14 ਜੁਲਾਈ, 2025 – ਬਰਮਿੰਘਮ : ਇੰਗਲੈਂਡ ਦੀ ਸਰਜ਼ਮੀਨ ’ਤੇ ਪਹਿਲੀ ਵਾਰ ਟੀ20 ਲੜੀ ਵਿਚ ਜਿੱਤ ਯਕੀਨੀ ਬਣਾਉਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਸ਼ਨਿੱਚਰਵਾਰ ਨੂੰ ਪੰਜਵੇਂ ਤੇ ਆਖਰੀ ਟੀ20 ਵਿਚ ਮੇਜ਼ਬਾਨ ਟੀਮ ਖਿਲਾਫ਼ ਆਖਰੀ ਗੇਂਦ ’ਤੇ ਪੰਜ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਹਾਲਾਂਕਿ ਲੜੀ 3-2 ਨਾਲ ਜਿੱਤ ਲਈ। ਇੰਗਲੈਂਡ ਦੀ ਜਿੱਤ ਵਿਚ Wyatt-Hodge ਤੇ Dunkley ਦਾ ਅਹਿਮ ਯੋਗਦਾਨ ਰਿਹਾ।
ਭਾਰਤ ਨੇ ਸ਼ੇਫਾਲੀ ਵਰਮਾ ਦੀ 75 ਦੌੜਾਂ ਦੀ ਤੇਜ਼ ਤਰਾਰ ਪਾਰੀ ਦੀ ਬਦੌਲਤ ਸੱਤ ਵਿਕਟਾਂ ਨਾਲ 167 ਦੌੜਾਂ ਬਣਾਈਆਂ। ਇੰਗਲੈਂਡ ਨੇ ਮੈਚ ਦੀ ਆਖਰੀ ਗੇਂਦ ’ਤੇ 168/5 ਦੇ ਸਕੋਰ ਨਾਲ ਮੈਚ ਜਿੱਤ ਲਿਆ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਐੱਮ.ਆਰਲੋਟ (42 ਦੌੜਾਂ ਬਦਲੇ ਇਕ ਵਿਕਟ) ਨੂੰ ਉਪਰੋਥੱਲੀ ਦੋ ਚੌਕੇ ਲਾ ਕੇ ਸ਼ੁਰੂਆਤ ਕੀਤੀ, ਪਰ ਆਖਰੀ ਗੇਂਦ ’ਤੇ ਲਿਨਸੇ ਸਮਿੱਥ ਨੂੰ ਕੈਚ ਦੇ ਬੈਠੀ। ਜੇਮਿਮਾ ਰੌਡਰਿੰਗਜ਼ ਸਿਰਫ਼ ਇਕ ਦੌੜ ਬਣਾ ਕੇ ਲਿਨਸੇ ਦੀ ਗੇਂਦ ’ਤੇ ਬੋਲਡ ਹੋ ਗਈ। ਜਿਸ ਕਰਕੇ ਭਾਰਤ ਦਾ ਸਕੋਰ ਇਕ ਵੇਲੇ ਦੋ ਵਿਕਟਾਂ ’ਤੇ 19 ਦੌੜਾਂ ਸੀ।
ਸ਼ੇਫਾਲੀ ਤੇ ਕਪਤਾਨ ਹਰਮਨਪ੍ਰੀਤ ਕੌਰ (15) ਨੇ ਮਗਰੋਂ ਤੀਜੇ ਵਿਕਟ ਲਈ 43 ਗੇਂਦਾਂ ਵਿਚ 66 ਦੌੜਾਂ ਦੀ ਭਾਈਵਾਲੀ ਕੀਤੀ। ਆਫ਼ ਸਪਿੰਨਰ ਚਾਰਲੀ ਡੀਨ (23 ਦੌੜਾਂ ਬਦਲੇ ਤਿੰਨ ਵਿਕਟ) ਨੇ ਹਰਮਨਪ੍ਰੀਤ ਨੂੰ ਬੋਲਡ ਕਰਕੇ ਇਸ ਭਾਈਵਾਲੀ ਨੂੰ ਤੋੜਿਆ। ਹਰਲੀਨ ਦਿਓਲ ਵੀ ਚਾਰ ਦੌੜਾਂ ਬਣਾ ਕੇ ਸੋਫੀ ਐਕਲੇਸਟੋਨ ਦੀ ਸ਼ਿਕਾਰ ਬਣੀ। ਇਕ ਸਿਰਾ ਸਾਂਭੀ ਬੈਠੀ ਸ਼ੇਫਾਲੀ ਨੇ ਐਕਲੇਸਟੋਨ ਨੂੰ ਕਵਰਜ਼ ’ਤੇ ਚੌਕਾ ਜੜ ਕੇ 23 ਗੇਂਦਾਂ ਵਿਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਸ਼ੇਫਾਲੀ ਨੇ 41 ਗੇਂਦਾਂ ਦਾ ਸਾਹਮਣਾ ਕੀਤਾ ਅਤੇ 14 ਚੌਕੇ ਤੇ ਇਕ ਛੱਕਾ ਜੜਿਆ। ਇਸ ਤੋਂ ਬਾਅਦ ਵਿਕਟਕੀਪਰ ਰਿਚਾ ਘੋਸ਼ ਨੇ 16 ਗੇਂਦਾਂ ’ਤੇ 24 ਦੌੜਾਂ ਬਣਾਈਆਂ ਜਦੋਂ ਕਿ ਰਾਧਾ ਯਾਦਵ ਨੇ 14 ਗੇਂਦਾਂ ’ਤੇ 14 ਦੌੜਾਂ ਬਣਾਈਆਂ ਜਿਸ ਨਾਲ ਭਾਰਤ ਨੇ ਆਖਰੀ 41 ਗੇਂਦਾਂ ’ਤੇ 56 ਦੌੜਾਂ ਜੋੜੀਆਂ।
ਟੀਚੇ ਦਾ ਪਿੱਛਾ ਕਰਦੇ ਹੋਏ, ਸਲਾਮੀ ਬੱਲੇਬਾਜ਼ ਸੋਫੀਆ ਡੰਕਲੇ (46 ਦੌੜਾਂ, 30 ਗੇਂਦਾਂ) ਅਤੇ ਡੈਨੀਅਲ ਵਿਆਟ-ਹਾਜ (56 ਦੌੜਾਂ, 37 ਗੇਂਦਾਂ) ਨੇ ਸਿਰਫ਼ 10.4 ਓਵਰਾਂ ਵਿੱਚ ਪਹਿਲੀ ਵਿਕਟ ਲਈ 101 ਦੌੜਾਂ ਜੋੜ ਕੇ ਇੰਗਲੈਂਡ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਭਾਰਤ ਨੇ ਡੰਕਲੇ ਅਤੇ ਵਿਆਟ ਹਾਜ ਨੂੰ ਲਗਾਤਾਰ ਆਊਟ ਕਰਕੇ ਸੌ ਦੌੜਾਂ ਦੀ ਭਾਈਵਾਲੀ ਤੋਂ ਬਾਅਦ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਕਪਤਾਨ ਟੈਮੀ ਬਿਊਮੋਂਟ (30) ਅਤੇ ਬਾਊਚੀਅਰ (16) ਨੇ ਮੇਜ਼ਬਾਨ ਟੀਮ ਦੀ ਜਿੱਤ ਯਕੀਨੀ ਬਣਾਈ। ਹੁਣ ਦੋਵਾਂ ਟੀਮਾਂ ਵਿਚਕਾਰ 16 ਜੁਲਾਈ ਤੋਂ ਸਾਊਥੈਂਪਟਨ ਵਿੱਚ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਖੇਡੀ ਜਾਵੇਗੀ।
ਪੰਜਾਬੀ ਟ੍ਰਿਬਯੂਨ