21 ਜੂਨ, 2025 – ਮਹਿਲ ਕਲਾਂ : ਪਿੰਡ ਭੋਤਨਾ ਵਿੱਚ ਪਰਵਾਸੀ ਪੰਜਾਬੀ ਦੇ ਪਰਿਵਾਰ ਵੱਲੋਂ ਆਪਣੀ ਨਿੱਜੀ ਜ਼ਮੀਨ ਵਿੱਚ ਪੁਰਾਤਨ ਟਿੱਬੇ ਰੂਪੀ ਜੰਗਲ ਲਗਾਉਣ ਦਾ ਉਪਰਲਾ ਕੀਤਾ ਗਿਆ ਜਿਸ ਲਈ ਅੱਜ ਵੱਡੇ ਪੱਧਰ ’ਤੇ ਸੈਂਕੜੇ ਦੀ ਗਿਣਤੀ ਵਿੱਚ ਬੂਟੇ ਲਾਏ ਗਏ। ਹੈਡਮਾਸਟਰ ਡਾ. ਬਲਵੰਤ ਸਿੰਘ ਭੋਤਨਾ ਨੇ ਦੱਸਿਆ ਕਿ ਪਿੰਡ ਦੇ ਜਸਵੰਤ ਸਿੰਘ ਹਾਂਗਕਾਂਗ ਵਾਲਿਆਂ ਦਾ ਸੁਫ਼ਨਾ ਸੀ ਕਿ ਉਹ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਟਿੱਬਿਆਂ ਦੇ ਰੂਪ ਵਿੱਚ ਵਿਰਾਸਤ ਦੇ ਕੇ ਜਾਣ ਅਤੇ ਟਿੱਬੇ ’ਤੇ ਵੱਡੇ ਪੱਧਰ ’ਤੇ ਦਰੱਖਤਾਂ ਲਗਾ ਕੇ ਇਸ ਨੂੰ ਜੰਗਲਨੁਮਾ ਬਣਾਇਆ ਜਾਵੇ।
ਜਸਵੰਤ ਸਿੰਘ ਹਾਂਗਕਾਂਗ ਵਿੱਚ ਕੁੱਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਪਰ ਉਨ੍ਹਾਂ ਦੇ ਪਰਿਵਾਰ ਵਲੋਂ ਉਨ੍ਹਾਂ ਦੀ ਸੋਚ ਨੂੰ ਕਾਇਮ ਰੱਖਦਿਆਂ ਆਪਣੀ ਇੱਕ ਏਕੜ ਜ਼ਮੀਨ ਵਿੱਚ ‘ਟਿੱਬਾ’ ਬਣਾਇਆ ਗਿਆ ਹੈ। ਇਸ ਉਪਰ ਪੰਜਾਬ ਦੇ ਵਿਰਾਸਤੀ ਰੁੱਖ ਢੱਕ ,ਰੇਰੂ , ਰਹੂੜਾ ਤੇਂਦੂ, ਫਰਮਾਹ, ਵਣ, ਲਸੂੜਾ, ਲਸੂੜੀ ਆਦਿ ਲਗਾਏ ਗਏ ਹਨ। ਜਿਸ ਨਾਲ ਇਹ ਟਿੱਬਾ ਪੰਛੀਆਂ ਲਈ ਵੀ ਰਹਿਣ ਬਸੇਰਾ ਬਣਗੇ ਅਤੇ ਦੇਸੀ ਚਿੜੀ, ਕਾਂ, ਘੁੱਗੀਆਂ, ਗਟਾਰਾਂ ਵਰਗੇ ਅਲੋਪ ਹੋ ਰਹੇ ਪੰਛੀਆਂ ਨੂੰ ਵੀ ਬਚਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਵਾਂਗ ਹਰ ਪੰਜਾਬੀ ਨੂੰ ਆਪਣੀ ਸੋਚ ਨੂੰ ਵੱਡਾ ਕਰਨ ਦੀ ਲੋੜ ਹੈ। ਇਸ ਮੌਕੇ ਜਸਵੰਤ ਸਿੰਘ ਦਾ ਭਰਾ ਕੁਲਵੰਤ ਸਿੰਘ ਸੇਖੋ, ਰਾਜੂ ਸਿੰਘ, ਅਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ
test