07 ਅਗਸਤ, 2025 – ਦੁਬਈ : ਭਾਰਤੀ ਟੈਸਟ ਕਪਤਾਨ ਸ਼ੁਭਮਨ ਗਿੱਲ ਨੂੰ ਅੱਜ ਦੱਖਣੀ ਅਫਰੀਕਾ ਦੇ ਵਿਆਨ ਮੁਲਡਰ ਅਤੇ ਇੰਗਲੈਂਡ ਦੇ ਕਪਤਾਨ ਬੈੱਨ ਸਟਾਕਸ ਦੇ ਨਾਲ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਜੁਲਾਈ ਮਹੀਨੇ ਦੇ ਸਰਵੋਤਮ ਖਿਡਾਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਗਿੱਲ ਨੇ ਇੰਗਲੈਂਡ ਖ਼ਿਲਾਫ਼ ਹਾਲ ਹੀ ਵਿੱਚ ਖ਼ਤਮ ਹੋਈ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਗਿੱਲ ਨੇ ਲੜੀ ਵਿੱਚ 75.40 ਦੀ ਔਸਤ ਅਤੇ ਚਾਰ ਸੈਂਕੜਿਆਂ ਦੀ ਮਦਦ ਨਾਲ 754 ਦੌੜਾਂ ਬਣਾਈਆਂ। ਉਸ ਨੇ ਇੱਕ ਦੋਹਰਾ ਸੈਂਕੜਾ ਵੀ ਜੜਿਆ। 25 ਸਾਲਾ ਬੱਲੇਬਾਜ਼ ਨੇ ਲੜੀ ਵਿੱਚ ਕਿਸੇ ਵੀ ਭਾਰਤੀ ਕਪਤਾਨ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਸੁਨੀਲ ਗਾਵਸਕਰ ਦਾ ਰਿਕਾਰਡ (732) ਤੋੜ ਦਿੱਤਾ। ਆਈਸੀਸੀ ਨੇ ਆਪਣੀ ਵੈੱਬਸਾਈਟ ’ਤੇ ਲਿਖਿਆ, ‘ਸ਼ੁਭਮਨ ਗਿੱਲ ਲਈ ਇਹ ਮਹੀਨਾ ਸ਼ਾਨਦਾਰ ਰਿਹਾ। ਉਸ ਨੇ ਇਸ ਰੋਮਾਂਚਕ ਲੜੀ ਦੌਰਾਨ ਇਸ ਮਹੀਨੇ ਤਿੰਨ ਟੈਸਟ ਮੈਚਾਂ ਵਿੱਚ 94.50 ਦੀ ਔਸਤ ਨਾਲ 567 ਦੌੜਾਂ ਬਣਾਈਆਂ।’
ਇਸੇ ਤਰ੍ਹਾਂ ਦੱਖਣੀ ਅਫਰੀਕਾ ਦੇ ਕਪਤਾਨ ਵਜੋਂ ਆਪਣੇ ਪਹਿਲੇ ਮੈਚ ਵਿੱਚ ਮੁਲਡਰ ਨੇ ਜ਼ਿੰਬਾਬਵੇ ਖ਼ਿਲਾਫ਼ 367 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਉਸ ਨੇ ਆਪਣੀ ਟੀਮ ਦੀ ਪਾਰੀ ਉਸ ਸਮੇਂ ਐਲਾਨੀ ਜਦੋਂ ਉਹ 2004 ਵਿੱਚ ਇੰਗਲੈਂਡ ਖ਼ਿਲਾਫ਼ ਬ੍ਰਾਇਨ ਲਾਰਾ ਵੱਲੋਂ ਬਣਾਏ ਗਏ ਨਾਬਾਦ 400 ਦੌੜਾਂ ਦੇ ਸਭ ਤੋਂ ਵੱਧ ਵਿਅਕਤੀਗਤ ਸਕੋਰ ਦੇ ਰਿਕਾਰਡ ਨੂੰ ਤੋੜ ਸਕਦਾ ਸੀ।
ਪੰਜਾਬੀ ਟ੍ਰਿਬਯੂਨ