏ ਦੁਬਿਧਾ ਵਿੱਚ ਹਨ। ਭਾਰਤ-ਪਾਕਿਸਤਾਨ ਵਿਚਕਾਰ ਬਣੇ ਹੋਏ ਸਰਹੱਦਾਂ ’ਤੇ ਤਣਾਅ ਨੂੰ ਲੈਕੇ ਭਾਵੇਂ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ, ਪਰ ਅਜਿਹੇ ਮਾਹੌਲ ਵਿੱਚ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਅਜਿਹੀਆਂ ਬੋਰੀਆਂ ਦੀ ਖਰੀਦ ਕੇਂਦਰਾਂ ਵਿੱਚ ਦਿਨ-ਰਾਤ ਰਾਖੀ ਕਰਨੀ ਪੈ ਰਹੀ ਹੈ। ਹੁਣ ਮੌਸਮ ਬੇਈਮਾਨ ਹੋਣ ਕਾਰਨ ਹਰ-ਰੋਜ਼ ਪੈਂਦੇ ਮੀਂਹ ਕਾਰਨ ਕਿਤੇ ਨਾ ਕਿਤੇ ਅਜਿਹੀਆਂ ਬੋਰੀਆਂ ਕਣੀਆਂ ਨਾਲ ਭਿੱਜਣ ਲੱਗੀਆਂ ਹਨ।
ਜ਼ਿਲ੍ਹਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਮੰਡੀਆਂ ਅੰਦਰ ਕਣਕ ਨੂੰ ਲੈ ਕੇ ਬੇਸ਼ੱਕ ਸੀਜਨ ਅਗਲੇ ਪੜਾਅ ਵਿੱਚ ਹੈ, ਪਰ ਹਾਲੇ ਤੱਕ ਵੀ ਮੰਡੀਆਂ ਅੰਦਰ ਅਨੇਕਾਂ ਥਾਵਾਂ ’ਤੇ ਕਣਕ ਲਿਫਟਿੰਗ ਨਾ ਹੋਣ ਕਾਰਨ ਰੁਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਦੀ ਜੰਗ ਨੂੰ ਲੈ ਕੇ ਤਣਾਅ ਦੇ ਮਾਹੌਲ ਵਿੱਚ ਪਰਵਾਸੀ ਮਜ਼ਦੂਰ ਵੀ ਆਪਣੇ ਘਰਾਂ ਨੂੰ ਰੁੱਖ ਕਰਨ ਲੱਗੇ ਹਨ।
ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਸੀਜਨ ਦੇ ਆਖਰੀ ਪੜਾਅ ਵਿੱਚ ਹਾਲੇ ਵੀ ਕਣਕ ਮੰਡੀਆਂ ਵਿੱਚ ਪਈ ਰੁਲ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਸਮ ਦੀ ਖਰਾਬੀ ਕਾਰਨ ਕਣਕ ਦੇ ਝਾੜ ਅਤੇ ਹੋਰ ਮੁਸ਼ਕਲਾਂ ਆ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਹੁਣ ਤੱਕ ਕਣਕ ਲਿਫਟਿੰਗ ਹੋਣ ਵੰਨੀਓਂ ਪਈ ਹੈ ਅਤੇ ਮੰਡੀਆਂ ਵਿੱਚ ਪਈ ਕਣਕ ਦੀ ਲਿਫਟਿੰਗ ਦਾ ਕੰਮ ਕੁਝ ਕੁ ਥਾਵਾਂ ’ਤੇ ਰੁਕਿਆ ਪਿਆ ਹੈ, ਜਿਸ ਕਰਕੇ ਜ਼ਿਲ੍ਹੇ ਭਰ ਵਿੱਚੋਂ ਆੜ੍ਹਤੀਆਂ ਦੀਆਂ ਲਗਾਤਾਰ ਉਨ੍ਹਾਂ ਕੋਲ ਸ਼ਿਕਾਇਤਾਂ ਆ ਰਹੀਆਂ ਹਨ ਕਿ ਮੰਡੀਆਂ ਵਿੱਚ ਕਣਕ ਪਈ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਨਾ ਹੋਣ ਕਰਕੇ ਆੜ੍ਹਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੀ ਅਧਿਕਾਰੀ ਕੋਈ ਪ੍ਰਵਾਹ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਦਿਨ ਮੌਸਮ ਖਰਾਬ ਹੋਣ ਕਾਰਨ ਕਣਕ ਨੂੰ ਰੱਖਣਾ ਔਖਾ ਹੈ ਅਤੇ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਸਰਕਾਰ ਉਨ੍ਹਾਂ ਦੇ ਗਲ ਕਟੌਤੀ ਪਾਵੇਗੀ, ਜੋ ਉਹ ਨਹੀਂ ਦੇ ਸਕਦੇ।
ਮੰਡੀਆਂ ’ਚੋਂ 72 ਘੰਟਿਆਂ ’ਚ ਕਣਕ ਦੀ ਚੁਕਾਈ ਦੇ ਹੁਕਮ ਦਿੱਤੇ: ਡੀਸੀ
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਖ਼ਤ ਨਾਲ ਮੁੜ ਆਦੇਸ਼ ਕੀਤੇ ਹਨ ਕਿ ਖਰੀਦ ਕੇਂਦਰਾਂ ਤੇ ਅਨਾਜ ਮੰਡੀਆਂ ਵਿੱਚੋਂ 72 ਘੰਟਿਆਂ ਵਿੱਚ ਲਿਫਟਿੰਗ ਹੋਣ ਵੰਨੀਓਂ ਪਈ ਕਣਕ ਨੂੰ ਚੁੱਕਿਆ ਜਾਵੇ।
ਪੰਜਾਬੀ ਟ੍ਰਿਬਯੂਨ
test