19 ਜੂਨ, 2025 – ਵੈਨਕੂਵਰ : ਭਾਰਤ ਅਤੇ ਕੈਨੇਡਾ ਨੇ ਆਪੋ-ਆਪਣੇ ਮੁਲਕਾਂ ’ਚ ਇਕ-ਦੂਜੇ ਦੇ ਹਾਈ ਕਮਿਸ਼ਨਰਾਂ ਦੀ ਬਹਾਲੀ ’ਤੇ ਸਹਿਮਤੀ ਪ੍ਰਗਟਾਈ ਹੈ। ਕੈਨੇਡਾ ਵਿਚ ਜੀ-7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਕੈਨੇਡਿਆਈ ਹਮਰੁਤਬਾ ਮਾਰਕ ਕਾਰਨੀ ਨੇ ਮੀਟਿੰਗ ਕਰਕੇ ਕੂਟਨੀਤਕ ਸਬੰਧ ਸੁਧਾਰਨ ਦੀ ਦਿਸ਼ਾ ਵੱਲ ਇਹ ਅਹਿਮ ਕਦਮ ਚੁੱਕਿਆ। ਦੋਵੇਂ ਮੁਲਕਾਂ ਦੇ ਰਿਸ਼ਤਿਆਂ ਵਿਚ ਕੁੜੱਤਣ ਉਦੋਂ ਵੱਧ ਗਈ ਸੀ, ਜਦੋਂ ਤਤਕਾਲੀ ਕੈਨੇਡਿਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ’ਤੇ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਾਇਆ ਸੀ। ਇਸ ਮਗਰੋਂ ਕੈਨੇਡਾ ਨੇ 6 ਭਾਰਤੀ ਡਿਪਲੋਮੈਟਾਂ ਨੂੰ ਵਾਪਸ ਭੇਜ ਦਿੱਤਾ ਸੀ ਅਤੇ ਭਾਰਤ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਕੈਨੇਡੀਅਨ ਹਾਈ ਕਮਿਸ਼ਨ ਦੇ ਕੁਝ ਮੈਂਬਰਾਂ ਨੂੰ ਮੁਲਕ ਛੱਡਣ ਲਈ ਆਖਿਆ ਸੀ।
ਦੁਵੱਲੀ ਬਿਆਨਬਾਜ਼ੀ ਕਾਰਨ ਦੋਵੇਂ ਮੁਲਕਾਂ ਵਿਚ ਕਸ਼ੀਦਗੀ ਵਧ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਬਣਨ ’ਤੇ ਦਿੱਤੀ ਵਧਾਈ ਨਾਲ ਦੋਵੇਂ ਮੁਲਕਾਂ ਦੇ ਸਬੰਧਾਂ ਵਿੱਚ ਸੁਧਾਰ ਦੀ ਸੰਭਾਵਨਾ ਵਧ ਗਈ ਸੀ। ਮੋਦੀ ਦੇ ਸੋਮਵਾਰ ਰਾਤ ਕੈਲਗਰੀ ਪਹੁੰਚਣ ’ਤੇ ਉਨ੍ਹਾਂ ਦੇ ਸਵਾਗਤ ਲਈ ਕੈਨੇਡਾ ਸਰਕਾਰ ਦਾ ਕੋਈ ਮੰਤਰੀ ਜਾਂ ਵੱਡਾ ਅਧਿਕਾਰੀ ਨਹੀਂ ਪਹੁੰਚਿਆ ਸੀ। ਹਵਾਈ ਅੱਡੇ ’ਤੇ ਉਨ੍ਹਾਂ ਨੂੰ ਕੈਲਗਰੀ ਦੇ ਮਿਉਂਸਿਪਲ ਕੌਂਸਲਰ ਨੇ ਜੀ ਆਇਆਂ ਆਖਿਆ। ਕੁਝ ਮਾਹਿਰ ਕੈਨੇਡਾ ਸਰਕਾਰ ਦੀ ਇਸ ਬੇਰੁਖੀ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਮੌਕੇ ਉਨ੍ਹਾਂ ਨਾਲ ਕੀਤੇ ਗਏ ਅਜਿਹੇ ਸਲੂਕ ਵਜੋਂ ਦੇਖ ਰਹੇ ਸਨ ਪਰ ਦੁਵੱਲੇ ਕੂਟਨੀਤਕ ਸਬੰਧਾਂ ਵਿੱਚ ਸੁਧਾਰ ਦੀ ਦਿਸ਼ਾ ’ਚ ਚੁੱਕੇ ਗਏ ਕਦਮਾਂ ਨੂੰ ਹੁਣ ਸ਼ੁਭ ਸ਼ਗਨ ਵਜੋਂ ਵੇਖਿਆ ਜਾ ਰਿਹਾ ਹੈ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦਰਮਿਆਨ ਰਿਸ਼ਤੇ ‘ਬੇਹੱਦ ਅਹਿਮ’ ਹਨ ਅਤੇ ਦੋਵੇਂ ਮੁਲਕਾਂ ਨੂੰ ਵੱਖ ਵੱਖ ਖੇਤਰਾਂ ਵਿਚ ਟੀਚਿਆਂ ਦੀ ਪ੍ਰਾਪਤੀ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਮੋਦੀ ਦੀ ਮੇਜ਼ਬਾਨੀ ਕਰਨਾ ਮਾਣ ਵਾਲੀ ਗੱਲ ਹੈ। ਜੀ-7 ਸਿਖ਼ਰ ਸੰਮੇਲਨ ਤੋਂ ਇਕ ਪਾਸੇ ਮੋਦੀ ਅਤੇ ਉਨ੍ਹਾਂ ਦੇ ਕੈਨੇਡਿਆਈ ਹਮਰੁਤਬਾ ਮਾਰਕ ਕਾਰਨੀ ਨੇ ਮੀਟਿੰਗ ਕੀਤੀ। ਮੀਟਿੰਗ ਤੋਂ ਪਹਿਲਾਂ ਮੋਦੀ ਨੇ ਕਾਰਨੀ ਨੂੰ ਚੋਣਾਂ ਵਿਚ ਜਿੱਤ ਦੀ ਵਧਾਈ ਦਿੰਦਿਆਂ ਕਿਹਾ, ‘‘ਮੈਨੂੰ ਯਕੀਨ ਹੈ ਤੁਹਾਡੀ ਲੀਡਰਸ਼ਿਪ ਵਿਚ ਅਸੀਂ ਹਾਂ-ਪੱਖੀ ਤਰੀਕੇ ਨਾਲ ਮਿਲ ਕੇ ਕੰਮ ਕਰ ਸਕਾਂਗੇ ਤੇ ਭਾਰਤ-ਕੈਨੇਡਾ ਰਿਸ਼ਤਿਆਂ ਨੂੰ ਅੱਗੇ ਲੈ ਕੇ ਜਾਵਾਂਗੇ।’’ ਉਨ੍ਹਾਂ ਕਿਹਾ ਕਿ ਕੈਨੇਡੀਅਨ ਕੰਪਨੀਆਂ ਨੇ ਭਾਰਤ ਵਿੱਚ ਅਤੇ ਭਾਰਤੀ ਲੋਕਾਂ ਨੇ ਵੀ ਕੈਨੇਡਾ ਵਿੱਚ ਕਾਫ਼ੀ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਹੈ।
ਉਨ੍ਹਾਂ ਕਿਹਾ, ‘‘ਅਸੀਂ ਦੋਵੇਂ ਜਮਹੂਰੀ ਕਦਰਾਂ-ਕੀਮਤਾਂ ਦੇ ਹੱਕ ਵਿੱਚ ਖੜ੍ਹੇ ਹਾਂ। ਇਕੱਠੇ ਮਿਲ ਕੇ ਅਸੀਂ ਜਮਹੂਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰ ਸਕਦੇ ਹਾਂ, ਅਸੀਂ ਮਨੁੱਖਤਾ ਨੂੰ ਮਜ਼ਬੂਤ ਕਰ ਸਕਦੇ ਹਾਂ।’’ ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘‘ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਇੱਕ ਸ਼ਾਨਦਾਰ ਮੁਲਾਕਾਤ ਹੋਈ। ਪ੍ਰਧਾਨ ਮੰਤਰੀ ਕਾਰਨੀ ਅਤੇ ਮੈਂ ਭਾਰਤ-ਕੈਨੇਡਾ ਦੋਸਤੀ ਨੂੰ ਰਫ਼ਤਾਰ ਦੇਣ ਲਈ ਨੇੜਿਓਂ ਕੰਮ ਕਰਨ ਦੀ ਉਮੀਦ ਕਰਦੇ ਹਾਂ। ਵਪਾਰ, ਊਰਜਾ, ਪੁਲਾੜ, ਸਾਫ਼ ਊਰਜਾ, ਮਹੱਤਵਪੂਰਨ ਖਣਿਜ, ਖਾਦ ਅਤੇ ਹੋਰ ਖੇਤਰ ਇਸ ਸਬੰਧ ਵਿੱਚ ਬਹੁਤ ਸੰਭਾਵਨਾਵਾਂ ਪੇਸ਼ ਕਰਦੇ ਹਨ।’’ ਕਾਰਨੀ ਨੇ ਕਿਹਾ ਕਿ ਜੀ-7 ਵਿੱਚ ਮੋਦੀ ਦੀ ਮੇਜ਼ਬਾਨੀ ਕਰਨਾ ਬਹੁਤ ਵੱਡਾ ਸਨਮਾਨ ਹੈ। ਕਾਰਨੀ ਨੇ ਕਿਹਾ ਕਿ ਭਾਰਤ 2018 ਤੋਂ ਜੀ-7 ਵਿੱਚ ਹਿੱਸਾ ਲੈ ਰਿਹਾ ਹੈ ਅਤੇ ਇਹ ਭਾਰਤ ਦੀ ਮਹੱਤਤਾ, ਲੀਡਰਸ਼ਿਪ ਅਤੇ ਉਨ੍ਹਾਂ ਮੁੱਦਿਆਂ ਦੀ ਮਹੱਤਤਾ ਦਾ ਪ੍ਰਮਾਣ ਹੈ ਜਿਨ੍ਹਾਂ ਨੂੰ ਅਸੀਂ ਇਕੱਠੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਨਿੱਝਰ ਮਾਮਲੇ ਬਾਰੇ ਸੋਚ-ਸਮਝ ਕੇ ਟਿੱਪਣੀਆਂ ਕਰਨ ਦੀ ਲੋੜ: ਕਾਰਨੀ
