ਇਕ ਹਜ਼ਾਰ ਇੱਟਾਂ ਦਾ ਭਾਅ 8 ਹਜ਼ਾਰ ਰੁਪਏ ਹੋਇਆ / ੳੁਸਾਰੀਆਂ ਦੀ ਲਾਗਤ ਵਧਣ ਦੀ ਸੰਭਾਵਨਾ
01 ਦਸੰਬਰ, 2025 – ਪਟਿਆਲਾ : ਪੰਜਾਬ ’ਚ ਰੇਤੇ ਮਗਰੋਂ ਹੁਣ ਇੱਟਾਂ ਦੇ ਭਾਅ ਬੀਤੇ ਦੋ ਮਹੀਨਿਆਂ ’ਚ ਅਸਮਾਨੀਂ ਚੜ੍ਹ ਗਏ ਹਨ, ਜਦਕਿ ਜ਼ਿਆਦਾਤਰ ਇੱਟ ਭੱਠਾ ਮਾਲਕਾਂ ਨੂੰ ਮੀਂਹ ਜ਼ਿਆਦਾ ਪੈਣ ਅਤੇ ਵਧੇਰੇ ਲਾਗਤ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਟਾਂ ਦੇ ਭਾਅ ਵਧਣ ਨਾਲ ਰੀਅਲ ਅਸਟੇਟ ਸਨਅਤ ’ਤੇ ਵੀ ਅਸਰ ਪਵੇਗਾ ਅਤੇ ਉਹ ਕੀਮਤਾਂ ਵਧਾਉਣਗੇ ਕਿਉਂਕਿ ਪੰਜਾਬ ਸਰਕਾਰ ਨੇ ਹੁਣੇ ਜਿਹੇ ਰੀਅਲ ਅਸਟੇਟ ਪ੍ਰਾਜੈਕਟਾਂ ਦੀ ਪ੍ਰਵਾਨਗੀ ਨੂੰ ਹੋਰ ਮਹਿੰਗਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਕ ਹਜ਼ਾਰ ਇੱਟਾਂ ਦਾ ਰੇਟ ਹੁਣ 7 ਹਜ਼ਾਰ ਤੋਂ ਵਧ ਕੇ 8 ਹਜ਼ਾਰ ਰੁਪਏ ਹੋ ਗਿਆ ਹੈ।
ਮੌਨਸੂਨ ਦੌਰਾਨ ਨਿਯਮਤ ਮੀਂਹ ਪੈਣ ਕਾਰਨ 2500 ਤੋਂ ਵਧ ਇੱਟ ਭੱਠਾ ਮਾਲਕਾਂ ਨੂੰ ਨੁਕਸਾਨ ਝਲਣਾ ਪਿਆ ਅਤੇ ਕੋਲੇ ਤੇ ਰੇਤੇ ਸਮੇਤ ਕੱਚੇ ਮਾਲ ਦੀਆਂ ਕੀਮਤਾਂ ’ਚ ਵੀ ਵਾਧਾ ਹੋਣ ਕਾਰਨ ਇੱਟਾਂ ਦੀਆਂ ਕੀਮਤਾਂ ਵਧ ਗਈਆਂ ਅਤੇ ਇਹ ਹੋਰ ਵਧਣ ਦੇ ਆਸਾਰ ਹਨ। ਅੰਮ੍ਰਿਤਸਰ ਅਤੇ ਭਿਖੀਵਿੰਡ ’ਚ ਤਿੰਨ ਭੱਠਿਆਂ ਦੇ ਮਾਲਕ ਪੰਕਜ ਚੋਪੜਾ ਨੇ ਕਿਹਾ, ‘‘ਇਹ ‘ਆਪ’ ਸਰਕਾਰ ਦੇ ਆਖਰੀ ਵਰ੍ਹੇ ਹਨ ਅਤੇ ਵਧੇਰੇ ਵਿਕਾਸ ਗ੍ਰਾਂਟਾਂ ਕਾਰਨ ਮੰਗ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ ਹੁਣ ਇੱਟਾਂ ਦੇ ਭਾਅ ਘਟਣਾ ਮੁਸ਼ਕਲ ਹੈ।
