ਪਲਾਂਟ ਲੰਬੇ ਤੋਂ ਬੰਦ ਹੋਣ ਕਾਰਨ ਮਰੀਜ਼ਾਂ ਦੀ ਸੁਰੱਖਿਆ ਨੂੰ ਖ਼ਤਰਾ
31 ਜੁਲਾਈ, 2025 – ਅਜਨਾਲਾ :ਸਥਾਨਕ ਤਹਿਸੀਲ ਅਜਨਾਲਾ ਦੇ ਇਕਲੌਤੇ 50 ਬਿਸਤਰਿਆਂ ਵਾਲਾ ਮੁੱਖ ਹਸਪਤਾਲ ਸਿਵਲ ਹਸਪਤਾਲ ’ਚ ਗੰਭੀਰ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਆਕਸੀਜਨ ਦਾ ਪਲਾਂਟ ਕਾਫੀ ਸਮੇਂ ਤੋਂ ਬੰਦ ਹੋਣ ਨਾਲ ਮਰੀਜ਼ਾਂ ਦੀ ਸੁਰੱਖਿਆ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ।
ਇਹ ਹਸਪਤਾਲ ਤਹਿਸੀਲ ਅਜਨਾਲਾ ਦੇ 15 ਤੋਂ 20 ਕਿਲੋਮੀਟਰ ਘੇਰੇ ਦੇ ਆਲੇ- ਦੁਆਲੇ ਵੱਸਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਦਾ ਹੈ। ਜਾਣਕਾਰੀ ਅਨੁਸਾਰ ਕਰੋਨਾ ਮਗਰੋਂ ਮਰੀਜ਼ਾਂ ਦੀ ਸਹੂਲਤ ਲਈ ਸਿੱਧੀ ਆਕਸੀਜਨ ਮੁਹਈਆ ਕਰਨ ਲਈ ਹਸਪਤਾਲ ਦੇ ਅੰਦਰ ਆਕਸੀਜ਼ਨ ਦਾ ਵਿਸ਼ੇਸ਼ ਪਲਾਂਟ ਲਾਇਆ ਗਿਆ ਸੀ ਪਰ ਕੁਝ ਸਮੇਂ ਬਾਅਦ ਇਸ ਦੀਆਂ ਪਾਈਪਾਂ ਚੋਰੀ ਹੋਣ ਤੇ ਹੋਰ ਖਰਾਬੀ ਕਾਰਨ ਬੰਦ ਹੋ ਗਿਆ ਜਿਸ ਨੂੰ ਅਜੇ ਤੱਕ ਚਾਲੂ ਨਹੀਂ ਕੀਤਾ ਗਿਆ।
ਸਮਾਜ ਸੇਵੀ ਪਰਮ ਸੰਧੂ ਨੇ ਕਿਹਾ ਕਿ ਸਿਵਲ ਹਸਪਤਾਲ ’ਚ ਦੂਰ-ਦੁਰੇਡੇ ਪਿੰਡਾਂ ਤੋਂ ਲੋਕ ਇਲਾਜ ਕਰਵਾਉਣ ਆਉਂਦੇ ਹਨ ਪਰ ਇੱਥੇ ਬਣਦੀ ਸਹੂਲਤ ਨਾ ਹੋਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਰਾਤ ਵੇਲੇ ਐਮਰਜੈਂਸੀ ਹਾਲਾਤ ਦੇ ਮੁਤਾਬਕ ਇਥੇ ਇਲਾਜ ਦੀ ਸਹੂਲਤ ਨਹੀਂ ਹੈ ਜਿਸ ਕਾਰਨ ਲੋਕਾਂ ਨੂੰ ਸ਼ਹਿਰਾਂ ਦੇ ਨਿੱਜੀ ਹਸਪਤਾਲ ਵਿੱਚ ਸਿਹਤ ਸੇਵਾਵਾਂ ਲੈਣ ਲਈ ਜਾਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਿਵਲ ਹਸਪਤਾਲ ਅਜਨਾਲਾ ’ਚ ਆਕਸੀਜਨ ਦਾ ਬੰਦ ਪਿਆ ਪਲਾਂਟ ਚਾਲੂ ਕਰਨ ਤੋਂ ਇਲਾਵਾ ਡਾਕਟਰ ਅਤੇ ਦਵਾਈਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ।
ਤਾਰਾਂ ਚੋਰੀ ਹੋਣ ਕਾਰਨ ਪਲਾਂਟ ਬੰਦ: ਐੱਸਐੱਮਓ ਅਗਰਵਾਲ
ਸੀਨੀਅਰ ਮੈਡੀਕਲ ਅਫਸਰ ਅਜਨਾਲਾ ਡਾ. ਸ਼ਾਲੂ ਅਗਰਵਾਲ ਨੇ ਦੱਸਿਆ ਕਿ ਹਸਪਤਾਲ ਅੰਦਰ ਬਣੇ ਆਕਸੀਜਨ ਪਲਾਂਟ ’ਚ ਲੱਗੀਆਂ ਤਾਂਬੇ ਦੀਆਂ ਤਾਰਾਂ ਚੋਰੀ ਹੋਣ ਕਾਰਨ ਪਲਾਂਟ ਬੰਦ ਪਿਆ ਹੈ ਜਿਸ ਸਬੰਧੀ ਵਿਭਾਗ ਨੂੰ ਸੂਚਿਤ ਕੀਤਾ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲ ਵਿੱਚ ਆਕਸੀਜਨ ਦੇ ਵੱਡੇ ਸਿਲੰਡਰ ਮੌਜੂਦ ਹਨ ਜੋ ਐਮਰਜੈਂਸੀ ਤੇ ਵਾਰਡਾਂ ਵਿੱਚ ਰੱਖੇ ਹੋਏ ਹਨ ਜਿਸ ਨਾਲ ਮਰੀਜ਼ਾਂ ਲਈ ਲੋੜੀਂਦੀ ਆਕਸੀਜਨ ਦੀ ਕੋਈ ਕਮੀ ਨਹੀਂ ਹੈ।
ਪੰਜਾਬੀ ਟ੍ਰਿਬਯੂਨ