ਇਹ ਸਥਾਨ ਨਾ ਸਿਰਫ ਸਿੱਖ ਭਾਈਚਾਰੇ ਲਈ ਸਗੋਂ ਸਾਰੇ ਧਰਮਾਂ ਦੇ ਲੋਕਾਂ ਲਈ ਵੀ ਅਧਿਆਤਮਿਕ ਅਤੇ ਕੁਦਰਤੀ ਸੁੰਦਰਤਾ ਦਾ ਕੇਂਦਰ ਹੈ। ਨੇੜੇ ਸਥਿਤ ਫੁੱਲਾਂ ਦੀ ਘਾਟੀ ਅਤੇ ਲਕਸ਼ਮਣ ਮੰਦਰ ਵੀ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਯਾਤਰਾ ਵਿਚ ਵਾਧਾ ਕਰਦੇ ਹਨ।
06 ਜੂਨ, 2025 – ਅੰਮ੍ਰਿਤਸਰ: ਚਮੋਲੀ ਉਤਰਾਖੰਡ ਵਿਚ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਿਛਲੇ ਚਾਰ ਦਿਨਾਂ ਤੋਂ ਰੁਕ-ਰੁਕ ਕੇ ਬਰਫ਼ਬਾਰੀ ਹੋਣ ਦੇ ਬਾਵਜੂਦ ਸ਼ਰਧਾਲੂਆਂ ਦਾ ਉਤਸ਼ਾਹ ਆਪਣੇ ਸਿਖਰ ‘ਤੇ ਹੈ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਹਿਮਾਲਿਆ ਦੀ ਗੋਦ ਵਿੱਚ 15,000 ਫੁੱਟ ਤੋਂ ਵੱਧ ਦੀ ਉਚਾਈ ‘ਤੇ ਸਥਿਤ ਗੁਰਦੁਆਰੇ ਵਿਚ ਸ਼ਰਧਾਲੂ ਲਗਾਤਾਰ ਪਹੁੰਚ ਰਹੇ ਹਨ। ਠੰਢੇ ਮੌਸਮ ਅਤੇ ਬਰਫੀਲੀਆਂ ਹਵਾਵਾਂ ਦੇ ਵਿਚਕਾਰ ਵੀ ਸ਼ਰਧਾਲੂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਰਹੇ ਹਨ, ਜੋ ਕਿ ਸੰਗਤ ਦੀ ਆਸਥਾ ਅਤੇ ਦ੍ਰਿੜਤਾ ਦਾ ਪ੍ਰਤੀਕ ਹੈ। ਪਿਛਲੇ ਅੱਠ ਦਿਨਾਂ ਵਿਚ ਸ੍ਰੀ ਹੇਮਕੁੰਟ ਸਾਹਿਬ ਵਿਖੇ ਸ਼ਰਧਾਲੂਆਂ ਦੀ ਗਿਣਤੀ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇਸ ਸਮੇਂ ਦੌਰਾਨ 30 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕੀਤੇ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਇੱਕ ਰਿਕਾਰਡ ਹੈ।
ਇਹ ਅੰਕੜਾ ਨਾ ਸਿਰਫ਼ ਸ਼ਰਧਾਲੂਆਂ ਦੀ ਵਧਦੀ ਗਿਣਤੀ ਨੂੰ ਦਰਸਾਉਂਦਾ ਹੈ ਸਗੋਂ ਸ੍ਰੀ ਹੇਮਕੁੰਟ ਸਾਹਿਬ ਪ੍ਰਤੀ ਉਨ੍ਹਾਂ ਦੀ ਸ਼ਰਧਾ ਅਤੇ ਖਿੱਚ ਨੂੰ ਵੀ ਉਜਾਗਰ ਕਰਦਾ ਹੈ। ਇਹ ਯਾਤਰਾ ਨਾ ਸਿਰਫ਼ ਸਰੀਰਕ ਤੌਰ ‘ਤੇ ਚੁਣੌਤੀ ਪੂਰਨ ਹੈ, ਸਗੋਂ ਅਧਿਆਤਮਿਕ ਤੌਰ ‘ਤੇ ਵੀ ਆਨੰਦਮਈ ਹੈ, ਜੋ ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦੀ ਹੈ। ਨਰਿੰਦਰ ਜੀਤ ਸਿੰਘ ਬਿੰਦਰਾ ਨੇ ਹਾਲ ਹੀ ਵਿੱਚ ਉੱਤਰਾਖੰਡ ਦੇ ਮੁੱਖ ਸਕੱਤਰ ਆਨੰਦ ਵਰਧਨ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਚੱਲ ਰਹੀ ਯਾਤਰਾ ਦੀ ਪ੍ਰਗਤੀ ਅਤੇ ਇਸ ਦੇ ਸੁਚਾਰੂ ਸੰਚਾਲਨ ਬਾਰੇ ਚਰਚਾ ਕੀਤੀ। ਬਿੰਦਰਾ ਨੇ ਗੋਬਿੰਦਘਾਟ ‘ਤੇ ਇੱਕ ਸਥਾਈ ਪੁਲ ਦੀ ਉਸਾਰੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਜਿਸ ਦਾ ਐਲਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੁਆਰਾ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।
