10 ਸਤੰਬਰ, 2025 – ਕਲਾਨੌਰ: ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਤੇ ਤੈਨਾਤ BSF ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ BSF ਦੀ 27 ਬਟਾਲੀਅਨ ਵੱਲੋਂ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਚੰਦੂ ਵਡਾਲਾ ਵਿਖੇ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਬਾਰਡਰ ਏਰੀਏ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪਿੰਡਾਂ ਦੇ ਲੋਕਾਂ ਦੇ ਇਲਾਜ ਲਈ ਫਰੀ ਮੈਡੀਕਲ ਚੈੱਕਅਪ ਲਗਾਉਣ ਤੋਂ ਇਲਾਵਾ ਪਸ਼ੂਆਂ ਦੇ ਇਲਾਜ ਲਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ BSF ਦੇ DIG ਜੇਕੇ ਬਿਰਦੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਪਿੰਡ ਚੰਦੂ ਵਡਾਲਾ ਵਿਖੇ ਨਾਲ ਲੱਗਦੇ ਪਿੰਡ ਬਰੀਲਾ, ਰੋਸਾ, ਪਕੀਵਾ, ਧੀਦੋਵਾਲ ਆਦਿ ਪਿੰਡਾਂ ਦੇ ਮਰੀਜ਼ਾਂ ਦਾ ਚੈੱਕ ਅਪ ਕਰਕੇ ਉਹਨਾਂ ਨੂੰ ਦਵਾਈਆਂ ਵੰਡੀਆਂ ਗਈਆਂ।
DIG ਜੇਕੇ ਬਿਰਦੀ ਵੱਲੋਂ ਮੈਡੀਕਲ ਕੈਂਪ ਵਿੱਚ ਇਲਾਜ ਕਰਵਾਉਣ ਆਏ ਬਾਰਡਰ ਏਰੀਏ ਦੇ ਲੋਕਾਂ ਅਤੇ ਪਸ਼ੂ ਪਾਲਕਾਂ ਤੋਂ ਇਲਾਵਾ ਡਾਕਟਰਾਂ ਦੀਆਂ ਟੀਮਾਂ ਨਾਲ ਵੀ ਗੱਲਬਾਤ ਕੀਤੀ। DIG ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਹਰ ਪ੍ਰਭਾਵਿਤ ਖੇਤਰਾਂ ਵਿੱਚ BSF ਵੱਲੋਂ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ 15 ਦੇ ਕਰੀਬ ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ ਅਤੇ BSF ਵੱਲੋਂ ਸਰਹੱਦੀ ਏਰੀਏ ਵਿੱਚ ਲਗਾਤਾਰ ਮੈਡੀਕਲ ਕੈਂਪ ਲਗਾ ਕੇ ਪਿੰਡਾਂ ਦੇ ਲੋਕਾਂ ਅਤੇ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਦੇ ਕਿਸਾਨਾਂ ਨਾਲ ਵੀ ਗੱਲਬਾਤ ਕਰਦਿਆਂ ਹੋਇਆਂ ਹੜ੍ਹ ਦੌਰਾਨ BSF ਅਤੇ ਕਿਸਾਨਾਂ ਵੱਲੋਂ ਇੱਕ ਮੁੱਠ ਹੋ ਕੇ ਸਥਿਤੀ ਨਾਲ ਨਜਿੱਠਣ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ BSF ਅਤੇ ਕਿਸਾਨਾਂ ਦਾ ਆਪਸ ਵਿੱਚ ਨਹੂੰ ਮਾਸ ਦਾ ਰਿਸ਼ਤਾ ਹੈ।
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਘਟਣ ਤੇ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਵਿੱਚ ਜਾ ਕੇ ਆਪਣੀਆਂ ਜ਼ਮੀਨਾਂ ਦੇ ਹੋਏ ਨੁਕਸਾਨ ਸਬੰਧੀ ਵੇਖਣ ਅਤੇ ਇਸ ਸਬੰਧੀ ਰਿਪੋਰਟ BSF ਨੂੰ ਦੇਣ ਤਾਂ ਜੋ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਣ ਲਈ BSF ਵੱਲੋਂ ਵੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾ ਸਕੇ। ਡੀਆਈਜੀ ਜੇਕੇ ਬਿਰਦੀ ਨੇ ਕਿਹਾ ਕਿ ਮਨਰੇਗਾ ਤਹਿਤ ਕੰਮ ਕਰਨ ਵਾਲੇ ਜੋਬ ਕਾਰਡ ਧਾਰਕਾ ਨੂੰ ਰੋਜ਼ਗਾਰ ਦੇਣ ਅਤੇ BSF ਦੀਆਂ ਚੌਂਕੀਆਂ ਦੀ ਸਾਫ ਸਫਾਈ ਲਈ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਕਰਨਗੇ। ਇਸ ਮੌਕੇ ਪਿੰਡ ਬਰੀਲਾ ਦੇ ਸਰਪੰਚ ਵੱਲੋਂ ਡੀਆਈਜੀ ਜੇਕੇ ਬਿਰਦੀ, ਕਮਾਂਡੈਂਟ ਮਾਨ ਸਿੰਘ, ਟੂਆਈ ਸੀ ਧਨੰਜੇ ਚੌਹਾਨ ਤੋਂ ਇਲਾਵਾਂ ਕੈਂਪ ਵਿੱਚ ਸ਼ਾਮਲ BSF ਦੇ ਡਾਕਟਰਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਰਵੇਲ ਸਿੰਘ,ਹਰਜੀਤ ਸਿੰਘ ਕਾਹਲੋਂ,ਡਾਕਟਰ ਮਨਜੇਸ਼ ਸ਼ਰਮਾ ਆਦਿ ਹਾਜ਼ਰ ਸਨ।
ਪੰਜਾਬੀ ਜਾਗਰਣ