ਸਰਦੀਆਂ ਦੇ ਮੌਸਮ ਕਾਰਨ 15 ਦਸੰਬਰ ਤੋਂ ਮਾਰਚ ਦੇ ਪਹਿਲੇ ਹਫ਼ਤੇ ਤੱਕ ਇੱਟਾਂ ਨਹੀਂ ਬਣਨਗੀਆਂ। ਇਸੇ ਕਾਰਨ ਕੀਮਤਾਂ ਵਧ ਰੱਖਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ।’’ ਸਾਲ 2019 ’ਚ ਬਾਜ਼ਾਰੀ ਭਾਅ ਕਰੀਬ 5,100-5,200 ਰੁਪਏ ਪ੍ਰਤੀ ਇਕ ਹਜ਼ਾਰ ਇੱਟ ਸੀ। ਜ਼ਿਆਦਾਤਰ ਭੱਠਾ ਮਾਲਕਾਂ ਨੇ ਹਵਾ ਪ੍ਰਦੂਸ਼ਣ ਘਟਾਉਣ ਲਈ ਵਾਰ ਵਾਰ ਨਵੀਆਂ ਤਕਨਾਲੋਜੀਆਂ ਅਪਣਾਉਣ ਦਾ ਹੋਕਾ ਦਿੱਤਾ ਹੈ। ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਜੂਨ ’ਚ ਪੰਜਾਬ ਅਤੇ ਹਰਿਆਣਾ ਦੇ ਗ਼ੈਰ-ਐੱਨ ਸੀ ਆਰ ਜ਼ਿਲ੍ਹਿਆਂ ’ਚ ਸਥਿਤ ਭੱਠਿਆਂ ’ਚ ਪਰਾਲੀ ਅਧਾਰਿਤ ਬਾਇਓਮਾਸ ਗੱਠਾਂ ਦੀ ਵਰਤੋਂ ਨੂੰ ਲਾਜ਼ਮੀ ਕਰ ਦਿੱਤਾ ਸੀ। ਇੱਟ ਭੱਠਾ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਰਵਾਇਤੀ ਇੱਟ ਭੱਠਿਆਂ ’ਚ ਗੱਠਾਂ ਦੀ ਵਰਤੋਂ ’ਚ ਤਕਨੀਕੀ ਅੜਿੱਕਿਆਂ ਦੇ ਬਾਵਜੂਦ ਚੈਨਲਾਂ ਰਾਹੀਂ ਕੰਮ ਕੀਤਾ ਜਾਂਦਾ ਹੈ, ਜਿਸ ’ਚ ਹੱਥਾਂ ਰਾਹੀਂ ਈਂਧਣ ਦੀ ਲੋੜ ਹੁੰਦੀ ਹੈ ਪਰ ਮਾਲਕ ਨਵੇਂ ਢੰਗ ਤਰੀਕੇ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਖ਼ਰਚੇ ਵਧ ਜਾਂਦੇ ਹਨ ਅਤੇ ਕੋਲੇ ਤੇ ਰੇਤ ਦੀਆਂ ਕੀਮਤਾਂ ਪਹਿਲਾਂ ਹੀ ਵਧ ਚੁੱਕੀਆਂ ਹਨ, ਜਿਸ ਕਾਰਨ 8 ਹਜ਼ਾਰ ਰੁਪਏ ’ਤੇ ਵੀ ਘੱਟੋ ਘੱਟ ਮਾਰਜਿਨ ਜੁੜ ਰਿਹਾ ਹੈ।
ਪੰਜਾਬੀ ਟ੍ਰਿਬਯੂਨ