ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਹਿੱਸੇ ਵਜੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਿਆਂ ਦੇ ਦੌਰੇ ਦੌਰਾਨ ਲਾਪਤਾ ਹੋਣ ਹੋ ਗਈ ਹੈ।
15 ਨਵੰਬਰ, 2025 – ਚੰਡੀਗੜ੍ਹ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਹਿੱਸੇ ਵਜੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਿਆਂ ਦੇ ਦੌਰੇ ਦੌਰਾਨ ਲਾਪਤਾ ਹੋਣ ਹੋ ਗਈ ਹੈ।
ਪਰ ਪਾਕਿਸਤਾਨ ਤੋਂ ਤਾਜ਼ਾ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਇਸਲਾਮ ਕਬੂਲ ਕਰਦਿਆਂ ਆਪਣਾ ਨਾਮ ਨੂਰ ਹੁਸੈਨ ਕਰ ਲਿਆ ਹੈ ਅਤੇ ਉਸ ਦਾ ਨਿਕਾਹ ਹੋ ਗਿਆ ਹੈ। ਸ਼ੇਖੂਪੁਰਾ ਦੀ ਇੱਕ ਮਸਜਿਦ ਨੇ ਕਥਿਤ ਤੌਰ ’ਤੇ ਉਸ ਦੀ ਸਹਿਮਤੀ ਦਾ ਹਵਾਲਾ ਦਿੰਦੇ ਹੋਏ ਨਿਕਾਹ ਸਰਟੀਫਿਕੇਟ ਜਾਰੀ ਕੀਤਾ ਹੈ। ਹਾਲਾਂਕਿ ਮੁੱਢਲੀ ਰਿਪੋਰਟਾਂ ਦੌਰਾਨ ‘ਟ੍ਰਿਬਿਊਨ ਸਮੂਹ’ ਅਜੇ ਦਸਤਾਵੇਜ਼ ਦੀ ਪ੍ਰਮਾਣਿਕਤਾ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕਰਦਾ ਹੈ।
ਕਪੂਰਥਲਾ ਦੀ ਰਹਿਣ ਵਾਲੀ 52 ਸਾਲਾ ਸਰਬਜੀਤ 4 ਨਵੰਬਰ ਨੂੰ 1,900 ਤੋਂ ਵੱਧ ਸਿੱਖ ਸ਼ਰਧਾਲੂਆਂ ਨਾਲ ਵਾਹਗਾ-ਅਟਾਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਗਈ ਸੀ। ਇਹ ਜਥਾ 10 ਦਿਨਾਂ ਦੇ ਦੌਰੇ ਤੋਂ ਬਾਅਦ 13 ਨਵੰਬਰ ਨੂੰ ਭਾਰਤ ਪਰਤਿਆ ਸੀ, ਪਰ ਸਰਬਜੀਤ ਕੌਰ ਉਨ੍ਹਾਂ ਦੇ ਨਾਲ ਵਾਪਸ ਨਹੀਂ ਆਈ।
ਕਥਿਤ ਤੌਰ ‘ਤੇ ਵਾਇਰਲ ਹੋਏ ਇੱਕ ਉਰਦੂ ਨਿਕਾਹਨਾਮੇ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਲਾਹੌਰ ਤੋਂ ਲਗਪਗ 56 ਕਿਲੋਮੀਟਰ ਦੂਰ ਸ਼ੇਖੂਪੁਰਾ ਦੇ ਰਹਿਣ ਵਾਲੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ ਹੈ।
ਪਾਕਿਸਤਾਨ ਜਾਣ ਤੋਂ ਪਹਿਲਾਂ ਸਬਰਜੀਤ ਕੌਰ ਅਮਾਨੀਪੁਰ ਵਿੱਚ ਆਪਣੇ ਪਤੀ ਕਰਨੈਲ ਸਿੰਘ ਦੇ ਘਰ ਰਹਿ ਰਹੀ ਸੀ, ਜੋ ਲਗਪਗ ਤਿੰਨ ਦਹਾਕਿਆਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਉਸ ਦੇ ਪਹਿਲੇ ਵਿਆਹ ਤੋਂ ਦੋ ਪੁੱਤਰ ਹਨ।
