18 ਨਵੰਬਰ, 2025 – ਪਟਿਆਲਾ : ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਅਤੇ ਪਨਬਸ ’ਚ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਫਰਮਾ ਦੀਆਂ ਬੱਸਾਂ ਪਾਉਣ ਦੇ ਵਿਰੋਧ ਵਿੱਚ ਅੱਜ ‘ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ’ (25/11) ਵੱਲੋਂ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠਾਂ ਪੰਜਾਬ ਭਰ ’ਚ ਦੁਪਹਿਰ 12 ਤੋਂ ਸ਼ਾਮ 5 ਵਜੇ ਤੱਕ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ। ਅਸਲ ’ਚ ਅੱਜ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਸਬੰਧੀ ਪਾਏ ਟੈਂਡਰ ਖੋਲ੍ਹੇ ਜਾਣੇ ਸਨ, ਜਿਸ ’ਤੇ ਯੂਨੀਅਨ ਆਗੂਆਂ ਨੇ ਹੜਤਾਲ ਅਣਮਿਥੇ ਸਮੇਂ ਤੱਕ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਹਾਲਾਤ ਭਾਂਪਦਿਆਂ ਸਰਕਾਰ ਨੇ ਟੈਂਡਰਾਂ ਖੋਲ੍ਹਣ ਦੀ ਕਾਰਵਾਈ ਮੁਲਤਵੀ ਕਰ ਦਿਤੀ।
ਦੁਪਹਿਰ 12 ਵਜੇ ਪੰਜਾਬ ਭਰ ਦੀਆਂ ਬੱਸਾਂ ਦਾ ਚੱਕਾ ਜਾਮ ਕਰਦਿਆਂ ਯੂਨੀਅਨ ਨੇ ਪੀਆਰਟੀਸੀ ਦੇ ਮੁੱਖ ਦਫਤਰ ਵਾਲੇ ਸ਼ਹਿਰ ਪਟਿਆਲਾ ਵਿਚਲੇ ਮੁੱਖ ਬੱਸ ਅੱਡੇ ਸਮੇਤ ਪੰਜਾਬ ਭਰ ਵਿਚਲੇ ਹੋਰ ਕਈ ਬੱਸ ਅੱਡਿਆਂ ਦੇ ਗੇਟ ਬੰਦ ਕਰਕੇ ਰੈਲੀਆਂ ਕੀਤੀਆਂ। ਇਸ ਦੌਰਾਨ ਕਈ ਥਾਵਾਂ ’ਤੇ ਵਰਕਰਾਂ ਨੇ ਸੜਕਾਂ ’ਤੇ ਬੱਸਾਂ ਟੇਢੀਆਂ ਕਰਕੇ ਆਵਾਜਾਈ ਵੀ ਠੱਪ ਕੀਤੀ, ਜਿਸ ਕਾਰਨ ਅਨੇਕਾਂ ਥਾਂਵਾਂ ’ਤੇ ਵੱਡੇ ਵੱਡੇ ਜਾਮ ਲੱਗਣ ਕਾਰਨ ਲੋਕਾਂ ਨੂੰ ਡਾਢੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਖਾਸ ਕਰਕੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਖੱਜਲ ਹੋਣਾ ਪਿਆ।
ਬੱਸਾਂ ਚੱਲਣ ਸਬੰਧੀ ਕਿਸੇ ਕੋਲ ਵੀ ਕੋਈ ਠੋਸ ਜਾਣਕਾਰੀ ਨਾ ਹੋਣ ਕਰਕੇ ਲੋਕ ਇੱਧਰ-ਉੱਧਰ ਭਟਕਦੇ ਰਹੇ। ਇਸ ਦੌਰਾਨ ਟੈਕਸੀ ਅਤੇ ਆਟੋ ਰਿਕਸ਼ਾ ਚਾਲਕਾਂ ਸਮੇਤ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਰਹੀ। ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਨੇ ਦੱਸਿਆ ਕਿ ਸਰਕਾਰ ਨੇ ਪਨਬਸ ਦੇ ਟੈਂਡਰਾਂ ਲਈ 28 ਨਵਬੰਰ ਅਤੇ ਪੀਆਰਟੀਸੀ ਦੇ ਟੈਂਡਰ ਖੋਲ੍ਹਣ ਲਈ 2 ਦਸੰਬਰ ਮੁਕੱਰਰ ਕੀਤਾ ਹੈ। ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਇੱਕ ਹੋਰ ਮੰਗ ਤਹਿਤ ਪੀਆਰਟੀਸੀ ਦੇ ਪੁਰਾਣੇ ਅਤੇ ਨਵੇਂ ਮੁਲਾਜ਼ਮਾਂ ’ਤੇ ਦੀਆਂ ਤਨਖਾਹਾਂ ’ਚ 5 ਫ਼ੀਸਦੀ ਵਾਧਾ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਹੈ। ਨਾਲ ਹੀ 19 ਨਵੰਬਰ ਨੂੰ ਟਰਾਂਸਪੋਰਟ ਮੰਤਰੀ ਵੱਲੋਂ ਯੂਨੀਅਨ ਦੀ ਮੀਟਿੰਗ ਵੀ ਬੁਲਾਈ ਗਈ ਹੈ, ਜਿਸ ਦੌਰਾਨ ਕਿਲੋਮੀਟਰ ਸਕੀਮ ਸਮੇਤ ਹੋਰ ਮੰਗਾਂ ਅਤੇ ਮਸਲਿਆਂ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਤਨਖਾਹ ਵੀ 22 ਨਵੰਬਰ ਤੱਕ ਜਾਰੀ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ। ਇਸੇ ਕਰਕੇ ਹੀ ਅਣਮਿੱਥੇ ਸਮੇ ਦੀ ਹੜਤਾਲ ਵਾਪਸ ਲੈ ਲਈ ਗਈ, ਜੇ 19 ਦੀ ਮੀਟਿੰਗ ਬੇਸਿੱਟਾ ਰਹੀ ਤਾਂ 20 ਨਵੰਬਰ ਨੂੰ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਯੂਨੀਅਨ ਦੇ ਫੈ਼ਸਲੇ ਦੇ ਹਵਾਲੇ ਨਾਲ ਹਰਕੇਸ਼ ਵਿੱਕੀ ਨੇ ਕਿਹਾ ਕਿ ਕਿਲੋਮੀਟਰ ਬੱਸਾਂ ਨਹੀਂ ਪੈਣ ਦਿੱਤੀਆਂ ਜਾਣਗੀਆਂ। ਯੂਨੀਅਨ ਦੀ ਮੰਗ ਹੈ ਕਿ ਸਿਰਫ਼ ਸਰਕਾਰੀ ਬੱਸਾਂ ਹੀ ਪਾਈਆਂ ਜਾਣ ਕਿਉਂਕਿ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਦੀ ਪ੍ਰਕ੍ਰਿਆ ਅਦਾਰੇ ਨੂੰ ਪ੍ਰਾਈਵੇਟ ਹੱਥਾਂ ’ਚ ਦੇਣ ਦੀ ਗਿਣੀ ਮਿਥੀ ਸਾਜ਼ਿਸ਼ ਹੈ। ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਹਰਪਾਲਪੁਰ, ਘਨੌਰ ਤੋਂ ਕਾਂਗਰਸ ਆਗੂ ਸੁਦੇਸ਼ ਕੁਮਾਰ, ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਕਿਸਾਨ ਆਗੂ ਜਸਦੇਵ ਨੂਗੀ, ਰਾਣਾ ਨਿਰਮਾਣ, ਹਰਦੀਪ ਸੇਹਰਾ ਅਤੇ ਹਰਵਿੰਦਰ ਕਾਲਵਾ ਸਮੇਤ ਕਈ ਹੋਰਾਂ ਨੇ ਹੜਤਾਲੀ ਵਰਕਰਾਂ ਦੀ ਹਮਾਇਤ ਕਰਦਿਆਂ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਇਸੇ ਦੌਰਾਨ ਪੀਆਰਟੀਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਦਾ ਕਹਿਣਾ ਹੈ ਪੀਆਰਟੀਸੀ ਵੱਲੋਂ ਕਿਲੋਮੀਟਰ ਸਕੀਮ ਅਧੀਨ ਕੋਈ ਵੀ ਨਵੀਂ ਬੱਸ ਨਹੀ ਪਾਈ ਜਾ ਰਹੀ, ਸਿਰਫ਼ ਪੁਰਾਣੀਆਂ ਅਤੇ ਕੰਡਮ ਬੱਸਾਂ ਹੀ ਬਦਲੀਆਂ ਜਾ ਰਹੀਆਂ ਹਨ।
ਪੰਜਾਬੀ ਟ੍ਰਿਬਯੂਨ