ਫੈਸਟੀਵਲ ਨੌਜਵਾਨਾਂ ਨੂੰ ਫ਼ੌਜ ਵੱਲ ਪ੍ਰੇਰਨ ਦਾ ਜ਼ਰੀਆ: ਕਟਾਰੀਆ
ਪੰਜਾਬ ਦੇ ਰਾਜਪਾਲ ਨੇ ਕੀਤਾ ਉਦਘਾਟਨ
08 ਨਵੰਬਰ, 2025 – ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਇਥੇ ਸੁਖਨਾ ਝੀਲ ’ਤੇ ਸਪੋਰਟਸ ਕੰਪਲੈਕਸ ਵਿਖੇ 9ਵੇਂ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਉਦਘਾਟਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਰੱਖਿਆ ਦੇ ਖੇਤਰ ਵਿੱਚ ਤੇਜ਼ੀ ਨਾਲ ਮਜ਼ਬੂਤ ਹੋ ਰਿਹਾ ਹੈ ਅਤੇ ਫੌਜ ਨੇ ਇਸ ਦਾ ਸਬੂਤ ਅਪਰੇਸ਼ਨ ਸਿੰਧੂਰ ਦੌਰਾਨ ਦੇ ਦਿੱਤਾ ਹੈ। ਫੌਜ ਨੇ ਪਾਕਿਸਤਾਨ ਦੇ ਹਮਲੇ ਦਾ ਜਿਸ ਢੰਗ ਨਾਲ ਜਵਾਬ ਦਿੱਤਾ, ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਪਰੇਸ਼ਨ ਸਿੰਧੂਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਫੌਜ ਥਲ, ਜਲ ਅਤੇ ਹਵਾ ਦੇ ਨਾਲ-ਨਾਲ ਤਕਨੀਕੀ ਖੇਤਰ ਵਿੱਚ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ, ਜਿਸ ਨੂੰ ਭਵਿੱਖ ਵਿੱਚ ਹੋਰ ਵੀ ਆਧੁਨਿਕ ਬਣਾਇਆ ਜਾਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਹਿਤ ਦੇਸ਼ ਦੇ ਇਤਿਹਾਸ ਨੂੰ ਵਰਤਮਾਨ ਨਾਲ ਜੋੜ ਕੇ ਭਵਿੱਖ ਦਾ ਆਧਾਰ ਬਣਦਾ ਹੈ ਅਤੇ ਮਿਲਟਰੀ ਲਿਟਰੇਚਰ ਫੈਸਟੀਵਲ ਨੌਜਵਾਨਾਂ ਨੂੰ ਰੱਖਿਆ ਸੇਵਾਵਾਂ ਵੱਲ ਪ੍ਰੇਰਿਤ ਕਰਨ ਦਾ ਸਭ ਤੋਂ ਅਹਿਮ ਜ਼ਰੀਆ ਹੈ। ਅਜਿਹੇ ਮੇਲਿਆਂ ਰਾਹੀਂ ਨੌਜਵਾਨਾਂ ਨੂੰ ਵੱਖ-ਵੱਖ ਜੰਗਾਂ ਵਿੱਚ ਪੰਜਾਬ ਦੇ ਧੀਆਂ-ਪੁੱਤਰਾਂ ਵੱਲੋਂ ਦਿਖਾਈ ਗਈ ਬਹਾਦਰੀ ਬਾਰੇ ਜਾਣੂ ਕਰਵਾਇਆ ਜਾ ਸਕਦਾ ਹੈ। ਸ੍ਰੀ ਕਟਾਰੀਆ ਨੇ ਕਿਹਾ ਕਿ 1965 ਦੀ ਜੰਗ ਦੌਰਾਨ ਭਾਰਤ ਨੂੰ ਨੁਕਸਾਨ ਝੱਲਣਾ ਪਿਆ ਸੀ ਕਿਉਂਕਿ ਉਸ ਸਮੇਂ ਫੌਜ ਲੜਾਈ ਲਈ ਤਿਆਰ ਨਹੀਂ ਸੀ ਪਰ ਅੱਜ ਫੌਜ ਮੁਲਕ ’ਤੇ ਆਉਣ ਵਾਲੀ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਹੈ। ਕੋਈ ਵੀ ਦੁਸ਼ਮਣ ਤਾਕਤਵਰ ਦੇਸ਼ ਨੂੰ ਨਿਸ਼ਾਨਾ ਬਣਾਉਣ ਦੀ ਹਿੰਮਤ ਨਹੀਂ ਕਰਦਾ ਹੈ। ਉਨ੍ਹਾਂ ਕਿਹਾ, ‘‘ਫੌਜ ਦੇ ਨਾਲ-ਨਾਲ ਪੰਜਾਬ ਦੇ ਲੋਕ ਵੀ ਵਧੇਰੇ ਦਲੇਰ ਹਨ, ਜਿਨ੍ਹਾਂ ਅਪਰੇਸ਼ਨ ਸਿੰਧੂਰ ਦੌਰਾਨ ਆਪਣੇ ਘਰ ਖਾਲੀ ਕਰਨ ਦੀ ਥਾਂ ’ਤੇ ਜਵਾਨਾਂ ਦੀ ਮਦਦ ਲਈ ਸਰਹੱਦ ’ਤੇ ਹੀ ਰਹਿਣ ਦਾ ਫ਼ੈਸਲਾ ਕੀਤਾ ਸੀ। ਇਹ ਕਦਮ ਪੰਜਾਬੀਆਂ ਦੀ ਬਹਾਦਰੀ ਅਤੇ ਦਲੇਰੀ ਨੂੰ ਦਰਸਾਉਂਦਾ ਹੈ।
‘ਇਲੈਕਟ੍ਰਾਨਿਕ ਜੰਗ ਅਤੇ ਏ ਆਈ ਦੇ ਖੇਤਰ ’ਚ ਮਜ਼ਬੂਤੀ ਦੀ ਲੋੜ’
ਮਿਲਟਰੀ ਲਿਟਰੇਚਰ ਫੈਸਟੀਵਲ ਦੇ ਪਹਿਲੇ ਦਿਨ ‘ਅਪਰੇਸ਼ਨ ਸਿੰਧੂਰ ਵਿੱਚ ਹਵਾਈ ਜੰਗ’ ਵਿਸ਼ੇ ’ਤੇ ਵਿਚਾਰ-ਚਰਚਾ ਕਰਵਾਈ ਗਈ। ਇਸ ’ਚ ਲੈਫਟੀਨੈਂਟ ਜਨਰਲ ਰਾਜ ਸ਼ੁਕਲਾ, ਏਅਰ ਮਾਰਸ਼ਲ ਰਾਜੀਵ ਸਚਦੇਵਾ ਅਤੇ ਏਅਰ ਵਾਈਸ ਮਾਰਸ਼ਲ ਅਨਿਲ ਗੋਲਾਨੀ ਨੇ ਸ਼ਿਰਕਤ ਕੀਤੀ।
ਪੰਜਾਬੀ ਟ੍ਰਿਬਯੂਨ
ਮਿਲਟਰੀ ਲਿਟਰੇਚਰ ਫੈਸਟੀਵਲ ’ਚ ਐਂਟੀ ਡਰੋਨ ਸਿਸਟਮ ਰਹੇ ਖਿੱਚ ਦਾ ਕੇਂਦਰ
‘ਅਪਰੇਸ਼ਨ ਸਿੰਧੂਰ’ ਦੌਰਾਨ ਫੁੰਡੇ ਸਨ ਡਰੋਨ; ਚੰਡੀਗਡ਼੍ਹ ਡਿਫੈਂਸ ਅਕੈਡਮੀ ਸਣੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਥਿਆਰਾਂ ਬਾਰੇ ਜਾਣਕਾਰੀ ਹਾਸਲ ਕੀਤੀ
