ਅੱਠ ਪਿਸਤੌਲਾਂ, ਕਿਲੋ ਹੈਰੋਇਨ ਤੇ 2.9 ਲੱਖ ਦੀ ਡਰੱਗ ਮਨੀ ਸਣੇ ਤਿੰਨ ਗ੍ਰਿਫ਼ਤਾਰ
03 ਜੁਲਾਈ, 2025 – ਅੰਮ੍ਰਿਤਸਰ : ਕਾਊਂਟਰ ਇੰਟੈਲੀਜੈਂਸ (C.I) ਅੰਮ੍ਰਿਤਸਰ ਨੇ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਮਲੇ ਦਾ ਪਰਦਾਫ਼ਾਸ਼ ਕਰਦਿਆਂ ਇਸ ਦੇ ਤਿੰਨ ਕਾਰਕੁਨਾਂ ਨੂੰ ਅੱਠ ਆਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ ਅਤੇ 2.9 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਸਾਂਕੇ ਵਾਸੀ ਸਰਬਜੀਤ ਸਿੰਘ, ਫਿਰੋਜ਼ਪੁਰ ਦੇ ਪਿੰਡ ਲੰਗਿਆਣਾ ਦੇ ਵਾਸੀ ਕੁਲਵਿੰਦਰ ਸਿੰਘ ਤੇ ਰੇਲਵੇ ਰੋਡ, ਤਰਨ ਤਾਰਨ ਵਾਸੀ ਅਸ਼ਮਨਦੀਪ ਸਿੰਘ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤਿੰਨ 9ਐਮਐਮ ਗਲੌਕ ਪਿਸਤੌਲ, ਤਿੰਨ .30 ਬੋਰ ਦੇ ਚਾਈ ਪਿਸਤੌਲ ਅਤੇ ਦੋ .30 ਬੋਰ ਦੇ ਪੀਐਕਸ-5 ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲੀਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕਰੰਸੀ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਹੈ ਅਤੇ ਇੱਕ ਮੋਟਰਸਾਈਕਲ ਜਿਸ ਦੀ ਵਰਤੋਂ ਉਹ ਖੇਪਾਂ ਦੀ ਢੋਆ-ਢੁਆਈ ਲਈ ਕਰਦੇ ਸਨ, ਵੀ ਜ਼ਬਤ ਕਰ ਲਿਆ ਹੈ।
ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪਾਕਿਸਤਾਨੀ ਤਸਕਰ ਸਿਕੰਦਰ ਨੂਰ, ਵਾਸੀ ਮਨਿਆਲਾ (ਪਾਕਿਸਤਾਨ) ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ, ਜੋ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਪਹੁੰਚਾਉਂਦਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਸੂਬੇ ਵਿੱਚ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇਹ ਹਥਿਆਰ ਅੱਗੇ ਗੈਂਗਸਟਰਾਂ ਤੱਕ ਪਹੁੰਚਾਉਂਦੇ ਸਨ।
ਉਨ੍ਹਾਂ ਦੱਸਿਆ ਕਿ ਸੀਆਈ ਅੰਮ੍ਰਿਤਸਰ, ਨੂੰ ਫਿਰੋਜ਼ਪੁਰ ਅਤੇ ਤਰਨਤਾਰਨ ਜਿਲਿ੍ਹਆਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰਾਂ ਤੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਹੋਣ ਬਾਰੇ ਪੁਖ਼ਤਾ ਇਤਲਾਹ ਮਿਲੀ ਸੀ। ਜਿਸ ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲੀਸ ਟੀਮਾਂ ਨੇ ਰੇਲਵੇ ਰੋਡ ਤਰਨ ਤਾਰਨ ਦੇ ਨੇੜੇ ਤਿੰਨ ਵਿਅਕਤੀਆਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ, ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਖੇਪ ਪਹੁੰਚਾਉਣ ਜਾ ਰਹੇ ਸਨ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਐੱਨਡੀਪੀਐਸ ਐਕਟ ਤੇ ਆਰਮਜ਼ ਐਕਟ ਦੀ ਧਾਰਾਵਾਂ ਤਹਿਤ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਪੰਜਾਬੀ ਟ੍ਰਿਬਯੂਨ
test