ਇਹ ਪੁਲ ਯਾਤਰਾ ਨੂੰ ਵਧੇਰੇ ਸੁਰੱਖਿਅਤ ਅਤੇ ਸੁਚਾਰੂ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ, ਖਾਸ ਕਰਕੇ ਬਰਸਾਤ ਅਤੇ ਬਰਫ਼ਬਾਰੀ ਦੌਰਾਨ, ਜਦੋਂ ਅਸਥਾਈ ਰੂਟਾਂ ‘ਤੇ ਵੀ ਜੋਖਮ ਵਧ ਜਾਂਦਾ ਹੈ। ਬਿੰਦਰਾ ਨੇ ਗੁਰਦੁਆਰਾ ਗੋਬਿੰਦ ਧਾਮ ਘੰਗਰੀਆ ਵਿਖੇ ਸ਼ਰਧਾਲੂਆਂ ਲਈ ਦੋ ਨਵੇਂ ਹਾਲਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਇਹ ਹਾਲ ਸ਼ਰਧਾਲੂਆਂ ਨੂੰ ਬਿਹਤਰ ਰਿਹਾਇਸ਼ ਅਤੇ ਆਰਾਮਦਾਇਕ ਸਹੂਲਤਾਂ ਪ੍ਰਦਾਨ ਕਰਨਗੇ, ਜਿਸ ਨਾਲ ਉਨ੍ਹਾਂ ਦੀ ਯਾਤਰਾ ਹੋਰ ਵੀ ਆਰਾਮਦਾਇਕ ਹੋਵੇਗੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਪ੍ਰਸ਼ਾਸਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਸਰਗਰਮ ਭੂਮਿਕਾ ਅਤੇ ਸਮਰਪਣ ਸਦਕਾ ਹੀ ਹਰ ਸਾਲ ਯਾਤਰਾ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਚਲਾਈ ਜਾਂਦੀ ਹੈ।
ਪ੍ਰਸ਼ਾਸਨ ਨੇ ਯਾਤਰਾ ਰੂਟ ‘ਤੇ ਸੁਰੱਖਿਆ, ਰਿਹਾਇਸ਼ ਅਤੇ ਹੋਰ ਜ਼ਰੂਰੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਹਨ, ਜਿਸ ਵਿੱਚ ਯਾਤਰਾ ਰੂਟ ‘ਤੇ ਮੁੱਖ ਥਾਵਾਂ ‘ਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਏਟੀਐਸ ਅਤੇ ਆਈਟੀਬੀਪੀ ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਹਨ। 25 ਮਈ ਤੋਂ 10 ਅਕਤੂਬਰ ਤੱਕ ਚੱਲਣ ਵਾਲੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਨੂੰ ਸਿੱਖ ਧਰਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਬਲੇ ਤਪਅਸਥਾਨ ਵਜੋਂ ਜਾਣਿਆ ਜਾਂਦਾ ਹੈ। ਇਹ ਸਥਾਨ ਨਾ ਸਿਰਫ ਸਿੱਖ ਭਾਈਚਾਰੇ ਲਈ ਸਗੋਂ ਸਾਰੇ ਧਰਮਾਂ ਦੇ ਲੋਕਾਂ ਲਈ ਵੀ ਅਧਿਆਤਮਿਕ ਅਤੇ ਕੁਦਰਤੀ ਸੁੰਦਰਤਾ ਦਾ ਕੇਂਦਰ ਹੈ। ਨੇੜੇ ਸਥਿਤ ਫੁੱਲਾਂ ਦੀ ਘਾਟੀ ਅਤੇ ਲਕਸ਼ਮਣ ਮੰਦਰ ਵੀ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਯਾਤਰਾ ਵਿਚ ਵਾਧਾ ਕਰਦੇ ਹਨ। ਬਿੰਦਰਾ ਨੇ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਵਾਤਾਵਰਣ ਸੁਰੱਖਿਆ ਪ੍ਰਤੀ ਸੁਚੇਤ ਰਹਿਣ ਅਤੇ ਪਲਾਸਟਿਕ ਮੁਕਤ ਯਾਤਰਾ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ, ਜਿਵੇਂ ਕਿ ਰਾਜ ਸਰਕਾਰ ਨੇ ਵੀ ਵਾਅਦਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯਾਤਰਾ ਦੀ ਸਫਲਤਾ ਲਈ ਸ਼ਰਧਾਲੂਆਂ ਦਾ ਸਹਿਯੋਗ ਅਤੇ ਪ੍ਰਸ਼ਾਸਨ ਦਾ ਸਮਰਪਣ ਦੋਵੇਂ ਮਹੱਤਵਪੂਰਨ ਹਨ।
ਪੰਜਾਬੀ ਜਾਗਰਣ
test