22 ਅਗਸਤ, 2025 – ਮੋਗਾ : ਸੂਬੇ ’ਚ ਕਈ ਸਰਕਾਰਾਂ ਆਈਆਂ ਅਤੇ ਕਈ ਗਈਆਂ ਪਰ ਸਤਲੁਜ ਦਰਿਆ ਨੇੜੇ ਵਸਦੇ ਲੋਕਾਂ ਦੇ ਹਾਲਾਤ ਨਹੀਂ ਬਦਲੇ। ਹਰ ਸਾਲ ਹੜ੍ਹਾਂ ਕਾਰਨ ਹੁੰਦੇ ਨੁਸਕਾਨ ਕਰ ਕੇ ਇਹ ਲੋਕ ਆਰਥਿਕ ਪੱਖੋਂ ਝੰਭੇ ਜਾਂਦੇ ਹਨ।
ਇਥੇ ਜ਼ਿਲ੍ਹੇ ਵਿਚੋਂ ਲੰਘਦੇ ਸਤਲੁਜ ਦਰਿਆ ਦੇ ਪਾਣੀ ਦੀ ਵਧਣ ਦੀਆਂ ਸੰਭਾਵਨਾਂ ਕਾਰਨ ਇਹ ਲੋਕ ਫ਼ਿਕਰਮੰਦ ਹਨ। ਫ਼ਿਰੋਜ਼ਪੁਰ ਦੇ ਡਿਵੀਜ਼ਨਲ ਕਮਿਸ਼ਨਰ ਅਰੁਣ ਸੇਖੜੀ ਅਤੇ ਡੀਸੀ ਸਾਗਰ ਸੇਤੀਆ ਦੀਆਂ ਹਦਾਇਤਾਂ ਉੱਤੇ ਤਹਿਸੀਲਦਾਰ ਨਵਜੀਵਨ ਛਾਬੜਾ ਅਤੇ ਨਾਇਬ ਤਹਿਸੀਲਦਾਰ ਅਜੇ ਕੁਮਾਰ ਨੇ ਸਤਲੁਜ ਦਰਿਆ ਦਾ ਜਾਇਜ਼ਾ ਲਿਆ।
ਕਮਿਸ਼ਨਰ ਅਰੁਣ ਸੇਖੜੀ ਅਤੇ ਡੀਸੀ ਸਾਗਰ ਸੇਤੀਆ ਨੇ ਕਿਹਾ ਕਿ ਸੰਭਾਵੀ ਹੜ੍ਹ ਵਰਗੀ ਸਥਿਤੀ ਦਾ ਮੁਕਾਬਲਾ ਕਰਨ ਲਈ ਪ੍ਰਸ਼ਾਸਨ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਭਾਵੀ ਹੜ੍ਹ ਵਰਗੀ ਸਥਿਤੀ ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਤਿਆਰ ਹੈ। ਲੋਕਾਂ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਡਰੇਨੇਜ ਅਧਿਕਾਰੀ ਰਾਹੀਂ ਪ੍ਰਸ਼ਾਸਨ ਸਤਲੁਜ ਦਰਿਆ ਅੰਦਰਲੇ ਪਾਣੀ ਵਧਣ ਬਾਰੇ ਪਲ-ਪਲ ਦੀ ਜਾਣਕਾਰੀ ਹਾਸਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਬਾਦੀ ਨੂੰ ਅਜੇ ਤੱਕ ਕੋਈ ਖਤਰਾ ਨਹੀਂ ਹੈ। ਅਧਿਕਾਰੀਆਂ ਨੂੰ ਹੜ੍ਹਾਂ ਦੀ ਸਥਿਤੀ ਵਿੱਚ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਹੜ੍ਹਾਂ ਦੀ ਸੰਭਾਵਨਾ ਵਾਲੇ ਸੰਵੇਦਨਸ਼ੀਲ ਖੇਤਰਾਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਵਿਆਪਕ ਪ੍ਰਬੰਧਾਂ ਲਈ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਰੇਨੇਜ ਵਿਭਾਗ ਨੂੰ ਨਾਲਿਆਂ ਸਮੇਤ ਸਾਰੀਆਂ ਡਰੇਨਾਂ ਦੀ ਸਫ਼ਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਪੰਜਾਬੀ ਟ੍ਰਿਬਯੂਨ
