ਪ੍ਰੇਸ਼ਾਨ ਕਿਸਾਨ, ਬੇਖ਼ਬਰ ਆਸਮਾਨ…
13 ਸਤੰਬਰ, 2025 – ਅੰਮ੍ਰਿਤਸਰ : ਰਾਵੀ ਦਰਿਆ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਖ਼ਤਮ ਹੋ ਗਈ। ਨਿਸ਼ਾਨਦੇਹੀ ਜੋ ਕਦੇ ਹਰ ਕਿਸਾਨ ਦੇ ਖੇਤ ਦੀ ਪਛਾਣ ਕਰਵਾਉਂਦੀ ਸੀ, ਹੜ੍ਹ ਦੇ ਪਾਣੀ ਅਤੇ ਗਾਰ ਕਾਰਨ ਖ਼ਤਮ ਹੋ ਗਈ। ਉਹ ਜ਼ਮੀਨ, ਜੋ ਕਿਸਾਨਾਂ ਨੂੰ ਪੀੜ੍ਹੀਆਂ ਤੋਂ ਅਨਾਜ ਦਿੰਦੀ ਆ ਰਹੀ ਸੀ, ਹੁਣ ਬੰਜਰ ਹੋ ਗਈ ਹੈ। ਕਣਕ ਦੀ ਬਿਜਾਈ ਦਾ ਸੀਜ਼ਨ ਮੁਸ਼ਕਲ ਨਾਲ ਛੇ ਹਫ਼ਤੇ ਦੂਰ ਹੈ ਅਤੇ ਸਮਾਂ ਲੰਘ ਰਿਹਾ ਹੈ। ਬਿਜਾਈ ਕਰਨ ਤੋਂ ਪਹਿਲਾਂ, ਕਿਸਾਨਾਂ ਨੂੰ ਪਹਿਲਾਂ ਗਾਰ ਸਾਫ਼ ਕਰਨੀ ਪਵੇਗੀ ਜੋ ਕਈ ਥਾਵਾਂ ’ਤੇ ਚਾਰ ਤੋਂ ਪੰਜ ਫੁੱਟ ਹੈ ਅਤੇ ਖੇਤਾਂ ਨੂੰ ਨਵੇਂ ਸਿਰੇ ਤੋਂ ਪੱਧਰਾ ਕਰਨਾ ਪਵੇਗਾ। ਇਸ ਤੋਂ ਬਾਅਦ ਵੀ ਬਿਜਾਈ ਲਈ ਉਦੋਂ ਤੱਕ ਇੰਤਜ਼ਾਰ ਕਰਨਾ ਪਵੇਗਾ ਜਦੋਂ ਤੱਕ ਕਿ ਹੜ੍ਹ ਦਾ ਪਾਣੀ ਪੂਰੀ ਤਰ੍ਹਾਂ ਸੁੱਕ ਨਾ ਜਾਵੇ ਅਤੇ ਮਿੱਟੀ ਐਨੀ ਸਖ਼ਤ ਨਾ ਹੋ ਜਾਵੇ ਕਿ ਟਰੈਕਟਰ ਇਸ ਦੇ ਉੱਪਰ ਚੱਲ ਸਕਣ। ਨੰਗਲ ਸੋਹਲ ਦੇ ਹਰਪਿੰਦਰ ਸਿੰਘ ਨੇ ਕਿਹਾ, ‘‘ਅਸੀਂ ਪਹਿਲਾਂ ਹੀ ਆਪਣੀ ਝੋਨੇ ਦੀ ਫ਼ਸਲ ਗੁਆ ਚੁੱਕੇ ਹਾਂ। ਹੁਣ ਸਾਨੂੰ ਡਰ ਹੈ ਕਿ ਅਸੀਂ ਕਣਕ ਵੀ ਨਹੀਂ ਬੀਜ ਸਕਾਂਗੇ। ਗਾਰ ਨੂੰ ਸੁੱਕਣ ਵਿੱਚ ਘੱਟੋ-ਘੱਟ ਤਿੰਨ ਤੋਂ ਚਾਰ ਹਫ਼ਤੇ ਲੱਗਣਗੇ। ਇਸ ਤੋਂ ਇਲਾਵਾ ਸੜਕਾਂ ਵੀ ਟੁੱਟੀਆਂ ਹੋਈਆਂ ਹਨ।’’
ਘੋਨੇਵਾਲ ਦੇ ਛੋਟੇ ਕਿਸਾਨ ਸੁਰਜੀਤ ਸਿੰਘ ਕੋਲ ਸਿਰਫ਼ ਇੱਕ ਏਕੜ ਜ਼ਮੀਨ ਹੈ। ਉਸ ਨੇ ਹੜ੍ਹ ਦੇ ਪਾਣੀ ਕਾਰਨ ਹੋਏ ਨੁਕਸਾਨ ਦਾ ਜ਼ਿਕਰ ਕਰਦਿਆਂ ਕਿਹਾ, ‘‘ਇਸ ਵੇਲੇ ਮੇਰਾ ਆਪਣੇ ਖੇਤ ਵਿੱਚ ਜਾਣ ਦਾ ਦਿਲ ਨਹੀਂ ਕਰਦਾ। ਮੇਰੇ ਗੁਆਂਢੀਆਂ ਨੇ ਦੱਸਿਆ ਕਿ ਮੇਰੇ ਖੇਤ ਵਿੱਚ ਲਗਪਗ 40 ਤੋਂ 45 ਫੁੱਟ ਡੂੰਘਾ ਟੋਆ ਹੈ।’’ ਹੋਰ ਖੇਤਾਂ ਵਿੱਚ ਡੂੰਘੇ ਟੋਏ ਪੈ ਗਏ ਹਨ ਤੇ ਗਾਰ ਜਮ੍ਹਾਂ ਹੋ ਗਈ ਹੈ। ਦਰਿਆ ਦੇ ਕੰਢਿਆਂ ਨਾਲ ਲੱਗਦੇ ਖੇਤ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਪਰ ਦਰਿਆ ਤੋਂ ਦੂਰ ਦੇ ਪਿੰਡ ਵੀ ਇਸ ਤੋਂ ਬਚ ਨਹੀਂ ਸਕੇ। ਕਿਸਾਨ ਪ੍ਰੀਤ ਸਿੰਘ ਨੇ ਕਿਹਾ, “ਜ਼ਿਆਦਾਤਰ ਖੇਤਾਂ ਵਿੱਚ ਛੇ ਤੋਂ ਦਸ ਇੰਚ ਤੱਕ ਗਾਰ ਹੈ ਅਤੇ ਪਾਣੀ ਹਾਲੇ ਵੀ ਵਹਿ ਰਿਹਾ ਹੈ। ਇਸ ਦਾ ਮਤਲਬ ਹੈ ਕਿ ਹੋਰ ਗਾਰ ਜਮ੍ਹਾਂ ਹੋਵੇਗੀ।” ਮੁਸੀਬਤ ਸਿਰਫ਼ ਗਾਰ ਸਾਫ਼ ਕਰਨ ਨਾਲ ਖ਼ਤਮ ਨਹੀਂ ਹੁੰਦੀ। ਜ਼ਮੀਨ ਦੀ ਨਿਸ਼ਾਨਦੇਹੀ ਮਿਟਣ ਕਾਰਨ ਕਿਸਾਨਾਂ ਨੂੰ ਆਪੋ-ਆਪਣੀ ਜ਼ਮੀਨ ਦੀ ਪਛਾਣ ਕਰਨ ਲਈ ਨਵੀਂ ਨਿਸ਼ਾਨਦੇਹੀ ਦੀ ਲੋੜ ਪਵੇਗੀ। ਪੀੜ੍ਹੀਆਂ ਤੋਂ ਚੱਲੀ ਆ ਰਹੀ ਨਿਸ਼ਾਨਦੇਹੀ ਹੁਣ ਖ਼ਤਮ ਹੋ ਗਈ ਹੈ।
ਖੇਤਾਂ ’ਚੋਂ ਰੇਤਾ ਵੇਚਣ ਦਾ ਐਲਾਨ ਨਾਕਾਫੀ
ਸਰਕਾਰ ਵੱਲੋਂ ਕਿਸਾਨਾਂ ਨੂੰ ਆਪੋ-ਆਪਣੇ ਖੇਤਾਂ ਵਿੱਚੋਂ ਰੇਤਾ ਵੇਚਣ ਦੀ ਇਜਾਜ਼ਤ ਦਿੱਤੇ ਜਾਣ ਦਾ ਐਲਾਨ ਨਾਕਾਫੀ ਜਾਪ ਰਿਹਾ ਹੈ। ਕਿਸਾਨ ਜੋਗਿੰਦਰ ਸਿੰਘ ਨੇ ਕਿਹਾ, “ਇਸ ਲਈ ਬਹੁਤ ਜ਼ਿਆਦਾ ਸਾਧਨਾਂ ਦੀ ਲੋੜ ਪੈਂਦੀ ਹੈ ਅਤੇ ਇਜਾਜ਼ਤ ਸਿਰਫ਼ 15 ਨਵੰਬਰ ਤੱਕ ਹੀ ਹੈ। ਅਸੀਂ ਐਨਾ ਰੇਤਾ ਕਿੱਥੇ ਸਟੋਰ ਕਰਾਂਗੇ ਅਤੇ ਕੌਣ ਇਸ ਨੂੰ ਖਰੀਦੇਗਾ? ਅਖ਼ੀਰ, ਜਿਹੜੇ ਲੋਕ ਪਹਿਲਾਂ ਤੋਂ ਰੇਤੇ ਦੇ ਕਾਰੋਬਾਰ ਵਿੱਚ ਹਨ, ਉਹ ਇਸ ਨੂੰ ਸਾਡੇ ਤੋਂ ਕੌਡੀਆਂ ਦੇ ਭਾਅ ਖਰੀਦਣਗੇ।” ਕਿਸਾਨਾਂ ਲਈ ਇਹ ਇੱਕ ਬਹੁਤ ਵੱਡੀ ਚੁਣੌਤੀ ਹੈ। ਉਨ੍ਹਾਂ ਦੇ ਖੇਤ ਜੋ ਕਦੇ ਖੁਸ਼ਹਾਲੀ ਦੇ ਪ੍ਰਤੀਕ ਸਨ, ਹੁਣ ਬਰਬਾਦੀ ਵਰਗੇ ਲੱਗਦੇ ਹਨ। ਫਿਰ ਵੀ ਜਿਵੇਂ ਕਿ ਕਣਕ ਦੀ ਬਿਜਾਈ ਦਾ ਸੀਜ਼ਨ ਨੇੜੇ ਆ ਰਿਹਾ ਹੈ, ਉਨ੍ਹਾਂ ਕੋਲ ਆਪਣੀ ਰੋਜ਼ੀ-ਰੋਟੀ ਨੂੰ ਵਾਪਸ ਹਾਸਲ ਕਰਨ ਲਈ ਸਮੇਂ, ਗਾਰ ਅਤੇ ਬੇਯਕੀਨੀ ਨਾਲ ਲੜਨ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ।
ਪੰਜਾਬੀ ਟ੍ਰਿਬਯੂਨ