ਹੜ੍ਹ ਪੀੜਤਾਂ ਵੱਲੋਂ ਫ਼ਸਲਾਂ ਨੂੰ ਮੁੜ ਉਪਜਾਊ ਬਣਾਉਣ ਅਤੇ ਬੱਚਿਆਂ ਦੀ ਪੜ੍ਹਾਈ ਦਾ ਜ਼ਿੰਮਾ ਚੁੱਕਣ ਦੀ ਮੰਗ
09 ਸਤੰਬਰ, 2025 – ਫਿਰੋਜ਼ਪੁਰ/ਮੱਲਾਂਵਾਲਾ : ਦਰਿਆ ਸਤਲੁਜ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਤਕਰੀਬਨ 112 ਪਿੰਡ ਆਪਣੀ ਲਪੇਟ ਵਿੱਚ ਲੈ ਲਏ ਹਨ। ਪਾਣੀ ਦਾ ਪੱਧਰ ਕੁਝ ਘਟਿਆ ਜ਼ਰੂਰ ਹੈ ਪਰ ਅੱਜ ਇਹ ਮੁਸ਼ਕਿਲਾਂ ਜਿਉਂ ਦੀਆਂ ਤਿਉਂ ਹਨ, ਜਿਸ ਕਾਰਨ ਇਨ੍ਹਾਂ ਪਿੰਡਾਂ ਦੀਆਂ ਫ਼ਸਲਾਂ, ਸਬਜ਼ੀਆਂ, ਤੂੜੀ ਅਤੇ ਹਰਾ-ਚਾਰਾ ਬਿਲਕੁਲ ਤਬਾਹ ਹੋ ਗਿਆ।
ਲਗਾਤਾਰ ਪਾਣੀ ਖੜ੍ਹਾ ਰਹਿਣ ਕਾਰਨ ਜਿੱਥੇ ਫ਼ਸਲਾਂ ਖਰਾਬ ਹੋਈਆਂ ਹਨ, ਉੱਥੇ ਕਈ ਥਾਈਂ ਕੰਧਾਂ ਡਿੱਗੀਆਂ ਤੇ ਮਕਾਨਾਂ ਨੂੰ ਵੀ ਤਰੇੜਾਂ ਆ ਗਈਆਂ ਹਨ। ਅਜੇ ਵੀ ਬਹੁਤ ਥਾਈਂ ਪਸ਼ੂ ਪਾਣੀ ਵਿੱਚ ਬੰਨ੍ਹੇ ਹੋਏ ਹਨ ਅਤੇ ਇਸ ਪਾਣੀ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਭਾਰਤ ਪਾਕਿਸਤਾਨ ਦੀ ਹੱਦ ’ਤੇ ਫਿਰੋਜ਼ਪੁਰ ਇਲਾਕੇ ਵਿੱਚ ਬੀਐੱਸਐੱਫ ਦੇ ਜਵਾਨ ਪਾਣੀ ਵਿੱਚ ਲੰਘ ਕੇ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਹੜ੍ਹ ਪੀੜਤ ਕਿਸਾਨਾਂ ਮੁਤਾਬਕ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮੁੱਚੇ ਹੜ ਪੀੜਤਾਂ ਲਈ ਜੋ ਰਾਹਤ ਕਾਰਜ ਕੀਤੇ ਹਨ ਉਸ ਦਾ ਦੇਣਾ ਉਹ ਦੇ ਨਹੀਂ ਸਕਦੇ। ਪੀੜਤ ਕਿਸਾਨਾਂ ਨੇ ਕਿਹਾ ਕਿ ਹੁਣ ਪਾਣੀ ਉਤਰਨ ਤੋਂ ਬਾਅਦ ਫ਼ਸਲ ਨੂੰ ਉਪਜਾਊ ਬਣਾਉਣ ਲਈ ਡੀਜ਼ਲ, ਬੀਜ਼, ਖਾਦ ਆਦਿ ਦੀ ਬਹੁਤ ਲੋੜ ਪੈਣ ਵਾਲੀ ਹੈ, ਇਸ ਲਈ ਉਹ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਆਉਣ ਵਾਲੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀ ਮਦਦ ਕੀਤੀ ਜਾਵੇ। ਪੀੜਤ ਕਿਸਾਨਾਂ ਨੇ ਕਿਹਾ ਕਿ ਫ਼ਸਲ ਖਰਾਬ ਹੋਣ ਕਾਰਨ ਉਨ੍ਹਾਂ ਦੀ ਵਿੱਤੀ ਹਾਲਤ ਬਹੁਤ ਪਤਲੀ ਹੋ ਗਈ ਹੈ। ਇਸ ਲਈ ਸਮਾਜ ਸੇਵੀ ਸੰਸਥਾਵਾਂ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਦਿਆਂ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਜ਼ਰੂਰ ਉਠਾਉਣ, ਤਾਂ ਕਿ ਇਸ ਹੜ੍ਹ ਦੀ ਮਾਰ ਦਾ ਅਸਰ ਬੱਚਿਆਂ ਦੀ ਪੜ੍ਹਾਈ ਤੇ ਨਾ ਪਵੇ।
ਪੰਜਾਬੀ ਟ੍ਰਿਬਯੂਨ