ਚੰਡੀਗੜ੍ਹ ਦੇ ਸੁਖਨਾ ਝੀਲ ’ਤੇ ਅੱਜ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ 9ਵੇਂ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਗਾਜ਼ ਕੀਤਾ ਗਿਆ। ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ, ਜਿਨ੍ਹਾਂ ਭਾਰਤੀ ਫੌਜ ’ਚ ਭਰਤੀ ਹੋਣ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਫੌਜ ਦੀਆਂ ਵੱਖ-ਵੱਖ ਕੰਪਨੀਆਂ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜੋ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਰਹੀ। ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਚੰਡੀਗੜ੍ਹ ਡਿਫੈਂਸ ਅਕੈਡਮੀ ਤੋਂ ਇਲਾਵਾ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵੱਡੀ ਗਿਣਤੀ ਵਿਦਿਆਰਥੀ ਵੀ ਪਹੁੰਚੇ। ਉਨ੍ਹਾਂ ਨੇ ਫੌਜੀ ਹਥਿਆਰਾਂ ਬਾਰੇ ਜਾਣਕਾਰੀ ਹਾਸਲ ਕੀਤੀ। ‘ਅਪਰੇਸ਼ਨ ਸਿੰਧੂਰ’ ਦੌਰਾਨ ਪਾਕਿਸਤਾਨੀ ਡਰੋਨਾਂ ਨੂੰ ਨਸ਼ਟ ਕਰਨ ਵਾਲਾ ਐਂਟੀ ਡਰੋਨ ਸਿਸਟਮ ਇਸ ਪ੍ਰਦਰਸ਼ਨ ਦਾ ਖਿੱਚ ਦਾ ਕੇਂਦਰ ਰਿਹਾ। ਨੌਜਵਾਨਾਂ ਨੇ ਐਂਟੀ ਡਰੋਨ ਸਿਸਟਮ ਬਾਰੇ ਜਾਣਕਾਰੀ ਹਾਸਲ ਕੀਤੀ। ਭਾਰਤੀ ਫੌਜ ਵੱਲੋਂ ਭਾਰਤ ਵੱਲੋਂ ਤਿਆਰ ‘ਨਨ ਕਿਨੈਟਿਕ ਇੰਟਰਸੈਪਟਰ’ ਰਾਹੀਂ ਪਾਕਿਸਤਾਨੀ ਡਰੋਨਾਂ ਨੂੰ ਜਾਮ ਕੀਤਾ ਗਿਆ ਸੀ। ਇਸ ਸਿਸਟਮ ਨੂੰ ਸ਼ੀਲਕਾ ਰਾਡਾਰ ’ਤੇ ਲਗਾਇਆ ਜਾਂਦਾ ਹੈ। ਇਸ ਰਾਡਾਰ ਵੱਲੋਂ 40 ਕਿਲੋਮੀਟਰ ਤੱਕ ਦੇ ਦਾਇਰੇ ਵਿੱਚ ਡਰੋਨ ਦੀ ਪਛਾਣ ਕੀਤੀ ਜਾਂਦੀ ਹੈ ਅਤੇ ‘ਨਨ ਕਿਨੈਟਿਕ ਇੰਟਰਸੈਪਟਰ’ ਵੱਲੋਂ ਉਸ ਨੂੰ ਜਾਮ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਡਰੋਨ ਕਿੱਥੋਂ ਭੇਜਿਆ ਜਾ ਰਿਹਾ ਹੈ, ਉਸ ਬਾਰੇ ਵੀ ਪਤਾ ਚੱਲਦਾ ਹੈ। ਭਾਰਤੀ ਫੌਜ ਵੱਲੋਂ ਸਰਹੱਦੀ ਖੇਤਰ ਵਿੱਚ ਦੋ ਦਰਜਨ ਦੇ ਕਰੀਬ ਇਹ ਸਿਸਟਮ ਲਗਾਏ ਗਏ ਹਨ। ਭਾਰਤੀ ਫੌਜ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਵਿੱਚ ਰਾਡਾਰ ਫਲਾਈ ਕੈਚਰ ਕੰਟਰੋਲ ਸਿਸਟਮ ਵੀ ਪ੍ਰਦਰਸ਼ਿਤ ਕੀਤਾ ਗਿਆ। ਇਸ ਨਾਲ 20 ਕਿਲੋਮੀਟਰ ਦੀ ਦੂਰੀ ਤੱਕ ਡਰੋਨ ਦੀ ਪਛਾਣ ਕਰਕੇ ਉਸ ਨੂੰ ਨਸ਼ਟ ਕੀਤਾ ਜਾਂਦਾ ਹੈ। ‘ਅਪਰੇਸ਼ਨ ਸਿੰਧੂਰ’ ਦੌਰਾਨ ਇਸ ਦੀ ਵੀ ਵਧੇਰੇ ਵਰਤੋਂ ਕੀਤੀ ਗਈ ਹੈ। ਹਥਿਆਰਾਂ ਦੀ ਪ੍ਰਦਰਸ਼ਨੀ ਵਿੱਚ ਏ ਟੀ ਜੀ ਐੱਮ ਯੂਨੀਫਾਈਡ ਲਾਂਚਰ, ਏ ਜੀ ਐੱਲ (30 ਐੱਮ ਐੱਮ ਆਟੋਮੈਟਿਕ ਗਰਨੇਡ ਲਾਂਚਰ-17), ਗੰਨ ਮਸ਼ੀਨ 7.62 ਐੱਮ ਐੱਮ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਹਥਿਆਰ ਵੀ ਪ੍ਰਦਰਸ਼ਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਰਾਕੇਟ ਲਾਂਚਰ ਦੀ ਵਰਤੋਂ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਭਾਰਤੀ ਫੌਜ ਵੱਲੋਂ ਦੁਸ਼ਮਣ ਟਿਕਾਣਿਆਂ ’ਤੇ ਹਮਲਾ ਕਰਨ ਲਈ ਕਾਮਿਕਾਜ਼ ਡਰੋਨ ਤਿਆਰ ਕੀਤੇ ਗਏ ਹਨ, ਜੋ 5 ਤੋਂ 10 ਕਿਲੋਮੀਟਰ ਦੀ ਦੂਰੀ ਅਤੇ 500 ਮੀਟਰ ਦੀ ਉਚਾਈ ਤੈਅ ਕਰਦੇ ਹਨ। ਇਸ ਨਾਲ ਭਾਰਤੀ ਫੌਜ ਵੱਲੋਂ ਵੀ ਦੁਸ਼ਮਣ ਟਿਕਾਣਿਆਂ ਦੀ ਭਾਲ ਕਰਕੇ ਡਰੋਨ ਨਾਲ ਹਮਲਾ ਕੀਤਾ ਜਾ ਸਕਦਾ ਹੈ। ਇਹ ਡਰੋਨ ਤੈਅ ਨਿਸ਼ਾਨੇ ਦੇ 30 ਮੀਟਰ ਦਾਇਰੇ ਵਿੱਚ ਹਮਲਾ ਕਰਦੇ ਹਨ। ਇਸ ਨੂੰ ਭਾਰਤੀ ਫੌਜ ਵੱਲੋਂ ਜਲਦ ਹੀ ਫੌਜ ਦੇ ਸਾਜ਼ੋ-ਸਾਮਾਨ ਵਿੱਚ ਸ਼ਾਮਲ ਕੀਤਾ ਜਾਵੇਗਾ।
ਪੰਜਾਬੀ ਟ੍ਰਿਬਯੂਨ