17 ਜੂਨ, 2025 – ਮਿਊਨਿਖ : ਆਰੀਆ ਬੋਰਸੇ ਅਤੇ ਅਰਜੁਨ ਬਬੂਟਾ ਦੀ ਭਾਰਤੀ ਜੋੜੀ ਨੇ ਅੱਜ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਦੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਚੀਨ ਦੀ ਜ਼ੀਫੇਈ ਵਾਂਗ ਅਤੇ ਲੀਹਾਓ ਸ਼ੇਂਗ ਦੀ ਜੋੜੀ ਨੂੰ 17-7 ਨਾਲ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ ਹੈ। ਆਰੀਆ ਅਤੇ ਬਬੂਟਾ ਨੇ ਅਹਿਮ ਪਲਾਂ ਵਿੱਚ ਸਬਰ ਅਤੇ ਇਕਾਗਰਤਾ ਦਿਖਾਈ ਅਤੇ ਖਿਤਾਬੀ ਮੈਚ ਵਿੱਚ ਚੀਨੀ ਖਿਡਾਰੀਆਂ ਨੂੰ ਕੋਈ ਮੌਕਾ ਨਹੀਂ ਦਿੱਤਾ।
ਭਾਰਤੀ ਜੋੜੀ ਨੇ ਕੁਆਲੀਫਿਕੇਸ਼ਨ ਗੇੜ ਵਿੱਚ 635.2 ਦੇ ਸਕੋਰ ਨਾਲ ਸੋਨ ਤਗਮੇ ਦੇ ਗੇੜ ’ਚ ਜਗ੍ਹਾ ਬਣਾਈ ਸੀ। ਵਾਂਗ ਅਤੇ ਸ਼ੇਂਗ 635.9 ਦੇ ਸਕੋਰ ਨਾਲ ਆਖਰੀ ਗੇੜ ’ਚ ਪਹੁੰਚੇ ਸਨ। ਚੀਨੀ ਜੋੜੀ ਦਾ ਇਹ ਸਕੋਰ ਕੁਆਲੀਫਿਕੇਸ਼ਨ ਵਿਸ਼ਵ ਰਿਕਾਰਡ ਵੀ ਹੈ। ਵਿਅਕਤੀਗਤ ਤੌਰ ’ਤੇ ਆਰੀਆ ਨੇ ਕੁਆਲੀਫਿਕੇਸ਼ਨ ਵਿੱਚ 317.5 ਅੰਕ, ਜਦਕਿ ਬਬੂਟਾ ਨੇ 317.7 ਅੰਕ ਲਏ। ਆਰੀਆ ਨੇ ਇਸ ਸਾਲ ਦੇ ਸ਼ੁਰੂ ਵਿੱਚ ਪੇਰੂ ਦੇ ਲੀਮਾ ਵਿੱਚ ਹੋਏ ਵਿਸ਼ਵ ਕੱਪ ਵਿੱਚ ਰੁਦਰੰਕਸ਼ ਪਾਟਿਲ ਨਾਲ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।
ਇਸ ਮੁਕਾਬਲੇ ਵਿੱਚ ਇੱਕ ਹੋਰ ਭਾਰਤੀ ਜੋੜੀ ਇਲਾਵੇਨਿਲ ਵਲਾਰਿਵਨ ਅਤੇ ਅੰਕੁਸ਼ ਜਾਧਵ ਵੀ ਕੁਆਲੀਫਿਕੇਸ਼ਨ ਵਿੱਚ 631.8 ਅੰਕਾਂ ਨਾਲ ਛੇਵੇਂ ਸਥਾਨ ’ਤੇ ਰਹੀ। ਮੌਜੂਦਾ ਵਿਸ਼ਵ ਕੱਪ ਵਿੱਚ ਇਹ ਭਾਰਤ ਦਾ ਦੂਜਾ ਸੋਨ ਤਮਗਾ ਅਤੇ ਕੁੱਲ ਮਿਲਾ ਕੇ ਚੌਥਾ ਤਗ਼ਮਾ ਹੈ। ਸੁਰੂਚੀ ਸਿੰਘ ਨੇ ਸ਼ੁੱਕਰਵਾਰ ਨੂੰ ਸੋਨ ਤਮਗਾ ਜਿੱਤਿਆ ਸੀ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/sports/shooting-arya-and-arjun-pair-win-gold-medal/
ਏਸ਼ੀਅਨ ਚੈਂਪੀਅਨਸ਼ਿਪ: ਪ੍ਰਣਤੀ ਨੇ ਵੌਲਟ ’ਚ ਕਾਂਸੇ ਦਾ ਤਗ਼ਮਾ ਜਿੱਤਿਆ
17 ਜੂਨ, 2025 – ਨਵੀਂ ਦਿੱਲੀ : ਭਾਰਤੀ ਜਿਮਨਾਸਟ ਪ੍ਰਣਤੀ ਨਾਇਕ ਨੇ ਦੱਖਣੀ ਕੋਰੀਆ ਦੇ ਜੇਚਿਓਨ ਵਿੱਚ 12ਵੀਂ ਸੀਨੀਅਰ ਮਹਿਲਾ ਏਸ਼ੀਅਨ ਆਰਟਿਸਟਿਕ ਜਿਮਨਾਸਟਿਕ ਚੈਂਪੀਅਨਸ਼ਿਪ ਦੇ ਵੌਲਟ ਫਾਈਨਲ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ। ਇਸ ਸਾਲ ਮਾਰਚ ਵਿੱਚ ਤੁਰਕੀ ਵਿੱਚ ਹੋਏ ਐੱਫਆਈਜੀ ਵਿਸ਼ਵ ਕੱਪ ਵਿੱਚ ਕਾਂਸੇ ਦਾ ਤਗਮਾ ਜਿੱਤਣ ਵਾਲੀ 30 ਸਾਲਾ ਖਿਡਾਰਨ ਨੇ ਅੱਜ 13.466 ਦੇ ਸਕੋਰ ਨਾਲ ਤੀਜਾ ਸਥਾਨ ਹਾਸਲ ਕੀਤਾ। ਚੀਨ ਦੀ ਯਿਹਾਨ ਜ਼ਾਂਗ ਨੇ 13.650 ਦੇ ਸਕੋਰ ਨਾਲ ਸੋਨ ਤਗਮਾ, ਜਦਕਿ ਵੀਅਤਨਾਮ ਦੀ ਥੀ ਕੁਇਨ ਨਹੂ ਐੱਨ ਨੇ 13.583 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ। ਨੌਜਵਾਨ ਭਾਰਤੀ ਜਿਮਨਾਸਟ ਪ੍ਰੋਟਿਸਟਾ ਸਾਮੰਤਾ ਨੇ ਵੀ ਇਸ ਮੁਕਾਬਲੇ ਵਿੱਚ ਪ੍ਰਭਾਵਿਤ ਕੀਤਾ। ਉਹ 13.016 ਦੇ ਸਕੋਰ ਨਾਲ ਚੌਥੇ ਸਥਾਨ ’ਤੇ ਰਹੀ। ਪ੍ਰਣਤੀ ਨੇ ਇਸ ਤੋਂ ਪਹਿਲਾਂ 2019 ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ ਅਤੇ ਮਗਰੋਂ 2022 ਵਿੱਚ ਦੋਹਾ ’ਚ ਤੀਜੇ ਸਥਾਨ ’ਤੇ ਰਹੀ ਸੀ। ਇਸ ਤਰ੍ਹਾਂ ਪ੍ਰਣਤੀ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕੁੱਲ ਤਿੰਨ ਤਗ਼ਮੇ ਜਿੱਤ ਕੇ ਦੀਪਾ ਕਰਮਾਕਰ ਨੂੰ ਪਛਾੜ ਦਿੱਤਾ ਹੈ, ਜਿਸ ਦੇ ਨਾਮ ਦੋ ਤਗ਼ਮੇ ਹਨ। ਦੀਪਾ ਨੇ ਹੀਰੋਸ਼ੀਮਾ ਵਿੱਚ ਵੌਲਟ ’ਚ ਕਾਂਸੇ ਦਾ ਤਗ਼ਮਾ ਜਿੱਤਣ ਤੋਂ ਇੱਕ ਸਾਲ ਬਾਅਦ 2015 ਵਿੱਚ ਤਾਸ਼ਕੰਦ ’ਚ ਸੋਨ ਤਗਮਾ ਜਿੱਤਿਆ ਸੀ।
ਪੰਜਾਬੀ ਟ੍ਰਿਬਯੂਨ
test