ਸ੍ਰੀ ਜਪੁਜੀ ਸਾਹਿਬ ਦੀ ਬਾਣੀ ਦੇ ਅੰਗ ਪਾੜ ਕੇ ਕੂੜੇ ਦੇ ਢੇਰ ’ਤੇ ਸੁੱਟੇ -ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸ਼ੁਰੂ ਕੀਤੀ ਜਾਂਚ
22 ਮਈ, 2025 – ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਬੁੱਧਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਝਬਾਲ ਖੁਰਦ ਤੋਂ ਅਜਿਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕਿਸੇ ਸ਼ਰਾਰਤੀ ਅਨਸਰ ਨੇ ਗੁਟਕਾ ਸਾਹਿਬ ਦੇ ਪੱਤਰੇ ਪਾੜ ਕੇ ਕੂੜੇ ਵਿਚ ਸੁੱਟ ਦਿੱਤੇ।
ਪਿੰਡ ਦੇ ਮੋਹਤਬਰ ਬਲਜਿੰਦਰ ਸਿੰਘ ਪਿੰਦੂ, ਪਰਮਿੰਦਰ ਸਿੰਘ ਵਿੱਕੀ, ਨੰਬਰਦਾਰ ਕੁਲਵੰਤ ਸਿੰਘ, ਸਰਪੰਚ ਤੇਜਿੰਦਰ ਸਿੰਘ, ਸਰਬਜੀਤ ਸਿੰਘ, ਜਸਕਰਨ ਸਿੰਘ ਸ਼ੇਰਾ, ਗੁਰਮੀਤ ਸਿੰਘ, ਬਲਜੀਤ ਸਿੰਘ, ਸਰਬਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਪਿੰਡ ਦੇ ਬਾਹਰਵਾਰ ਛੱਪੜ ਕੰਢੇ ਕੂੜੇ ਦੇ ਢੇਰਾਂ ਨੇੜੇ ਰੁੱਖਾਂ ਦੀ ਛਾਂ ਹੇਠ ਜਦੋਂ ਪਿੰਡ ਦਾ ਨੌਜਵਾਨ ਆਪਣੇ ਪਸ਼ੂ ਬੰਨਣ ਵਾਸਤੇ ਗਿਆ ਤਾਂ ਉਥੇ ਉਸ ਨੇ ਸ੍ਰੀ ਗੁਟਕਾ ਸਾਹਿਬ ਦੇ ਪੱਤਰੇ ਹਵਾ ਵਿਚ ਉੱਡਦੇ ਵੇਖੇ। ਉਸ ਨੇ ਤੁਰੰਤ ਇਸ ਬਾਰੇ ਪਿੰਡ ਦੇ ਮੋਹਤਬਰਾਂ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਵੇਖਿਆ ਕਿ ਛੱਪੜ ਕੰਢੇ ਕੂੜੇ ਦੇ ਢੇਰਾਂ ਉੱਪਰ ਸ੍ਰੀ ਗੁਟਕਾ ਸਾਹਿਬ ਜੋ ਵੇਖਣ ਵਿਚ ਬਿਲਕੁਲ ਨਵਾਂ ਸੀ, ਦੇ ਪੱਤਰੇ ਪਾੜ ਕੇ ਸੁੱਟੇ ਹੋਏ ਸਨ, ਇਨ੍ਹਾਂ ਪੱਤਰਿਆਂ ਨੂੰ ਪਿੰਡ ਵਾਸੀਆਂ ਨੇ ਇਕੱਤਰ ਕੀਤਾ।
ਇਸ ਸਮੇਂ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਗੁਰਦੁਆਰਾ ਕਮੇਟੀ ਨੇ ਐਲਾਨ ਕੀਤਾ ਕਿ ਜਿਹੜਾ ਵੀ ਇਸ ਮਾਮਲੇ ਸਬੰਧੀ ਸੂਚਨਾ ਦਵੇਗਾ, ਉਸ ਦਾ ਨਾਂ ਗੁਪਤ ਰੱਖਿਆ ਜਾਵੇਗਾ ਤੇ ਇਕ ਲੱਖ ਰੁਪਿਆ ਇਨਾਮ ਦਿੱਤਾ ਜਾਵੇਗਾ। ਘਟਨਾ ਦਾ ਪਤਾ ਚੱਲਦਿਆਂ ਹੀ ਐੱਸਪੀ ਡੀ ਅਜੈਰਾਜ ਸਿੰਘ, ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ, ਥਾਣੇਦਾਰ ਰਣਜੀਤ ਕੌਰ ਪੁਲਿਸ ਫੌਰਸ ਸਮੇਤ ਮੌਕੇ ’ਤੇ ਪਹੁੰਚੇ ਤੇ ਪਾਟੇ ਹੋਏ ਪੱਤਰਿਆਂ ਨੂੰ ਸਤਿਕਾਰ ਨਾਲ ਕਬਜ਼ੇ ਵਿਚ ਲਿਆ। ਐੱਸਪੀ ਅਜੈਰਾਜ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।
ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ, ਭਾਈ ਮਨਜੀਤ ਸਿੰਘ ਝਬਾਲ, ਭਾਈ ਸਰੂਪ ਸਿੰਘ ਭੁੱਚਰ ਅਤੇ ਮੈਨੇਜਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਸਰਬਦਿਆਲ ਸਿੰਘ ਘਰਿਆਲਾ ਵੀ ਪਿੰਡ ਝਬਾਲ ਖੁਰਦ ਪੁੱਜੇ। ਕੈਪਸ਼ਨ- ਪਿੰਡ ਝਬਾਲ ਖੁਰਦ ’ਚ ਸ੍ਰੀ ਗੁਟਕਾ ਸਾਹਿਬ ਦੇ ਪੱਤਰੇ ਪੁਲਿਸ ਨੂੰ ਸੌਂਪਦੇ ਹੋਏ ਵਿਅਕਤੀ। ਕੈਪਸ਼ਨ- ਸ਼ਰਾਰਤੀ ਅਨਸਰ ਵੱਲੋਂ ਪਾੜ ਕੇ ਸੁੱਟੇ ਗਏ ਗੁਟਕਾ ਸਾਹਿਬ ਦੇ ਪੱਤਰੇ।
ਪੰਜਾਬੀ ਜਾਗਰਨ
test