03 ਜੁਲਾਈ, 2025 – ਪਟਨਾ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦਹਿਸ਼ਤਗਰਦਾਂ ਨੂੰ ਖਤਮ ਕਰਨ ’ਚ ਝਿਜਕੇਗੀ ਨਹੀਂ ਭਾਵੇਂ ਉਹ ਕਿਤੇ ਵੀ ਹੋਣ ਅਤੇ ਸਰਗਣਿਆਂ ਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲੀਆਂ ਸਰਕਾਰਾਂ ਵਿਚਾਲੇ ਕੋਈ ਫਰਕ ਨਹੀਂ ਕੀਤਾ ਜਾਵੇਗਾ।
ਰੱਖਿਆ ਮੰਤਰੀ ਨੇ ਗੁਆਂਢੀ ਮੁਲਕ ਦਾ ਨਾਂ ਲਏ ਬਿਨਾਂ ਇੱਥੇ ਪਾਰਟੀ ਦੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਸੁਰੱਖਿਆ ਨੀਤੀ ਨੇ ਸਰਜੀਕਲ ਸਟ੍ਰਾਈਕ ਤੇ ਬਾਲਾਕੋਟ ਹਵਾਈ ਹਮਲਿਆਂ ਜਿਹੇ ਕਦਮਾਂ ਨਾਲ ਇੱਕ ਨਵਾਂ ਮੋੜ ਲਿਆ ਹੈ। ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਚਲਾਈ ਗਈ ਫੌਜੀ ਮੁਹਿੰਮ ਬਾਰੇ ਉਨ੍ਹਾਂ ਕਿਹਾ, ‘ਅਪਰੇਸ਼ਨ ਸਿੰਦੂਰ Operation Sindoor ਪਹਿਲੀ ਵਾਰ ਸੀ ਜਦੋਂ ਅਸੀਂ ਆਪਣੀਆਂ ਹੱਦਾਂ ਤੋਂ ਸੌ ਕਿਲੋਮੀਟਰ ਦੂਰ ਦਹਿਸ਼ਤੀ ਟਿਕਾਣਿਆਂ ’ਤੇ ਹਮਲਾ ਕੀਤਾ। ਬੇਸ਼ੱਕ ਅਸੀਂ ਸਿਰਫ਼ ਉਨ੍ਹਾਂ ਲੋਕਾਂ ’ਤੇ ਹਮਲਾ ਕੀਤਾ ਜਿਨ੍ਹਾਂ ਸਾਡੇ ’ਤੇ ਹਮਲਾ ਕੀਤਾ ਸੀ। ਇਹੀ ਵਜ੍ਹਾ ਹੈ ਕਿ ਕਿਸੇ ਵੀ ਨਾਗਰਿਕ ਜਾਂ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।’ ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ ਵੱਲੋਂ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕੀਤਾ ਜਾਣ ਕੋਈ ਛੋਟੀ ਗਲਤੀ ਨਹੀਂ ਹੈ ਅਤੇ ਇਹ ਦਲਿਤਾਂ ਪ੍ਰਤੀ ਬੇਇੱਜ਼ਤੀ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਵਕਫ ਮਾਮਲੇ ’ਚ ਵਿਰੋਧੀ ਧਿਰ ਦੇ ਰੁਖ਼ ਦੀ ਆਲੋਚਨਾ
ਭਾਜਪਾ ਦੀ ਬਿਹਾਰ ਇਕਾਈ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਹਾਜ਼ਰੀ ’ਚ ਇੱਕ ਮਤਾ ਪਾਸ ਕਰਕੇ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਹੇਠਲੇ ਮਹਾਗੱਠਜੋੜ ਦੀ ‘ਤੁਸ਼ਟੀਕਰਨ ਦੀ ਰਾਜਨੀਤੀ’ ਦੀ ਆਲੋਚਨਾ ਕੀਤੀ। ਮਹਾਗੱਠਜੋੜ ਅਪਰੈਲ ਤੋਂ ਅਮਲ ’ਚ ਆਏ ਵਕਫ਼ ਕਾਨੂੰਨ ਦਾ ਵਿਰੋਧ ਕਰ ਰਿਹਾ ਹੈ। ਇਸ ਤੋਂ ਇਲਾਵਾ ‘ਵਿਜੈ ਸੰਕਲਪ ਮਤਾ’ ਵੀ ਪਾਸ ਕੀਤਾ ਗਿਆ ਜਿਸ ’ਚ ਕਿਹਾ ਗਿਆ ਹੈ ਕਿ ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ‘ਲਾਲੂ ਪ੍ਰਸਾਦ ਤੇ ਉਨ੍ਹਾਂ ਦੇ ਸਹਿਯੋਗੀ ਸਾਨੂੰ ਹਰਾ ਨਹੀਂ ਸਕਦੇ।’
ਪੰਜਾਬੀ ਟ੍ਰਿਬਯੂਨ
test