ਪੰਜ ਮਹੀਨਿਆਂ ’ਚ 25 ਵਿਅਕਤੀਆਂ ਦੀ ਨਸ਼ੇ ਨਾਲ ਗਈ ਜਾਨ
ਚਿੱਟੇ ਕਾਰਨ ਆਏ ਦਿਨ ਹੁੰਦੀਆਂ ਮੌਤਾਂ ਕਾਰਨ ਪਿੰਡ ਵਾਸੀ ਸਹਿਮੇ ਹੋਏ ਹਨ। ਕਾਂਗਰਸ ਪੰਜਾਬ ਦੇ ਡੈਲੀਗੇਟ ਮੈਂਬਰ ਹੈਪੀ ਸਿੱਧੂ ਵਾਸੀ ਰਾਏ ਕੇ ਕਲਾਂ ਨੇ ਦੱਸਿਆ ਕਿ ਨਸ਼ਾ ਕੇਵਲ ਕਾਂਗਜ਼ਾ ’ਚ ਹੀ ਬੰਦ ਹੋਇਆ ਹੈ। ਉਨ੍ਹਾਂ ਦੇ ਪਿੰਡ ’ਚ ਚਿੱਟਾ ਸ਼ਰ੍ਹੇਆਮ ਵਿਕ ਰਿਹਾ ਹੈ।
08 ਅਗਸਤ, 2025 – ਬਠਿੰਡਾ : ਬੇਸ਼ੱਕ ਸੂਬਾ ਸਰਕਾਰ ਚਿੱਟੇ ਨੂੰ ਖ਼ਤਮ ਕਰਨ ਦੇ ਵੱਡੇ–ਵੱਡੇ ਦਾਅਵੇ ਕਰ ਰਹੀ ਹੈ ਪ੍ਰੰਤੂ ਚਿੱਟਾ ਪਿੰਡਾਂ ’ਚ ਪਹਿਲਾ ਦੀ ਤਰ੍ਹਾਂ ਸ਼ਰ੍ਹੇਆਮ ਵਿਕ ਰਿਹਾ ਹੈ ਤੇ ਇਸ ਨਾਲ ਲਗਾਤਾਰ ਮਾਵਾਂ ਦੇ ਪੁੱਤ ਸਿਵਿਆ ਦੀ ਸੁਆਹ ਬਣ ਰਹੇ ਹਨ। ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਵਿਖੇ ਜਿੱਥੇ ਦੋ ਵਿਅਕਤੀਆਂ ਦੀ ਚਿੱਟੇ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੇ ਬਗੈਰ ਹੀ ਦੋਹਾਂ ਦਾ ਸੰਸਕਾਰ ਕਰ ਦਿੱਤਾ ਗਿਆ। ਚਿੱਟੇ ਕਾਰਨ ਆਏ ਦਿਨ ਹੁੰਦੀਆਂ ਮੌਤਾਂ ਕਾਰਨ ਪਿੰਡ ਵਾਸੀ ਸਹਿਮੇ ਹੋਏ ਹਨ।
ਕਾਂਗਰਸ ਪੰਜਾਬ ਦੇ ਡੈਲੀਗੇਟ ਮੈਂਬਰ ਹੈਪੀ ਸਿੱਧੂ ਵਾਸੀ ਰਾਏ ਕੇ ਕਲਾਂ ਨੇ ਦੱਸਿਆ ਕਿ ਨਸ਼ਾ ਕੇਵਲ ਕਾਂਗਜ਼ਾ ’ਚ ਹੀ ਬੰਦ ਹੋਇਆ ਹੈ।ਉਨ੍ਹਾਂ ਦੇ ਪਿੰਡ ’ਚ ਚਿੱਟਾ ਸ਼ਰ੍ਹੇਆਮ ਵਿਕ ਰਿਹਾ ਹੈ। ਸੂਬਾ ਸਰਕਾਰ ਵੱਲੋਂ ਜੋ ਨਸ਼ੇ ਨੂੰ ਖ਼ਤਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਖੋਖਲਾ ਸਾਬਤ ਹੋ ਰਿਹਾ ਹੈ, ਸਗੋਂ ਚਿੱਟਾ ਪਿੰਡਾਂ ’ਚ ਪਹਿਲਾਂ ਨਾਲੋ ਵੀ ਜਿਆਦਾ ਹੋ ਗਿਆ ਹੈ। ਅੱਜ ਫਿਰ ਉਨ੍ਹਾਂ ਦੇ ਪਿੰਡ ਦੋ ਵਿਅਕਤੀਆਂ ਦੀ ਨਸ਼ੇ ਕਾਰਨ ਮੌਤ ਹੋ ਗਈ, ਜਿਸ ’ਚ ਇਕ ਨੌਜਵਾਨ ਹਾਲੇ ਵਿਆਹਿਆ ਹੋਇਆ ਨਹੀਂ ਸੀ। ਇਸ ਸਬੰਧੀ ਪਿੰਡ ਦੇ ਸਰਪੰਚ ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਸਿੱਧੂ ਨੇ ਮੰਨਿਆ ਕਿ ਉਨ੍ਹਾਂ ਦੇ ਪਿੰਡ ਦੋ ਵਿਅਕਤੀਆਂ ਦੀ ਨਸ਼ੇ ਕਾਰਨ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਪਿੰਡ ’ਚ ਨਸ਼ਾ ਕਰਦੇ ਉਹ ਪਹਿਲਾਂ ਤੋਂ ਹੀ ਚੱਲੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਬੰਦ ਕਰਨ ’ਚ ਪੁਲਿਸ ਪ੍ਰਸਾਸ਼ਨ ਕੋਈ ਕਾਰਵਾਈ ਨਹੀਂ ਕਰ ਰਿਹਾ, ਇਕੱਲੀ ਪੰਚਾਇਤ ਕਿਵੇ ਨਸ਼ਾ ਬੰਦ ਕਰੇ। ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ’ਚ ਨਸ਼ੇ ਕਾਰਨ 25 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਜਦ ਇਸ ਸਬੰਧੀ ਥਾਣਾ ਨੰਦਗੜ੍ਹ ਦੇ ਮੁਖੀ ਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਦੀ ਕੋਈ ਸੂਚਨਾ ਨਹੀਂ ਹੈ ਕਿ ਪਿੰਡ ’ਚ ਕੋਈ ਵਿਅਕਤੀ ਚਿੱਟੇ ਨਾਲ ਮਰਿਆ ਹੈ। ਜਦ ਉਨ੍ਹਾਂ ਤੋਂ ਪੁੱਛਿਆ ਕਿ ਪਿੰਡ ਦੇ ਸਰਪੰਚ ਕਹਿ ਰਹੇ ਹਨ ਕਿ ਪੁਲਿਸ ਨਸ਼ੇ ਵਾਲੇ ਵਿਅਕਤੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ ਤਾਂ ਥਾਣਾ ਮੁਖੀ ਨੇ ਕਿਹਾ ਕਿ ਸਰਪੰਚ ਦੇ ਕਹਿਣ ਨਾਲ ਕੀ ਹੁੰਦਾ ਹੈ, ਪੁਲਿਸ ਨਸ਼ਾ ਤਸ਼ਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰ ਰਹੀ ਹੈ।
ਪੰਜਾਬੀ ਜਾਗਰਣ