PSEB ਇੰਜਨੀਅਰਜ਼ ਐਸੋਸੀਏਸ਼ਨ ਵੱਲੋਂ 26 ਤੋਂ ਸੰਘਰਸ਼ ਵਿੱਢਣ ਦੀ ਚਿਤਾਵਨੀ
21 ਨਵੰਬਰ, 2025 – ਚੰਡੀਗੜ੍ਹ : ਪਾਵਰਕੌਮ ਦੀਆਂ ਜ਼ਮੀਨਾਂ ਦੀ ਵਿਕਰੀ ਤੇ ਸਿਆਸੀ ਦਖਲ ਨੂੰ ਲੈ ਕੇ ਇੰਜਨੀਅਰਾਂ ਦਾ ਬਿਜਲੀ ਮੰਤਰੀ ਨਾਲ ਸਿੱਧਾ ਵਿਵਾਦ ਛਿੜ ਗਿਆ ਹੈ। ਪੰਜਾਬ ਸਰਕਾਰ ਨੇ ਕੋਈ ਹੁੰਗਾਰਾ ਨਾ ਭਰਿਆ ਤਾਂ ਪਾਵਰਕੌਮ ਦੇ ਇੰਜਨੀਅਰਾਂ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। PSEB ਇੰਜਨੀਅਰਜ਼ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਜ਼ਮੀਨਾਂ ਦੀ ਵਿਕਰੀ ਨਾ ਰੋਕੀ ਅਤੇ ਰੋਪੜ ਥਰਮਲ ਦੇ ਮੁਅੱਤਲ ਇੰਜਨੀਅਰ ਨੂੰ ਬਹਾਲ ਨਾ ਕੀਤਾ ਤਾਂ 26 ਨਵੰਬਰ ਨੂੰ ਸੰਘਰਸ਼ ਵਿੱਢਿਆ ਜਾਵੇਗਾ।
ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਪਟਿਆਲਾ ਤੇ ਬਠਿੰਡਾ ਵਿਚਲੀ ਪਾਵਰਕੌਮ ਦੀ ਸੰਪਤੀ ਵੇਚਣ ਦੀ ਕਾਰਵਾਈ ਤੋਂ ਇੰਜਨੀਅਰ ਖ਼ਫ਼ਾ ਹਨ। ਬਠਿੰਡਾ ਥਰਮਲ ਦੀ 91 ਏਕੜ ਜ਼ਮੀਨ ਖ਼ਾਲੀ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪਟਿਆਲਾ ਵਿਚਲੀ ਜ਼ਮੀਨ ਦੇ ਅੜਿੱਕੇ ਦੂਰ ਕਰਨੇ ਸ਼ੁਰੂ ਕੀਤੇ ਹਨ। ਬੀਤੇ ਦਿਨ ਵੀ ਪਟਿਆਲਾ ’ਚ ਇੰਜਨੀਅਰਾਂ ਨੇ ਮੀਟਿੰਗ ਕੀਤੀ ਸੀ ਜਿਸ ’ਚ ਪਾਵਰਕੌਮ ਦੀਆਂ ਜ਼ਮੀਨਾਂ ਬਚਾਉਣ ਬਾਰੇ ਚਰਚਾ ਹੋਈ ਸੀ। ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਬਿਜਲੀ ਮੰਤਰੀ ਨੇ ਰੋਪੜ ਥਰਮਲ ਦੇ ਮੁੱਖ ਇੰਜਨੀਅਰ ਹਰੀਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਡਾਇਰੈਕਟਰ (ਜੈਨਰੇਸ਼ਨ) ਹਰਜੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਸਨ।
ਇੰਜਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਧੀਮਾਨ ਨੇ ਕਿਹਾ ਕਿ ਉਪਰੋਕਤ ਮਾਮਲਿਆਂ ’ਤੇ ਬਿਜਲੀ ਮੰਤਰੀ ਤੇ ਹੋਰਨਾਂ ਨਾਲ ਮੀਟਿੰਗਾਂ ਦੇ ਬਾਵਜੂਦ ਕੋਈ ਨਤੀਜਾ ਨਾ ਨਿਕਲਣ ਕਾਰਨ ਸੰਘਰਸ਼ ਦਾ ਰਾਹ ਚੁਣਨਾ ਪਿਆ ਹੈ। ਐਸੋਸੀਏਸ਼ਨ ਨੇ 26 ਨਵੰਬਰ ਤੋਂ ਸਾਰੇ ਸਰਕਾਰੀ ਵੱਟਸਐਪ ਗਰੁੱਪਾਂ ਦਾ ਬਾਈਕਾਟ ਕਰਨ ਅਤੇ ਗਰੁੱਪ ਛੱਡਣ ਦਾ ਫ਼ੈਸਲਾ ਕੀਤਾ ਹੈ। ਇੰਜਨੀਅਰਾਂ ਨੇ ਬੋਰਡ ਆਫ ਡਾਇਰੈਕਟਰਜ਼ ਨੂੰ ਉਪਰੋਕਤ ਮਾਮਲਿਆਂ ਦੀ ਨਿਰਪੱਖ ਜਾਂਚ ਦੀ ਅਪੀਲ ਕੀਤੀ ਹੈ।
ਪਾਵਰਕੌਮ ’ਚ ਸਭ ਠੀਕ: ਬਿਜਲੀ ਮੰਤਰੀ
ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਸਭ ਵਿਵਾਦਾਂ ਨੂੰ ਦਰਕਿਨਾਰ ਕਰਦਿਆਂ ਕਿਹਾ ਕਿ ਪਾਵਰਕੌਮ ’ਚ ਸਭ ਠੀਕ ਹੈ ਅਤੇ ਕਿਧਰੇ ਕੋਈ ਪ੍ਰਦਰਸ਼ਨ ਨਹੀਂ ਹੈ; ਡੇਢ ਦਹਾਕਾ ਪੁਰਾਣੀ ਨੀਤੀ ’ਤੇ ਹੀ ਪੰਜਾਬ ਸਰਕਾਰ ਕੰਮ ਕਰ ਰਹੀ ਹੈ। ਜਿਸ ਤਹਿਤ ਖ਼ਾਲੀ ਅਤੇ ਘੱਟ ਵਰਤੋਂ ’ਚ ਆ ਰਹੀਆਂ ਜ਼ਮੀਨਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਨ੍ਹਾਂ ਜ਼ਮੀਨਾਂ ਨੂੰ ਨਿਯਮਾਂ ਅਨੁਸਾਰ ਹੀ ਵੇਚਿਆ ਜਾਵੇਗਾ।
ਅਜੀਬ ਇਤਫ਼ਾਕ ਹੈ…
ਗੁਰੂ ਨਾਨਕ ਦੇਵ ਦਾ 500 ਸਾਲਾ ਪ੍ਰਕਾਸ਼ ਪੁਰਬ ਸੀ ਤਾਂ ਤਤਕਾਲੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਨੇ ਬਠਿੰਡਾ ਵਿਖੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦਾ ਨੀਂਹ ਪੱਥਰ 19 ਨਵੰਬਰ 1969 ਨੂੰ ਰੱਖਿਆ ਸੀ। ਠੀਕ ਪੰਜਾਹ ਸਾਲ ਮਗਰੋਂ 2019 ’ਚ ਜਦੋਂ ਗੁਰੂ ਨਾਨਕ ਦੇਵ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ ਤਾਂ ਤਤਕਾਲੀ ਕਾਂਗਰਸ ਸਰਕਾਰ ਨੇ ਬਠਿੰਡਾ ਥਰਮਲ ਬੰਦ ਕਰਨ ਦਾ ਫ਼ੈਸਲਾ ਕੀਤਾ ਅਤੇ ਥਰਮਲ ਨੂੰ ਤਾਲਾ ਲਾ ਦਿੱਤਾ। ਹੁਣ ਜਦੋਂ ਗੁਰੂ ਤੇਗ਼ ਬਹਾਦਰ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਮੌਜੂਦਾ ‘ਆਪ’ ਸਰਕਾਰ ਬਠਿੰਡਾ ਥਰਮਲ ਦੀ ਜ਼ਮੀਨ ਵੇਚਣ ਦੇ ਰਾਹ ਪਈ ਹੈ।
ਪੰਜਾਬੀ ਟ੍ਰਿਬਯੂਨ