11 ਸਤੰਬਰ, 2025 – ਲੁਧਿਆਣਾ : ਮਹਾਰਾਸ਼ਟਰ ਵਿੱਚ ਹੋਈ 38ਵੀਂ ਸੀਨੀਅਰ ਨੈਸ਼ਨਲ ਬੇਸਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀਆਂ ਲੜਕੀਆਂ ਦੀ ਟੀਮ ਨੇ ਸੋਨੇ ਦਾ ਜਦਕਿ ਲੜਕਿਆਂ ਦੀ ਟੀਮ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਫਾਈਨਲ ਮੁਕਾਬਲੇ ਵਿੱਚ ਪੰਜਾਬ ਦੀਆਂ ਕੁੜੀਆਂ ਨੇ ਮਹਾਰਾਸ਼ਟਰ ਨੂੰ 5-4 ਅੰਕਾਂ ਨਾਲ ਹਰਾਇਆ।
ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਆਨਰੇਰੀ ਸੈਕਟਰੀ ਇੰਜ. ਹਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਲੜਕੀਆਂ ਦੇ ਲੀਗ ਮੁਕਾਬਲਿਆਂ ਵਿੱਚੋਂ ਪਹਿਲੇ ਮੈਚ ਵਿੱਚ ਪੰਜਾਬ ਨੇ ਗੁਜਰਾਤ ਨੂੰ 12-0 ਨਾਲ, ਦੂਜੇ ਮੈਚ ਵਿੱਚ ਪੰਜਾਬ ਨੇ ਅਸਾਮ ਨੂੰ 2-0 ਨਾਲ, ਕੁਆਰਟਰ ਫਾਈਨਲ ਮੁਕਾਬਲੇ ’ਚ ਪੰਜਾਬ ਨੇ ਮੱਧ ਪ੍ਰਦੇਸ਼ ਨੂੰ 10-2 ਨਾਲ ਹਰਾਇਆ। ਸੈਮੀ ਫਾਈਨਲ ਮੁਕਾਬਲੇ ਵਿੱਚ ਪੰਜਾਬ ਨੇ ਉੱਤਰਾਖੰਡ ਨੂੰ 14-0 ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ। ਜੇਤੂ ਟੀਮ ਵੱਨੋਂ ਖੁਸ਼ਦੀਪ, ਮਮਤਾ, ਨਿਸ਼ੂ, ਰਮਨਦੀਪ ਅਤੇ ਮਨਵੀਰ ਨੇ 2-2 ਅੰਕਾਂ ਦਾ ਯੋਗਦਾਨ ਪਾਇਆ। ਲੜਕੀਆਂ ਦਾ ਫਾਈਨਲ ਮੁਕਾਬਲਾ ਪੂਰਾ ਸੰਘਰਸ਼ਪੂਰਨ ਰਿਹਾ। ਇਸ ਵਿੱਚ ਪੰਜਾਬ ਨੇ ਮਹਾਰਾਸ਼ਟਰ ਨੂੰ 5-4 ਦੇ ਮਾਮੂਲੀ ਫ਼ਰਕ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਜੇਤੂ ਟੀਮ ਵੱਲੋਂ ਨਵਦੀਪ, ਰਮਨਦੀਪ, ਮਨਵੀਰ, ਨਿਸ਼ੂ ਅਤੇ ਸਿਮਰਨਜੀਤ ਨੇ 1-1 ਅੰਕਾਂ ਦਾ ਯੋਗਦਾਨ ਪਾਇਆ। ਲੜਕੀਆਂ ਦੇ ਮੁਕਾਬਲਿਆਂ ’ਚ ਪੰਜਾਬ ਨੇ ਪਹਿਲਾ, ਮਹਾਰਾਸ਼ਟਰ ਨੇ ਦੂਜਾ ਅਤੇ ਉੱਤਰਾਖੰਡ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਲੜਕਿਆਂ ਦੇ ਲੀਗ ਮੁਕਾਬਲੇ ਵਿੱਚ ਪੰਜਾਬ ਨੇ ਅਸਾਮ ਨੂੰ 5-1 ਨਾਲ, ਦੂਜੇ ਲੀਗ ਮੁਕਾਬਲੇ ’ਚ ਪੰਜਾਬ ਨੇ ਉੱਤਰਾਖੰਡ ਨੂੰ 11-1 ਨਾਲ ਹਰਾਇਆ। ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪੰਜਾਬ ਨੇ ਹਿਮਾਚਲ ਪ੍ਰਦੇਸ਼ ਨੂੰ 18-0 ਦੇ ਇੱਕ ਪਾਸੜ ਮੁਕਾਬਲੇ ਵਿੱਚ ਮਾਤ ਦਿੱਤੀ। ਸੈਮੀ-ਫਾਈਨਲ ਮੁਕਾਬਲੇ ਵਿੱਚ ਐੱਮਪੀ ਨੇ ਪੰਜਾਬ ਨੂੰ 8-1 ਨਾਲ ਹਰਾ ਕੇ ਪਛਾੜ ਦਿੱਤਾ। ਲੜਕਿਆਂ ਦੇ ਮੁਕਾਬਲੇ ’ਚ ਮਹਾਰਾਸ਼ਟਰ ਦੀ ਟੀਮ ਨੇ ਪਹਿਲਾ, ਮੱਧ ਪ੍ਰਦੇਸ਼ ਨੇ ਦੂਜਾ ਅਤੇ ਪੰਜਾਬ ’ਤੇ ਹਰਿਆਣਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਇੰਜ. ਗਿੱਲ ਅਤੇ ਸੁਖਦੇਵ ਸਿੰਘ ਔਲਖ ਨੇ ਵਧਾਈ ਦਿੰਦਿਆਂ ਭਵਿੱਖ ’ਚ ਵੀ ਇਸੇ ਤਰ੍ਹਾਂ ਪ੍ਰਾਪਤੀਆਂ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।
ਪੰਜਾਬੀ ਟ੍ਰਿਬਯੂਨ