ਹੜ੍ਹਾਂ ਦੀ ਮਾਰ: ਪੰਜਾਬ ’ਚ ਇੱਕ ਲੱਖ ਏਕੜ ਫ਼ਸਲ ਡੁੱਬੀ
22 ਅਗਸਤ, 2025 – ਚੰਡੀਗਡ਼੍ਹ : ਪੰਜਾਬ ’ਚ ਕਰੀਬ ਇੱਕ ਲੱਖ ਏਕੜ ਫ਼ਸਲ ਹੜ੍ਹਾਂ ਦੀ ਲਪੇਟ ’ਚ ਆ ਗਈ ਹੈ ਅਤੇ ਹਾਲੇ ਵੀ ਹੜ੍ਹਾਂ ਦੀ ਮਾਰ ਰੁਕ ਨਹੀਂ ਰਹੀ ਹੈ। ਡੈਮਾਂ ਤੋਂ ਬਿਆਸ ਤੇ ਸਤਲੁਜ ਦਰਿਆ ’ਚ ਛੱਡੇ ਪਾਣੀ ਨੇ ਸੂਬੇ ਦੇ ਸੱਤ ਜ਼ਿਲ੍ਹਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਹੁਣ ਤੱਕ ਕਰੀਬ 150 ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਮੰਡ ਖੇਤਰ ’ਚ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਜਾਣਾ ਪਿਆ ਹੈ। ਪੰਜਾਬ ਸਰਕਾਰ ਨੇ ਹਾਲਾਤ ਦੇਖਦਿਆਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਟੀਮਾਂ ਨੂੰ ਭੇਜ ਦਿੱਤਾ ਹੈ।
ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਦੌਰਾ ਕੀਤਾ ਜਦਕਿ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੁਲਤਾਨਪੁਰ ਲੋਧੀ ’ਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸੇ ਤਰ੍ਹਾਂ ਪੱਟੀ ਹਲਕੇ ’ਚ ਪ੍ਰਭਾਵਿਤ ਪਰਿਵਾਰਾਂ ਨੂੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਰਾਹਤ ਸਮੱਗਰੀ ਵੰਡੀ। ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੌਰੇ ਮੌਕੇ ਕਪੂਰਥਲਾ ਜ਼ਿਲ੍ਹੇ ’ਚ ਫ਼ਸਲੀ ਨੁਕਸਾਨ ਦੇ ਮੱਦੇਨਜ਼ਰ ਵਿਸ਼ੇਸ਼ ਗਿਰਦਾਵਰੀ ਕਰਾਉਣ ਦਾ ਐਲਾਨ ਕੀਤਾ ਪਰ ਉਨ੍ਹਾਂ ਬਾਕੀ ਜ਼ਿਲ੍ਹਿਆਂ ਬਾਰੇ ਸਥਿਤੀ ਸਪੱਸ਼ਟ ਨਹੀਂ ਕੀਤੀ।
ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਫ਼ਿਲਹਾਲ ਕਪੂਰਥਲਾ ਜ਼ਿਲ੍ਹੇ ’ਚ ਵਿਸ਼ੇਸ਼ ਗਿਰਦਾਵਰੀ ਕਰਾਈ ਜਾਵੇਗੀ ਅਤੇ ਅਗਲੇ ਪੜਾਅ ’ਚ ਹੜ੍ਹਾਂ ਨਾਲ ਪ੍ਰਭਾਵਿਤ ਬਾਕੀ ਜ਼ਿਲ੍ਹਿਆਂ ’ਚ ਵੀ ਇਹੋ ਕਦਮ ਚੁੱਕੇ ਜਾਣਗੇ। ਖੇਤੀਬਾੜੀ ਵਿਭਾਗ ਤਰਫ਼ੋਂ ਹੜ੍ਹਾਂ ਨਾਲ ਹੋਏ ਨੁਕਸਾਨੀ ਫ਼ਸਲ ਦਾ ਰਕਬਾ 90,884 ਏਕੜ ਦੱਸਿਆ ਜਾ ਰਿਹਾ ਹੈ। ਗੈਰ ਸਰਕਾਰੀ ਤੌਰ ’ਤੇ ਕਰੀਬ ਡੇਢ ਲੱਖ ਏਕੜ ਫ਼ਸਲ ਪ੍ਰਭਾਵਿਤ ਹੋਣ ਦੀ ਗੱਲ ਆਖੀ ਜਾ ਰਹੀ ਹੈ।
ਸਰਕਾਰੀ ਰਿਪੋਰਟ ਅਨੁਸਾਰ ਸਭ ਤੋਂ ਵੱਧ ਜ਼ਿਲ੍ਹਾ ਫ਼ਾਜ਼ਿਲਕਾ ’ਚ 32,762 ਏਕੜ ਫ਼ਸਲ ਹੜ੍ਹਾਂ ਦੀ ਮਾਰ ਹੇਠ ਆਈ ਹੈ ਜਦਕਿ ਕਪੂਰਥਲਾ ਜ਼ਿਲ੍ਹੇ ’ਚ ਝੋਨਾ, ਗੰਨਾ ਤੇ ਮੱਕੀ ਦੀ 20,995 ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਇਸੇ ਤਰ੍ਹਾਂ ਤਰਨ ਤਾਰਨ ’ਚ 18,920 ਏਕੜ, ਫ਼ਿਰੋਜ਼ਪੁਰ ’ਚ 10,799 ਏਕੜ, ਮੋਗਾ ’ਚ 5600 ਏਕੜ, ਅੰਮ੍ਰਿਤਸਰ ’ਚ 820 ਏਕੜ ਅਤੇ ਹੁਸ਼ਿਆਰਪੁਰ ਜ਼ਿਲ੍ਹੇ ’ਚ 988 ਏਕੜ ਫ਼ਸਲ ਪਾਣੀ ’ਚ ਡੁੱਬੀ ਹੈ। ਪ੍ਰਭਾਵਿਤ ਫ਼ਸਲਾਂ ਦੀ ਥਾਂ ’ਤੇ ਮੁੜ ਕਿਸਾਨਾਂ ਨੂੰ ਫ਼ਸਲ ਦੀ ਬਿਜਾਂਦ ਕਰਨੀ ਪਵੇਗੀ ਜਿਸ ਨਾਲ ਲਾਗਤ ਖ਼ਰਚੇ ਹੋਰ ਵਧਣਗੇ।
ਇਸੇ ਤਰ੍ਹਾਂ ਹੀ ਕਪੂਰਥਲਾ ਜ਼ਿਲ੍ਹੇ ਦੇ 63 ਪਿੰਡ, ਫ਼ਿਰੋਜ਼ਪੁਰ ਦੇ 34 ਪਿੰਡ, ਤਰਨ ਤਾਰਨ ਦੇ 40 ਪਿੰਡ ਤੇ ਫ਼ਾਜ਼ਿਲਕਾ ਦੇ 10 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਕਪੂਰਥਲਾ ਜ਼ਿਲ੍ਹੇ ’ਚ ਜ਼ਿਲ੍ਹਾ ਅਧਿਕਾਰੀਆਂ ਅਤੇ ਆਈਐੱਮਏ ਦੇ ਅਹੁਦੇਦਾਰਾਂ ਨਾਲ ਮੀਟਿੰਗ ਵੀ ਕੀਤੀ ਤਾਂ ਜੋ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਣ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਇਸੇ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ 24-25 ਅਗਸਤ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ।
ਪੌਂਗ ਡੈਮ ’ਚ ਪਾਣੀ 1384 ਫੁੱਟ ਤੋਂ ਪਾਰ
ਪੌਂਗ ਡੈਮ ’ਚ ਅੱਜ ਪਾਣੀ ਦਾ ਪੱਧਰ 1384.41 ਫੁੱਟ ’ਤੇ ਪਹੁੰਚ ਗਿਆ ਹੈ ਅਤੇ ਲੰਘੀ ਪੂਰੀ ਰਾਤ ਪੌਂਗ ਡੈਮ ਵਿੱਚ ਪਾਣੀ ਦੀ ਆਮਦ ਇੱਕ ਲੱਖ ਕਿਊਸਿਕ ਰਹੀ। ਅੱਜ ਪੌਂਗ ਡੈਮ ’ਚੋਂ ਬਿਆਸ ਦਰਿਆ ’ਚ 71,794 ਕਿਊਸਿਕ ਪਾਣੀ ਛੱਡਿਆ ਗਿਆ ਅਤੇ ਇਹ ਪਾਣੀ 75 ਹਜ਼ਾਰ ਕਿਊਸਿਕ ਛੱਡੇ ਜਾਣ ਦੀ ਰਣਨੀਤੀ ਹੈ। ਭਾਖੜਾ ਡੈਮ ’ਚ ਅੱਜ ਪਾਣੀ ਦਾ ਪੱਧਰ 1666.82 ਫੁੱਟ ’ਤੇ ਪਹੁੰਚ ਗਿਆ ਹੈ ਅਤੇ ਅੱਜ ਵੀ ਭਾਖੜਾ ਡੈਮ ਦੇ ਚਾਰ ਗੇਟ ਖੁੱਲ੍ਹੇ ਰਹੇ। ਅੱਜ ਭਾਖੜਾ ਡੈਮ ਚੋਂ 43,300 ਕਿਉੂਸਿਕ ਪਾਣੀ ਛੱਡਿਆ ਗਿਆ ਜਿਸ ’ਚੋਂ 20 ਹਜ਼ਾਰ ਕਿਊਸਿਕ ਪਾਣੀ ਨਹਿਰਾਂ ਵਿੱਚ ਦਿੱਤਾ ਗਿਆ। ਉਂਜ ਪੰਜਾਬ ਦੀਆਂ ਨਹਿਰਾਂ ’ਚ ਇਸ ਵੇਲੇ ਕੁੱਲ 36 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ। ਅੱਜ ਹਰੀਕੇ ਹੈੱਡ ਵਰਕਸ ਤੋਂ ਹੇਠਾਂ ਵੱਲ 96 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਜਿਸ ਦੀ ਮਾਰ ਫ਼ਾਜ਼ਿਲਕਾ ਜ਼ਿਲ੍ਹੇ ਨੂੰ ਜ਼ਿਆਦਾ ਝੱਲਣੀ ਪੈ ਰਹੀ ਹੈ। ਇਸੇ ਤਰ੍ਹਾਂ ਟਾਂਡਾ ਅਤੇ ਸੁਲਤਾਨਪੁਰ ਲੋਧੀ ਦਾ ਇਲਾਕਾ ਕਾਫ਼ੀ ਪ੍ਰਭਾਵਿਤ ਹੋਇਆ ਹੈ। ਪੰਜਾਬ ਸਰਕਾਰ ਵੱਲੋਂ 24-25 ਅਗਸਤ ਨੂੰ ਪੈਣ ਵਾਲੇ ਮੀਂਹ ਦੇ ਮੱਦੇਨਜ਼ਰ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਹਨ।
ਪੰਜਾਬੀ ਟ੍ਰਿਬਯੂਨ