ਕਈ ਆਗੂ ਹਿਰਾਸਤ ਵਿੱਚ ਲਏ; ਪੈਟਰੋਲ ਦੀਆਂ ਬੋਤਲਾਂ ਲੈ ਕੇ ਬੱਸ ਦੀ ਛੱਤ ’ਤੇ ਚੜ੍ਹੇ ਪ੍ਰਦਰਸ਼ਨਕਾਰੀ
28 ਨਵੰਬਰ, 2025 – ਪਟਿਆਲਾ : ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਉਣ ਸਬੰਧੀ ਜਾਰੀ ਰੇੜਕੇ ਨੂੰ ਲੈ ਕੇ ਪੀਆਰਟੀਸੀ, ਪੰਜਾਬ ਰੋਡਵੇਜ ਅਤੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਨੇ ਸ਼ੁੱਕਰਵਾਰ ਤੜਕੇ ਹੀ ਸੂਬਾ ਵਿਆਪੀ ਹੜਤਾਲ ਸ਼ੁਰੂ ਕਰਕੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ। ਇਸ ਦੌਰਾਨ ਪੀਆਰਟੀਸੀ ਦੇ ਮੁੱਖ ਦਫਤਰ ਵਾਲੇ ਸ਼ਹਿਰ ਪਟਿਆਲਾ ਸਮੇਤ ਕਈ ਹੋਰ ਥਾਵਾਂ ’ਤੇ ਵੀ ਬੱਸ ਅੱਡਿਆਂ ਦੀ ਤਾਲਾਬੰਦੀ ਕਰਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਮੁਲਾਜ਼ਮਾਂ ਨੇ ਕਿਹਾ ਕਿ ਕਿਲੋਮੀਟਰ ਸਕੀਮ ਦੇ ਵਿਰੋਧ ਵਿੱਚ ਜਾਰੀ ਇਨ੍ਹਾਂ ਧਰਨਿਆਂ ਤੋਂ ਪਹਿਲਾਂ ਹੀ ਅੱਜ ਵੱਡੇ ਤੜਕੇ ਪਟਿਆਲਾ ਸਮੇਤ ਪੰਜਾਬ ਭਰ ਵਿੱਚੋਂ ਯੂਨੀਅਨ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ (ਪਟਿਆਲਾ) ਨੇ ਦੱਸਿਆ ਕਿ ਸਰਕਾਰ ਦੇ ਇਸ ਜਬਰ ਦੇ ਵਿਰੋਧ ਵਿੱਚ ਜਾਰੀ ਇਸ ਸੰਘਰਸ਼ ਨੂੰ ਅੱਜ ਸਰਕਾਰੀ ਮੁਲਾਜ਼ਮਾਂ ਵੱਲੋਂ ਵੀ ਹਮਾਇਤ ਦਿੱਤੀ ਗਈ ਹੈ।।
ਇਸ ਦੌਰਾਨ ਸਾਥੀ ਮੁਲਾਜ਼ਮਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਪੀਆਰਟੀਸੀ, ਪੰਜਾਬ ਰੋਡਵੇਜ ਅਤੇ ਪਨਬਸ ਵਰਕਰ ਯੂਨੀਅਨ ਦੇ ਕਈ ਆਗੂ ਆਤਮਦਾਹ ਦੀ ਧਮਕੀ ਦਿੰਦਿਆਂ ਪੈਟਰੋਲ ਦੀਆਂ ਬੋਤਲਾਂ ਨਾਲ ਬੱਸਾਂ ਦੀਆਂ ਛੱਤਾਂ ਅਤੇ ਓਵਰ ਬ੍ਰਿਜ ’ਤੇ ਚੜ੍ਹ ਗਏ। ਪਟਿਆਲਾ ਪ੍ਰਦਰਸ਼ਨ ਦੀ ਅਗਵਾਈ ਯੂਨੀਅਨ ਦੇ ਸਵਾਈ ਮੀਤ ਪ੍ਰਧਾਨ ਹਰਕੇਸ਼ ਵਿੱਕੀ ਵੱਲੋਂ ਕੀਤੀ ਜਾ ਰਹੀ ਹੈ। ਉੱਧਰ ਬੱਸ ਅੱਡੇ ਦੇ ਬਾਹਰ ਡੀਐੱਸਪੀ ਜੰਗਜੀਤ ਸਿੰਘ ਦੀ ਅਗਵਾਈ ਹੇਠਾਂ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਵੀ ਤੈਨਾਤ ਕਰ ਦਿੱਤੀ ਗਈ ਹੈ। ਮੁਲਾਜ਼ਮਾਂ ਦੇ ਪ੍ਰਦਰਸ਼ਨ ਕਾਰਨ ਚੰਡੀਗੜ੍ਹ ਰਾਜਪੁਰਾ ਅਤੇ ਦਿੱਲੀ ਵੱਲ ਜਾਣ ਵਾਲੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਵੀ ਹੋਰ ਰਸਤਿਆਂ ਰਾਹੀਂ ਆਪਣੀ ਡਿਉਟੀ ’ਤੇ ਪੁੱਜ ਰਹੇ ਹਨ।
ਪੰਜਾਬੀ ਟ੍ਰਿਬਯੂਨ