ਇਸ ਦੌਰਾਨ ਕਪੂਰਥਲਾ ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਸਰਬਜੀਤ ਖਿਲਾਫ਼ ਤਿੰਨ ਅਪਰਾਧਿਕ ਮਾਮਲੇ ਦਰਜ ਹਨ — ਦੋ ਕਪੂਰਥਲਾ ਸਿਟੀ ਅਤੇ ਇੱਕ ਬਠਿੰਡਾ ਦੇ ਕੋਟ ਫੱਤਾ ਵਿੱਚ — ਜੋ ਮੁੱਖ ਤੌਰ ‘ਤੇ ਧੋਖਾਧੜੀ ਨਾਲ ਸਬੰਧਤ ਹਨ। ਅਧਿਕਾਰੀਆਂ ਨੇ ਕਿਹਾ ਕਿ ਉਸ ਦੇ ਪਿਛੋਕੜ ਅਤੇ ਇਨ੍ਹਾਂ ਮਾਮਲਿਆਂ ਦੇ ਵੇਰਵਿਆਂ ਦੀ ਮੁੜ ਜਾਂਚ ਕੀਤੀ ਜਾ ਰਹੀ ਹੈ।
ਸਥਾਨਕ ਸੂਤਰਾਂ ਨੇ ਉਸ ਦੇ ਯਾਤਰਾ ਦਸਤਾਵੇਜ਼ਾਂ ਵਿੱਚ ਵੀ ਅੰਤਰ ਹੋਣ ਦਾ ਸੰਕੇਤ ਦਿੱਤਾ ਹੈ। ਸਰਬਜੀਤ ਕੌਰ ਦੇ ਪਾਸਪੋਰਟ ਵਿੱਚ ਉਸ ਦੇ ਪਤੀ ਦੀ ਥਾਂ ਉਸ ਦੇ ਪਿਤਾ ਦਾ ਨਾਂ ਅਤੇ ਮਲੋਟ, ਮੁਕਤਸਰ ਦਾ ਪਤਾ ਦਰਜ ਹੈ। ਰਿਪੋਰਟ ਮੁਤਾਬਕ ਉਸ ਨੇ ਪਾਕਿਸਤਾਨ ਵਿੱਚ ਦਾਖਲ ਹੋਣ ਵੇਲੇ ਇਮੀਗ੍ਰੇਸ਼ਨ ਫਾਰਮ ’ਤੇ ਆਪਣੀ ਨਾਗਰਿਕਤਾ ਜਾਣਕਾਰੀ ਜਾਂ ਪਾਸਪੋਰਟ ਨੰਬਰ ਨਹੀਂ ਦਿੱਤਾ।
ਤਲਵੰਡੀ ਚੌਧਰੀਆਂ ਦੇ ਐਸ.ਐਚ.ਓ. ਨਿਰਮਲ ਸਿੰਘ ਨੇ ਦੱਸਿਆ ਕਿ ਕੌਰ “ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ ਪਰ ਵਾਪਸ ਨਹੀਂ ਪਰਤੀ।” ਜਦੋਂ ਕਿ ਉਸ ਦੇ ਮਾਮਲਿਆਂ ਵਿੱਚ ਅਦਾਲਤੀ ਕਾਰਵਾਈ ਖਤਮ ਹੋ ਚੁੱਕੀ ਹੈ, ਉਸ ਦੇ ਦੋ ਪੁੱਤਰਾਂ — ਲਵਜੋਤ ਸਿੰਘ ਅਤੇ ਨਵਜੋਤ ਸਿੰਘ — ਦੇ ਖਿਲਾਫ਼ ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਕਬੀਰਪੁਰ ਵਿੱਚ ਕੁੱਲ 10 ਅਪਰਾਧਿਕ ਮਾਮਲੇ ਚੱਲ ਰਹੇ ਹਨ। ਕਈ ਮੁਕੱਦਮੇ ਜਾਰੀ ਹਨ ਅਤੇ ਮੰਨਿਆ ਜਾਂਦਾ ਹੈ ਕਿ ਦੋਵੇਂ ਪੁੱਤਰ ਜ਼ਮਾਨਤ ‘ਤੇ ਬਾਹਰ ਹਨ। ਉਨ੍ਹਾਂ ਦਾ ਪਿਤਾ 15 ਸਾਲਾਂ ਤੋਂ ਵੱਧ ਸਮੇਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਹੈ। ਜਾਂਚ ਜਾਰੀ ਰਹਿਣ ਕਾਰਨ ਅਮਾਨੀਪੁਰ ਦੇ ਵਸਨੀਕ ਪਰਿਵਾਰ ਬਾਰੇ ਜ਼ਿਆਦਾਤਰ ਚੁੱਪ ਹਨ।
ਪੰਜਾਬੀ ਟ੍ਰਿਬਯੂਨ
ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਏ ਜਥੇ ਵਿੱਚੋਂ ਮਹਿਲਾ ਸ਼ਰਧਾਲੂ ਲਾਪਤਾ
9 ਨਵੰਬਰ ਨੂੰ ਅੱਠ ਮੈਂਬਰਾਂ ਦੇ ਭਾਰਤ ਪਰਤਨ ਤੋਂ ਬਾਅਦ ਜਥੇ ਦੇ 1900 ਮੈਂਬਰ ਵੀਰਵਾਰ ਨੂੰ ਵਾਪਸ ਪਰਤੇ, 1 ਦੀ ਪਾਕਿਸਤਾਨ ਦੇ ਗੁਜਰਾਂਵਾਲਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ
15 ਨਵੰਬਰ, 2025 – ਅੰਮ੍ਰਿਤਸਰ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜਨਮ ਅਸਥਾਨ ਅਤੇ ਹੋਰ ਇਤਿਹਾਸਕ ਅਸਥਾਨਾਂ ’ਤੇ ਭਾਰਤ ਤੋਂ ਗਿਆ 1900 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜਥਾ ਵੀਰਵਾਰ ਨੂੰ ਪਾਕਿਸਤਾਨ ਤੋਂ ਵਾਪਸ ਪਰਤ ਆਇਆ ਹੈ। ਪਰ ਇਸ ਜਥੇ ਦੀ ਇੱਕ ਮਹਿਲਾ ਮੈਂਬਰ ਦੇ ਵਾਪਸ ਨਾ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਹੋਈ ਮਹਿਲਾ ਮੈਂਬਰ ਦੀ ਪਛਾਣ ਸਰਬਜੀਤ ਕੌਰ ਵਾਸੀ ਅਮਾਨੀਪੁਰ ਕਪੂਰਥਲਾ ਵਜੋਂ ਹੋਈ ਹੈ।
ਉਸ ਦੇ ਜਥੇ ਵਿੱਚੋਂ ਗੁੰਮ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਸੂਬਾ ਅਤੇ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਉਲਝਣ ਵਿੱਚ ਹਨ ਅਤੇ ਉਹ ਮਹਿਲਾ ਦੇ ਪਰਿਵਾਰਕ ਮੈਂਬਰਾਂ ਅਤੇ ਸਬੰਧਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਨੇ ਇਮੀਗ੍ਰੇਸ਼ਨ ਫਾਰਮ ਵਿੱਚ ਆਪਣੀ ਨਾਗਰਿਕਤਾ ਅਤੇ ਪਾਸਪੋਰਟ ਨੰਬਰ ਦਾ ਜ਼ਿਕਰ ਨਹੀਂ ਕੀਤਾ ਸੀ।
ਅਧਿਕਾਰੀਆਂ ਵੱਲੋਂ ਇਸ ਸਬੰਧੀ ਦਿੱਲੀ ਵਿੱਚ ਪਾਕਿਸਤਾਨੀ ਦੂਤਾਵਾਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਰਿਪੋਰਟ ਕਰ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸੂਤਰਾਂ ਨੇ ਦੱਸਿਆ ਕਿ ਸਰਬਜੀਤ ਕੌਰ 1932 ਮੈਂਬਰੀ ਜਥੇ ਦਾ ਹਿੱਸਾ ਸੀ ਜੋ 4 ਨਵੰਬਰ ਨੂੰ ਅਟਾਰੀ-ਵਾਹਗਾ ਸਾਂਝੀ ਚੈੱਕ ਪੋਸਟ ਰਾਹੀਂ ਪਾਕਿਸਤਾਨ ਗਿਆ ਸੀ। ਉਨ੍ਹਾਂ ਦੱਸਿਆ ਕਿ 13 ਨਵੰਬਰ ਨੂੰ 1922 ਸ਼ਰਧਾਲੂ ਆਪਣੇ ਦੇਸ਼ ਪਰਤ ਆਏ ਸਨ ਅਤੇ ਮਹਿਲਾ ਉਨ੍ਹਾਂ ਵਿੱਚ ਸ਼ਾਮਲ ਨਹੀਂ ਸੀ।
ਇਸ ਤੋਂ ਪਹਿਲਾਂ 9 ਨਵੰਬਰ ਨੂੰ ਜਥੇ ਦੇ ਅੱਠ ਮੈਂਬਰ, ਜਿਨ੍ਹਾਂ ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗਰਗੱਜ ਵੀ ਸ਼ਾਮਲ ਸਨ, ਭਾਰਤ ਪਰਤ ਆਏ ਸਨ।ਜਾਣਕਾਰੀ ਅਨੁਸਾਰ ਇੱਕ ਹੋਰ ਸ਼ਰਧਾਲੂ ਸੁਖਵਿੰਦਰ ਸਿੰਘ (67) ਨਿਵਾਸੀ ਚਾਉਕੇ ਪਿੰਡ ਜ਼ਿਲ੍ਹਾ ਬਠਿੰਡਾ ਦੀ 10 ਨਵੰਬਰ ਨੂੰ ਪਾਕਿਸਤਾਨ ਦੇ ਗੁਜਰਾਂਵਾਲਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਪੰਜਾਬੀ ਟ੍ਰਿਬਯੂਨ