04 ਜੁਲਾਈ, 2025 – ਤਰਨ ਤਾਰਨ : ਕਸਬਾ ਝਬਾਲ ਦੀ ਤਰਨ ਤਾਰਨ ਰੋਡ ’ਤੇ ਹਫਤੇ ਤੋਂ ਖੜ੍ਹਾ ਪਾਣੀ ਜਿੱਥੇ ਕਸਬੇ ਦੇ ਲੋਕਾਂ ਤੋਂ ਇਲਾਵਾ ਆਉਣ-ਜਾਣ ਵਾਲਿਆਂ ਲਈ ਸਮੱਸਿਆ ਬਣ ਗਿਆ ਹੈ ਉੱਥੇ ਇਸ ਮੁਸ਼ਕਲ ਨੇ ਸੜਕ ਕਿਨਾਰੇ ਦੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਕਰਕੇ ਰੱਖ ਦਿੱਤਾ ਹੈ| ਇਸ ਸਮੱਸਿਆ ਕਰਕੇ ਸੜਕ ਥਾਂ ਥਾਂ ਤੋਂ ਟੁੱਟ ਗਈ ਹੈ ਅਤੇ ਸੜਕ ਦੇ ਐਨ ਵਿਚਕਾਰ ਟੋਏ ਪੈਣ ਕਰਕੇ ਹਰ ਪਲ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ|
ਪਿੰਡ ਦੀ ਸਰਪੰਚ ਰਾਜ ਕੌਰ ਤੋਂ ਇਲਾਵਾ ਪਤਵੰਤਿਆਂ ਵਿਕਰਮ ਸਿੰਘ ਢਿੱਲੋਂ, ਦਵਿੰਦਰ ਸੋਹਲ, ਬਖਤਾਵਰ ਸਿੰਘ, ਬਲਜੀਤ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਬਰਸਾਤਾਂ ਦੇ ਸ਼ੁਰੂ ਹੋਣ ’ਤੇ ਹੀ ਕਸਬਾ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਬੰਦੋਬਸਤ ਨਾ ਹੋਣ ਉਨ੍ਹਾਂ ਨੂੰ ਬੀਤੇ 10 ਸਾਲਾਂ ਤੋਂ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜਾ ਆਉਂਦੇ ਤਿੰਨ ਮਹੀਨਿਆਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ| ਲੋਕਾਂ ਕਿਹਾ ਕਿ ਇਹ ਪਾਣੀ ਸਤੰਬਰ ਮਹੀਨੇ ਦੇ ਅਖੀਰ ਤੱਕ ਉਨ੍ਹਾਂ ਲਈ ਸਿਰਦਰਦੀ ਦਾ ਸਬੱਬ ਦਾ ਕਾਰਣ ਬਣਿਆ ਰਹੇਗਾ|
ਦੁਕਾਨਦਾਰਾਂ ਕਿਹਾ ਕਿ ਇਹ ਅਰਸੇ ਦੌਰਾਨ ਉਨ੍ਹਾਂ ਦੇ ਕਰੋਬਾਰ ਠੱਪ ਹੀ ਰਹਿਣਗੇ| ਪਤਵੰਤਿਆਂ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਬੀਤੇ ਸਾਲਾਂ ਤੋਂ ਸਰਕਾਰ ਦੇ ਪ੍ਰਤਿਨਿਧੀਆਂ, ਅਧਿਕਾਰੀਆਂ ਆਦਿ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਉਨ੍ਹਾਂ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ| ਇਸ ਸਮੱਸਿਆ ਕਰਕੇ ਕਸਬਾ ਝਬਾਲ ਨਾਲ ਲਗਦੀ ਝਬਾਲ ਖ਼ਾਮ , ਝਬਾਲ ਪੁਖਤਾ, ਅੱਡਾ ਝਬਾਲ, ਬਘੇਲ ਸਿੰਘ ਵਾਲਾ, ਝਬਾਲ ਮੰਨਣ, ਸਵਰਗਾਪੁਰੀ ਅਤੇ ਬਾਬਾ ਲੰਗਾਹ ਝਬਾਲ ਸੱਤ ਪਿੰਡਾਂ ਦੀ 20,000 ਦੇ ਕਰੀਬ ਦੀ ਆਬਾਦੀ ਸਿੱਧੇ ਤੌਰ ਤੇ ਅਤੇ ਆਸ ਪਾਸ ਤੋਂ ਰੋਜਾਨਾ ਆਉਂਦੇ ਜਾਂਦੇ ਹਜ਼ਾਰਾਂ ਲੋਕ ਪ੍ਰਭਾਵਿਤ ਹੋ ਰਹੇ ਹਨ| ਲੋਕਾਂ ਕਿਹਾ ਕਿ ਉਨ੍ਹਾਂ ਬਾਰਸ਼ਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਉਣ ਵਾਲੀ ਸੰਭਾਵੀ ਮੁਸ਼ਕਲ ਦਾ ਅਗਾਊਂ ਹੱਲ ਕਰਨ ਦੀ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਸੀ ਪਰ ਉਨ੍ਹਾਂ ਦੀ ਮੁਸ਼ਕਲ ਵੱਲ ਧਿਆਨ ਨਹੀਂ ਦਿੱਤਾ ਗਿਆ।
ਪੰਜਾਬੀ ਟ੍ਰਿਬਯੂਨ
test