11 ਜੁਲਾਈ, 2025 – ਮਹਿਲ ਕਲਾਂ : ‘ਆਪ’ ਸਰਕਾਰ ਦੇ ਰਾਜ ’ਚ ਮਹਿਲ ਕਲਾਂ ਹਲਕਾ ਬਦਲਾਅ ਦੀ ਉਡੀਕ ਵਿੱਚ ਹੈ। ਖਾਸ ਤੌਰ ’ਤੇ ਪਿੰਡਾਂ ਦੇ ਵਿਕਾਸ ਦਾ ਮੁੱਢ ਬੰਨ੍ਹਣ ਵਾਲਾ ਬਲਾਕ ਪੰਚਾਇਤ ਅਤੇ ਵਿਕਾਸ ਦਫ਼ਤਰ ਖ਼ੁਦ ਵਿਕਾਸ ਨੂੰ ਤਰਸ ਰਿਹਾ ਹੈ। ਵਰ੍ਹਿਆਂ ਪੁਰਾਣੀ ਇਮਾਰਤ ਵਿੱਚ ਚੱਲ ਰਿਹਾ ਬੀਡੀਪੀਓ ਦਫ਼ਤਰ ਨੀਵਾਂ ਹੋਣ ਕਾਰਨ ਇੱਥੇ ਮੀਂਹ ਦਾ ਪਾਣੀ ਅਕਸਰ ਖੜ੍ਹਾ ਹੀ ਰਹਿੰਦਾ ਹੈ। ਅੱਜ ਕਾਂਗਰਸੀ ਆਗੂਆਂ ਵਲੋਂ ਇੱਥੇ ਝੋਨਾ ਲਗਾ ਕੇ ਸੂਬਾ ਸਰਕਾਰ ਵਿਰੁੱਧ ਰੋੋਸ ਜ਼ਾਹਰ ਕੀਤਾ ਗਿਆ।
ਇਸ ਮੌਕੇ ਕਾਂਗਰਸੀ ਆਗੂ ਅਤੇ ਸਾਬਕਾ ਜ਼ਿਲਾ ਪਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ ਵਲੋਂ ਬੀਡੀਪੀਓ ਦਫ਼ਤਰ ਦੀ ਖ਼ਸਤਾ ਹਾਲਾਤ ਨੂੰ ਲੈ ਕੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਗਏ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਦੱਸਿਆ ਕਿ ਬੀਡੀਪੀਓ ਦਫ਼ਤਰ ਦੀ ਇਮਾਰਤ ਨੀਵੀਂ ਹੋਣ ਕਾਰਨ ਬਰਸਾਤ ਦੌਰਾਨ ਪਾਣੀ ਦਫ਼ਤਰ ਵਿੱਚ ਵੜ ਜਾਂਦਾ ਹੈ ਅਤੇ ਦਫ਼ਤਰ ਛੱਪੜ ਵਿੱਚ ਬਦਲ ਜਾਂਦਾ ਹੈ। ਉਹਨਾਂ ਕਿਹਾ ਕਿ ਮਹਿਲ ਕਲਾਂ ਬਲਾਕ ਦੇ ਪਿੰਡਾਂ ਦਾ ਵਿਕਾਸ ਇਸ ਦਫ਼ਤਰ ਤੋਂ ਹੋਣਾ ਹੈ, ਪਰ ਇਹ ਦਫ਼ਤਰ ਦੇ ਆਪਣੇ ਹਾਲਾਤ ਤਰਸਯੋਗ ਹਨ। ਇੱਥੇ ਪਿੰਡਾਂ ਤੋਂ ਕੰਮ ਧੰਦੇ ਲਈ ਆਉਣ ਵਾਲੇ ਲੋਕਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਜੇ ਬੀਡੀਪੀਓ ਦਫ਼ਤਰ ਦੇ ਅਧਿਕਾਰੀ ਜਾਂ ਸਰਕਾਰ ਆਪਣੇ ਦਫ਼ਤਰ ਦੀ ਸਫਾਈ ਅਤੇ ਵਿਕਾਸ ਨਹੀਂ ਕਰਵਾ ਸਕਦੇ, ਤਾਂ ਉਹ ਪਿੰਡਾਂ ਦੇ ਵਿਕਾਸ ਕਾਰਜ ਕਿਵੇਂ ਕਰਵਾ ਸਕਣਗੇ।
ਇਸ ਮੌਕੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰ੍ਹਾਂ ਅਤੇ ਮਨਦੀਪ ਸਿੰਘ ਨੇ ਸਰਕਾਰ ਤੋਂ ਇਸ ਇਮਾਰਤ ਨੂੰ ਉਚਾ ਚੁੱਕ ਕੇ ਨਵੇਂ ਸਿਰੇ ਤੋਂ ਬਣਾਉਣ ਦੀ ਮੰਗ ਕੀਤੀ।
ਜੇਈ ਨੂੰ ਪੰਦਰਾਂ ਦਿਨਾਂ ’ਚ ਕੰਮ ਮੁਕੰਮਲ ਕਰਨ ਲਈ ਕਿਹਾ: ਬੀਡੀਪੀਓ
ਬੀਡੀਪੀਓ ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ ਦਫ਼ਤਰ ਦੀ ਸਫ਼ਾਈ ਕਰਵਾਉਣ ਦੇ ਨਾਲ-ਨਾਲ ਦਫ਼ਤਰ ਦੇ ਗੇਟ ਅਤੇ ਬਾਥਰੂਮ ਉੱਚੇ ਚੁੱਕ ਕੇ ਬਣਾਉਣ ਸਬੰਧੀ ਜੇਈ ਨੂੰ ਐਸਟੀਮੈਂਟ ਲਗਾ ਕੇ ਕੰਮ 15 ਦਿਨਾਂ ਦੇ ਅੰਦਰ-ਅੰਦਰ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਪੰਜਾਬੀ ਟ੍ਰਿਬਯੂਨ