ਕਨਾਨਸਕਿਸ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਖਾਲਿਸਤਾਨ ਪੱਖੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ‘ਸਾਵਧਾਨ’ ਰਹਿਣ ਦੀ ਲੋੜ ਹੈ ਕਿਉਂਕਿ ਇਹ ਮਾਮਲਾ ਅਦਾਲਤ ’ਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿੱਝਰ ਮਾਮਲੇ ’ਤੇ ਸੋਚ-ਸਮਝ ਕੇ ਟਿੱਪਣੀਆਂ ਕਰਨ ਦੀ ਲੋੜ ਹੈ। ਕਾਰਨੀ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਉਨ੍ਹਾਂ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਕੈਨੇਡਾ ਦੀ ਧਰਤੀ ’ਤੇ ਨਿੱਝਰ ਦੀ ਹੱਤਿਆ ਬਾਰੇ ਕੋਈ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਅਤੇ ਮੈਂ ਕਾਨੂੰਨ ਲਾਗੂ ਕਰਨ ਦੀ ਅਹਿਮੀਅਤ ਅਤੇ ਸਿੱਧੇ ਸਹਿਯੋਗ ਬਾਰੇ ਵਿਚਾਰ ਵਟਾਂਦਰਾ ਕੀਤਾ। ਅਸੀਂ ਜਦੋਂ ਮਿਲੇ ਤਾਂ ਕੌਮਾਂਤਰੀ ਮੁੱਦਿਆਂ ਦੇ ਹੱਲ ਦੀ ਮਹੱਤਤਾ ਬਾਰੇ ਵੀ ਗੱਲਬਾਤ ਕੀਤੀ। ਜ਼ਾਹਿਰ ਹੈ ਕਿ ਨਿਆਂਇਕ ਪ੍ਰਕਿਰਿਆ ਚੱਲ ਰਹੀ ਹੈ ਅਤੇ ਮੈਨੂੰ ਹੋਰ ਟਿੱਪਣੀਆਂ ਕਰਨ ਬਾਰੇ ਸਾਵਧਾਨ ਰਹਿਣ ਦੀ ਲੋੜ ਹੈ।’’
ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਤੰਬਰ 2023 ’ਚ ਨਿੱਝਰ ਦੀ ਹੱਤਿਆ ਪਿੱਛੇ ਭਾਰਤ ਦੀ ਸ਼ਮੂਲੀਅਤ ਦਾ ਸ਼ੱਕ ਹੋਣ ਦੇ ਲਾਏ ਗਏ ਦੋਸ਼ਾਂ ਮਗਰੋਂ ਭਾਰਤ ਅਤੇ ਕੈਨੇਡਾ ਦੇ ਸਬੰਧ ਵਿਗੜ ਗਏ ਸਨ। ਭਾਰਤ, ਜਿਸ ਨੇ 2020 ’ਚ ਨਿੱਝਰ ਨੂੰ ਦਹਿਸ਼ਤਗਰਦ ਵਜੋਂ ਨਾਮਜ਼ਦ ਕੀਤਾ ਸੀ, ਨੇ ਟਰੂਡੋ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਭਾਰਤ ਨੇ ਇਹ ਵੀ ਦੋਸ਼ ਲਾਇਆ ਸੀ ਕਿ ਟਰੂਡੋ ਸਰਕਾਰ ਖਾਲਿਸਤਾਨ ਪੱਖੀ ਅਨਸਰਾਂ ਨੂੰ ਕੈਨੇਡਾ ’ਚ ਸ਼ਹਿ ਦੇ ਰਹੀ ਹੈ।
ਪੰਜਾਬੀ ਟ੍ਰਿਬਯੂਨ
test