17 ਜੂਨ, 2025 – ਨਥਾਣਾ : ਪਿੰਡ ਮਾੜੀ, ਭੈਣੀ, ਕੋਠੇ ਹਿੰਮਤਪੁਰਾ, ਨਥਾਣਾ ਅਤੇ ਮਹਿਰਾਜ ਦੇ ਖੇਤਾਂ ਵਿੱਚ ਨਹਿਰੀ ਪਾਣੀ ਵਾਲੀ ਪਾਈਪ ਲਾਈਨ ਵਿਛਾਉਣ ਦਾ ਕੰਮ ਪਿਛਲੇ ਪੰਜ ਸਾਲਾਂ ਤੋਂ ਲਟਕ ਰਿਹਾ ਹੈ। ਇਸ ਦਾ ਮੁੱਖ ਕਾਰਨ ਭੂਮੀ ਰੱਖਿਆ ਵਿਭਾਗ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਹੈ। ਸਬੰਧਤ ਪਿੰਡਾਂ ਦੇ ਕਿਸਾਨਾਂ ’ਚ ਰੋਸ ਹੈ ਜਿਨ੍ਹਾਂ ਮੁਤਾਬਕ ਮਹਿਕਮੇ ਨੇ ਉਨ੍ਹਾਂ ਦੇ ਸਹਿਯੋਗ ਦੀ ਕਦਰ ਨਹੀਂ ਪਾਈ। ਕੈਪਟਨ ਸਰਕਾਰ ਸਮੇਂ ਸਾਲ 2020 ’ਚ ਮੋਘਾ ਨੰਬਰ 306790 ਆਰ ਮਨਜ਼ੂਰ ਹੋਣ ਉਪਰੰਤ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਹ ਕੰਮ ਪਿਛਲੇ ਸਾਲ ਪੂਰਾ ਕਰਨ ਦਾ ਟੀਚਾ ਸੀ। ਪਿੰਡ ਮਾੜੀ ਦੇ ਸਰਪੰਚ ਗੁਰਸੇਵਕ ਸਿੰਘ ਅਨੁਸਾਰ ਮਹਿਕਮੇ ਦੀ ਢਿੱਲੀ ਕਾਰਗੁਜ਼ਾਰੀ ਅਤੇ ਅਧਿਕਾਰੀਆਂ ਦੀ ਟਾਲ-ਮਟੋਲ ਵਾਲੀ ਨੀਤੀ ਤੋਂ ਲੋਕ ਅੱਕ ਚੁੱਕੇ ਹਨ। ਭੈਣੀ ਦੇ ਟੇਕ ਸਿੰਘ ਦਾ ਕਹਿਣਾ ਹੈ ਕਿ ਕੰਮ ’ਚ ਬੇਲੋੜੀ ਦੇਰੀ ਕਾਰਨ ਕਿਸਾਨਾਂ ’ਚ ਰੋਹ ਵਧ ਰਿਹਾ ਹੈ।
ਪਾਈਪ ਲਾਈਨ ਕਮੇਟੀ ਦੇ ਮੈਂਬਰ ਜਗਜੀਤ ਸਿੰਘ ਅਨੁਸਾਰ ਵਰਤੀ ਜਾ ਰਹੀ ਪਾਈਪ ਵੀ ਮਿਆਰੀ ਨਹੀਂ ਹੈ। ਉਨ੍ਹਾਂ ਅਨੁਸਾਰ ਅੱਠ ਕਿਲੋਮੀਟਰ ਲੰਬੀ ਪਾਈਪ ਵਾਲੀ ਥਾਂ ’ਚ ਕੋਈ ਡਿੱਗੀ ਵੀ ਨਹੀਂ ਬਣਾਈ ਜਾ ਰਹੀ।
ਸੂਤਰਾਂ ਅਨੁਸਾਰ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦਾ ਸਾਂਝਾ ਵਫ਼ਦ ਪਿਛਲੇ ਦਿਨੀਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੌਜੂਦਾ ਸਥਿਤੀ ਤੋਂ ਜਾਣੂ ਕਰਵਾ ਚੁੱਕਾ ਹੈ। ਕੰਮ ਦੀ ਬੇਲੋੜੀ ਦੇਰੀ ਕਾਰਨ ਪ੍ਰੇਸ਼ਾਨ ਹੋਏ ਕਿਸਾਨਾਂ ਨੇ ਨੇੜ ਭਵਿੱਖ ’ਚ ਇਸ ਸਬੰਧੀ ਸੰਘਰਸ਼ ਵਿੱਢਣ ਦਾ ਵੀ ਸੰਕੇਤ ਦਿੱਤਾ ਹੈ।
ਪਾਈਪ ਲਾਈਨ ਦਾ ਕੰਮ ਸਾਲ ਦੇ ਅਖੀਰ ਤੱਕ ਮੁਕੰਮਲ ਹੋਣ ਦੀ ਆਸ: ਈਓ
ਭੂਮੀ ਰੱਖਿਆ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਵੱਡੀ ਗਿਣਤੀ ਪਾਈਪਾਂ ਟੁੱਟ ਜਾਣ ਕਾਰਨ ਕੰਮ ਬੰਦ ਕਰਨਾ ਪਿਆ ਸੀ। ਹੁਣ ਇਹ ਪਾਈਪਾਂ ਨਵੀਆਂ ਲਿਆਂਦੀਆਂ ਗਈਆਂ ਹਨ ਅਤੇ ਜਲਦੀ ਹੀ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਇਸ ਪਾਈਪ ਲਾਈਨ ਦਾ ਕੰਮ ਇਸੇ ਸਾਲ ਦੇ ਅੰਤ ਤੱਕ ਮੁਕੰਮਲ ਹੋਣ ਦੀ ਉਮੀਦ ਜਤਾਈ ਹੈ।
ਪੰਜਾਬੀ ਟ੍ਰਿਬਯੂਨ
test