02 ਜੁਲਾਈ, 2025 – ਗੋਪੇਸ਼ਵਰ : ਉੱਤਰਾਖੰਡ ਦੇ ਜਯੋਤਿਰਮੱਠ ਨੇੜੇ ਨਿਹੰਗ ਸਿੰਘਾਂ ਤੇ ਸਥਾਨਕ ਕਾਰੋਬਾਰੀ ਵਿਚਾਲੇ ਹਿੰਸਕ ਝੜਪ ਮਗਰੋਂ ਪੁਲੀਸ ਨੇ ਸੱਤ ਨਿਹੰਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਝਗੜੇ ’ਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੇ ਪੁਲੀਸ ਅਧਿਕਾਰੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕੀਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।
ਉਨ੍ਹਾਂ ਦੱਸਿਆ ਕਿ ਜਯੋਤਿਰਮੱਠ ਨੇੜੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਏ ਨਿਹੰਗਾਂ ਦਾ ਲੰਘੇ ਦਿਨ ਸਕੂਟਰ ਹਟਾਉਣ ਨੂੰ ਲੈ ਕੇ ਸਥਾਨਕ ਕਾਰੋਬਾਰੀ ਨਾਲ ਵਿਵਾਦ ਹੋ ਗਿਆ। ਬਹਿਸ ਵਧਣ ਕਾਰਨ ਨਿਹੰਗਾਂ ਨੇ ਕਾਰੋਬਾਰੀ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਹਾਲਾਂਕਿ ਉਸ ਦਾ ਬਚਾਅ ਗਿਆ, ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਮੁਲਜ਼ਮ ਫ਼ਰਾਰ ਹੋ ਗਏ। ਹਾਲਾਂਕਿ ਥਾਣੇ ਕੋਲ ਉਨ੍ਹਾਂ ਨੂੰ ਰੋਕ ਲਿਆ ਗਿਆ।
ਇਸ ਦੌਰਾਨ ਵੱਡੀ ਗਿਣਤੀ ਕਾਰੋਬਾਰੀ ਥਾਣੇ ’ਚ ਇਕੱਠੇ ਹੋ ਗਏ। ਨਿਹੰਗ ਯਾਤਰੂਆਂ ਕੋਲ ਰਵਾਇਤੀ ਤੌਰ ’ਤੇ ਧਾਰਨ ਕੀਤੀਆਂ ਕਿਰਪਾਨਾਂ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਤੇਜ਼ਧਾਰ ਹਥਿਆਰ ਹੋਣ ਕਾਰਨ ਸਥਿਤੀ ਵਿਗੜ ਗਈ। ਇਸ ਮੌਕੇ ਦੋਵਾਂ ਧਿਰਾਂ ’ਚ ਤਿੱਖੀ ਬਹਿਸ ਝੜਪ ’ਚ ਬਦਲ ਗਈ। ਪੁਲੀਸ ਵੱਲੋਂ ਦਖਲ ਦੇਣ ਦੀ ਕੋਸ਼ਿਸ਼ ਦੌਰਾਨ ਅੰਮ੍ਰਿਤਪਾਲ ਸਿੰਘ ਨਾਮ ਦੇ ਨਿਹੰਗ ਨੇ ਸੀਨੀਅਰ ਸਬ ਇੰਸਪੈਕਟਰ ਦੇ ਸਿਰ ’ਤੇ ਵਾਰ ਕੀਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ।
ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ 109(1) (ਕਤਲ ਦੀ ਕੋਸ਼ਿਸ਼), 191(2) (ਦੰਗਾ ਕਰਨਾ), 193(3), 352 ਤੇ 351(3) ਤਹਿਤ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ, ਹਰਪ੍ਰੀਤ ਸੈਕੰਡ, ਬਿੰਦਰ ਸਿੰਘ, ਗਰਜਾ ਸਿੰਘ, ਹਰਜੋਤ ਸਿੰਘ ਅਤੇ ਭੋਲਾ ਸਿੰਘ ਸਾਰੇ ਫ਼ਤਹਿਗੜ੍ਹ ਸਾਹਿਬ (ਪੰਜਾਬ) ਵਜੋਂ ਦੱਸੀ ਗਈ ਹੈ। ਪੁਲੀਸ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਪੰਜਾਬੀ ਟ੍ਰਿਬਯੂਨ
test