11 ਜੁਲਾਈ, 2025 – ਕਰਤਾਰਪੁਰ : ਪੁਲੀਸ ਸਬ ਡਿਵੀਜ਼ਨ ਕਰਤਾਰਪੁਰ ਦੇ ਥਾਣਾ ਮਕਸੂਦਾਂ ਦੀ ਖਸਤਾ ਹਾਲਤ ਇਮਾਰਤ ਕਾਰਨ ਉਥੇ ਤਾਇਨਾਤ ਪੁਲੀਸ ਖੌਫਜ਼ਦਾ ਹਨ। ਉਪਰੋਂ ਬਰਸਾਤ ਦਾ ਮੌਸਮ ਹੋਣ ਕਾਰਨ ਥਾਣੇ ਦੀ ਪੁਰਾਣੀ ਇਮਾਰਤ ਦੀ ਦੂਸਰੀ ਮੰਜ਼ਿਲ ਦੀ ਛੱਤ ਟੁੱਟੀ ਹੋਣ ਕਾਰਨ ਮੀਂਹ ਦਾ ਪਾਣੀ ਹੇਠਾਂ ਆ ਰਿਹਾ ਹੈ ਜੋ ਮੁਲਾਜ਼ਮਾਂ ਦੇ ਕੰਮ ਵਿਚ ਵਿਘਨ ਪਾ ਰਿਹਾ ਹੈ। ਆਸ ਪਾਸ ਦੇ 43 ਪਿੰਡਾਂ ਦੇ ਲੋਕ ਕੰਮਕਾਜ ਲਈ ਥਾਣਾ ਮਕਸੂਦਾਂ ਵਿੱਚ ਰੋਜ਼ਾਨਾ ਆਉਂਦੇ ਹਨ। ਥਾਣਾ ਮਕਸੂਦਾਂ ਦੀ ਤਰਾਸਦੀ ਇਹ ਵੀ ਹੈ ਕਿ ਸ਼ਹਿਰੀ ਖੇਤਰ ਦੀ ਹਦੂਦ ਵਿੱਚ ਦਿਹਾਤੀ ਖੇਤਰ ਦਾ ਥਾਣਾ ਹੋਣ ਕਾਰਨ ਇੱਥੇ ਹੋਏ ਬੰਬ ਕਾਂਡ ਦੀ ਐਫਆਈਆਰ ਸ਼ਹਿਰੀ ਖੇਤਰ ਦੀ ਪੁਲੀਸ ਡਿਵੀਜ਼ਨ ਨੰਬਰ-1 ਵਿੱਚ ਦਰਜ ਹੋਈ ਸੀ। ਮਕਸੂਦਾਂ ਥਾਣਾ ਵਿੱਚ ਤਾਇਨਾਤ ਅਧਿਕਾਰੀ ਆਪਣੇ ਥਾਣੇ ਵਿੱਚ ਹੋਈ ਘਟਨਾ ਦੀ ਜਾਂਚ ਕਰਨ ਤੋਂ ਵੀ ਅਸਮਰਥ ਸਨ।
ਇੱਥੇ ਇਨਸਾਫ ਲੈਣ ਲਈ ਆਉਣ ਵਾਲੇ ਲੋਕਾਂ ਦੇ ਬੈਠਣ ਅਤੇ ਵਾਹਨ ਖੜ੍ਹੇ ਕਰਨ ਤੋਂ ਇਲਾਵਾ ਸਹੂਲਤਾਂ ਨਾ ਦੇ ਬਰਾਬਰ ਹਨ ਅਤੇ ਲੋਕਾਂ ਨੂੰ ਥਾਣੇ ਦੇ ਵਿਹੜੇ ਵਿੱਚ ਖੜ੍ਹਨ ਲਈ ਮਜਬੂਰ ਹੋਣਾ ਪੈਂਦਾ ਹੈ। ਇਥੇ ਸਿਰਫ਼ ਥਾਣਾ ਮੁਖੀ ਦੇ ਕਮਰੇ ਦਾ ਹਾਰ-ਸ਼ਿੰਗਾਰ ਕੀਤਾ ਹੋਇਆ ਹੈ ਜਦੋਂ ਕਿ ਮੁਨਸ਼ੀ ਦਾ ਦਫਤਰ ਤੇ ਰਿਕਾਰਡ ਰੂਮ ਵਾਲੇ ਕਮਰੇ ਦੀ ਹਾਲਤ ਖਸਤਾ ਹੈ। ਥਾਣਾ ਮੁਖੀ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਥਾਣੇ ਦੀ ਖਸਤਾ ਹਾਲਤ ਤੋਂ ਉੱਚ ਪੁਲੀਸ ਅਧਿਕਾਰੀ ਜਾਣੂ ਹਨ ਜਦੋਂਕਿ ਕੁਝ ਦਿਨ ਪਹਿਲਾਂ ਹੀ ਛੱਤ ਦੀ ਮੁਰੰਮਤ ਕਰਵਾਈ ਹੈ। ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਸਾਬਕਾ ਪੁਲੀਸ ਅਧਿਕਾਰੀ ਰਜਿੰਦਰ ਸਿੰਘ ਨੇ ਕਿਹਾ ਪੁਲੀਸ ਕੋਲੋਂ ਚੰਗੀ ਤਰ੍ਹਾਂ ਡਿਊਟੀ ਲੈਣ ਲਈ ਥਾਣੇ ਦਾ ਨਿਰਮਾਣ ਕਰਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਥਾਣੇ ਦੀ ਬੀ ਖਸਤਾ ਹਾਲਤ ਕਾਰਨ ਕੋਈ ਵੀ ਘਟਨਾ ਵਾਪਰ ਸਕਦੀ ਹੈ।
ਮੁੱਖ ਮੰਤਰੀ ਤੇ ਡੀਜੀਪੀ ਕੋਲ ਪਹੁੰਚ ਕਰਾਂਗੇ: ਵਿਧਾਇਕ
ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਥਾਣੇ ਦੀ ਖਸਤਾ ਹਾਲਤ ਅਤੇ ਸ਼ਹਿਰੀ ਖੇਤਰ ਵਿੱਚ ਹੋਂਦ ਕਾਰਨ ਮੁਲਾਜ਼ਮਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਥਾਣੇ ਦੀ ਇਮਾਰਤ ਬਣਾਉਣ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਸੀ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਪਿੰਡਾਂ ਵਿੱਚੋਂ ਜ਼ਮੀਨ ਦੀ ਭਾਲ ਕਰਕੇ ਥਾਣੇ ਦੀ ਇਮਾਰਤ ਆਤੀ ਆਧੁਨਿਕ ਬਣਾਉਣ ਲਈ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚ ਕਰਨਗੇ।
ਪੰਜਾਬੀ ਟ੍ਰਿਬਯੂਨ