29 ਜੁਲਾਈ, 2025 – ਵੈਨਕੂਵਰ : ਪੀਲ ਪੁਲੀਸ ਨੇ ਕੈਲੇਡਨ ਦੇ ਰਹਿਣ ਵਾਲੇ ਭਾਰਤੀ ਦੇ ਘਰ ਛਾਪਾ ਮਾਰ ਕੇ ਉਥੋਂ ਚੋਰੀ ਕੀਤੇ 6 ਟਰਾਲੇ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਪਛਾਣ ਲੁਕੋਣ ਲਈ ਉਨ੍ਹਾਂ ਦੇ ਨੰਬਰਾਂ ਅਤੇ ਹੁਲੀਏ ਨਾਲ ਤੋੜ ਫੋੜ ਕੀਤੀ ਗਈ ਹੋਈ ਸੀ।
ਫੜੇ ਗਏ ਵਿਅਕਤੀ ਦੀ ਪਛਾਣ ਕੈਲੇਡਨ ਦੇ ਰਹਿਣ ਵਾਲੇ 24 ਸਾਲਾ ਸਤਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਉਸ ’ਤੇ ਦੋਸ਼ ਹਨ ਕਿ ਉਹ ਟਰਾਲੇ ਚੋਰੀ ਕਰਦਾ ਸੀ ਤੇ ਘਰ ਲਿਆ ਕੇ ਟਰਾਲਿਆਂ ਦੇ ਨੰਬਰਾਂ ਅਤੇ ਹੁਲੀਏ ਦੀ ਭੰਨ-ਤੋੜ ਕਰ ਕੇ ਉਨ੍ਹਾਂ ਨੂੰ ਅਗਾਂਹ ਵੇਚ ਦਿੰਦਾ ਸੀ।
ਮੌਕੇ ’ਤੇ ਉਸ ਤੋਂ 6 ਟਰਾਲੇ ਬਰਾਮਦ ਕੀਤੇ ਗਏ ਹਨ। ਪੁਲੀਸ ਅਨੁਸਾਰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਮੁਚੱਲਕੇ ਉੱਤੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।
ਪੰਜਾਬੀ ਟ੍ਰਿਬਯੂਨ
ਕੈਨੇਡਾ:ਮੈਨੀਟੋਬਾ ਸਰਕਾਰ ਦੇ ਮੰਤਰੀ ਮਿੰਟੂ ਸੰਧੂ ਵੱਲੋਂ ਉੱਘੇ ਸਮਾਜ ਸੇਵੀ ਦਾ ਸਨਮਾਨ
ਭਵਿੱਖ ਵਿੱਚ ਹੋਰ ਸੰਜੀਦਗੀ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕਰਾਂਗਾ:ਗੁਰਪ੍ਰੀਤ ਸਿੰਘ
29 ਜੁਲਾਈ, 2025 – ਵਿਨੀਪੈਗ : ਸਮਾਜ ਅੰਦਰ ਵਿਚਰਦਿਆਂ ਕੀਤੀ ਸੇਵਾ ਦਾ ਫਲ਼ ਇਨਸਾਨ ਨੂੰ ਪ੍ਰਮਾਤਮਾ ਆਪਣੀਆਂ ਬਖਸ਼ਸਾਂ ਦੇ ਰੂਪ ‘ਚ ਜ਼ਰੂਰ ਦਿੰਦੇ ਹਨ। ਦੁਨੀਆ ‘ਚ ਅਜਿਹੇ ਕਈ ਲੋਕ ਹਨ ਜੋ ਦੂਜਿਆਂ ਲਈ ਮਾਰਗ ਦਰਸ਼ਕ ਬਣਦੇ ਹਨ। ਅਜਿਹੀ ਇਕ ਸ਼ਖ਼ਸੀਅਤ ਲਾਇਨਜ਼ ਕਲੱਬ ਮੋਗਾ ਦੇ ਪ੍ਰਧਾਨ ਸ਼੍ਰੀ ਗੁਰਪ੍ਰੀਤ ਸਿੰਘ ਜੱਸਲ ਹਨ,ਜੋ ਆਪਣੇ ਕੈਨੇਡਾ ਅਤੇ ਅਮਰੀਕਾ ਦੌਰੇ ਦੌਰਾਨ ਮੈਨੀਟੋਬਾ ਦੀ ਅਸੰਬਲੀ ਪਹੁੰਚੇ,ਜਿੱਥੇ ਉਨ੍ਹਾਂ ਦਾ ਮੈਨੀਟੋਬਾ ਸਰਕਾਰ ਦੇ ਵਿਚ ਪਬਲਿਕ ਸਰਵਿਸ ਡਿਲਿਵਰੀ ਦੇ ਮੰਤਰੀ ਸ੍ਰੀ ਸੁਖਜਿੰਦਰਪਾਲ ਸਿੰਘ ਸੰਧੂ ( ਮਿੰਟੂ ਸੰਧੂ ) ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ ਹੈ।
ਉਨ੍ਹਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਮੰਤਰੀ ਮਿੰਟੂ ਸੰਧੂ ਨੇ ਦੱਸਿਆ ਗਿਆ ਕੇ ਇਹ ਸਨਮਾਨ ਸ੍ਰੀ ਜੱਸਲ ਵੱਲੋਂ ਪੰਜਾਬ ਵਿਚ ਆਪਣੇ ਉੱਦਮੀ ਯਤਨਾਂ ਦੇ ਨਾਲ-ਨਾਲ ਸਮਾਜ ਭਲਾਈ ਲਈ ਆਪਣੀ ਵਚਨਬੱਧਤਾ ਤੇ ਵੱਖ-ਵੱਖ ਭਾਈਚਾਰਿਆਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ, ਰੁੱਖ ਲਗਾਉਣ ਦੀਆਂ ਮੁਹਿੰਮਾਂ, ਅਵਾਰਾ ਪਸ਼ੂਆਂ ਦੀ ਦੇਖਭਾਲ, ਅਤੇ ਅਣਪਛਾਤੇ ਮ੍ਰਿਤਕ ਵਿਅਕਤੀਆਂ ਲਈ ਮੁਫ਼ਤ ਅੰਤਿਮ ਸੰਸਕਾਰ ਸੇਵਾਵਾਂ ਆਦਿ ਲਈ ਦਿੱਤਾ ਗਿਆ ।
ਇਸ ਮੌਕੇ ਸ਼੍ਰੀ ਗੁਰਪ੍ਰੀਤ ਸਿੰਘ ਜੱਸਲ ਨੇ ਮੈਨੀਟੋਬਾ ਦੇ ਸਰਕਾਰ ਵੱਲੋਂ ਉਹਨਾਂ ਦਾ ਸਨਮਾਨ ਕੀਤੇ ਜਾਣ ਲਈ ਧੰਨਵਾਦ ਕੀਤਾ ਅਤੇ ਕਿਹਾ ਇਸ ਸਨਮਾਨ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ। ਉਹ ਭਵਿੱਖ ’ਚ ਹੋਰ ਸੰਜੀਦਗੀ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਉਨ੍ਹਾਂ ਵੱਲੋਂ ਪੰਜਾਬ ਦੀ ਤਰੱਕੀ ਤੇ ਬਿਹਤਰੀ ਲਈ ਐੱਨਆਰਆਈ (NRI) ਭਰਾਵਾਂ ਅੱਗੇ ਕੁਝ ਸੁਝਾਅ ਵੀ ਰੱਖੇ ਗਏ।
ਪੰਜਾਬੀ ਟ੍ਰਿਬਯੂਨ