ਬਿਜਲੀ ਮੰਤਰੀ ਦੇ ਫੈਸਲੇ ਬਿਜਲੀ ਅਦਾਰੇ ਨੂੰ ਕਮਜ਼ੋਰ ਕਰਨ ਦੇ ਤੁੱਲ
03 ਦਸੰਬਰ, 2025 – ਪਟਿਆਲਾ : ਪੰਜਾਬ ਸਰਕਾਰ ਵੱਲੋਂ ਬਿਜਲੀ ਖੇਤਰ ਦੀਆਂ ਜਾਇਦਾਦਾਂ ਵੇਚਣ ਦੀ ਯੋਜਨਾ ਤੇ ਰਾਜਸੀ ਦਖ਼ਲਅੰਦਾਜ਼ੀ ਦਾ ਨੋਟਿਸ ਲੈਂਦਿਆਂ ਪਾਵਰ ਇੰਜੀਨੀਅਰ ਐਸੋਸੀਏਸਨ ਨੇ ਅੱਜ ਇਥੇ ਪ੍ਰਧਾਨ ਜਸਵੀਰ ਧੀਮਾਨ ਦੀ ਅਗਵਾਈ ਹੇਠਾਂ ਇਕੱਠ ਕਰ ਕੇ ਅਜਿਹੇ ਰੁਝਾਨ ਨੂੰ ਠੱਲ੍ਹਣ ਲਈ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਦਾ ਫ਼ੈਸਲਾ ਕੀਤਾ।
ਇਸ ਦੌਰਾਨ ਇੰਜਨੀਅਰਾਂ ਨੇ ਬਿਜਲੀ ਮੰਤਰੀ ਸੰਜੀਵ ਅਰੋੜਾ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ਆਪਹੁਦਰੇ ਫੈਸਲਿਆਂ ਨਾਲ ਤਕਨੀਕੀ ਇਮਾਨਦਾਰੀ, ਪੇਸ਼ੇਵਰਾਨਾ ਅਤੇ ਸੰਸਥਾਗਤ ਪ੍ਰਕਿਰਿਆਵਾਂ ਨੂੰ ਕਮਜ਼ੋਰ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਜਲੀ ਖੇਤਰ ਦੀ ਸਥਿਰਤਾ ਅਤੇ ਪੇਸ਼ੇਵਰ ਖੁਦਮੁਖ਼ਤਾਰੀ ਦੀ ਬਹਾਲ ਲਈ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ। ਜਥੇਬੰਦੀ ਦੇ ਸਕੱਤਰ ਅਜੈਪਾਲ ਅਟਵਾਲ ਨੇ ਕਿਹਾ ਕਿ ਇਸ ਦੌਰਾਨ ਇੰਜਨੀਅਰਾਂ ਨੇ ਖਾਸ ਤੌਰ ’ਤੇ ਬਿਜਲੀ ਖੇਤਰ ਦੀਆਂ ਜਾਇਦਾਦਾਂ ਅਤੇ ਸੰਪਤੀਆਂ ਨੂੰ ਵੇਚਣ ਦੇ ਕਦਮ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਵਿਖੇ ਦੋ 800 ਮੈਗਾਵਾਟ ਯੂਨਿਟਾਂ ਦੀ ਪ੍ਰਕਿਰਿਆ ਵਿੱਚ ਪੈਦਾ ਕੀਤੀਆਂ ਜਾ ਰਹੀਆਂ ਰੁਕਾਵਟਾਂ ਅਤੇ ਨਾਜਾਇਜ਼ ਮੁਅੱਤਲੀ ਦਾ ਹਵਾਲਾ ਦਿੱਤਾ ਗਿਆ।
ਚੀਫ ਇੰਜਨੀਅਰ ਹਰੀਸ਼ ਸ਼ਰਮਾ ਦੀ ਮੁਅੱਤਲੀ ਨੂੰ ਬੇਬੁਨਿਆਦ ਕਾਰਵਾਈ ਦਾ ਨਾਮ ਦਿੱਤਾ ਗਿਆ। ਇੰਜੀਨੀਅਰਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਅਜਿਹੀਆਂ ਕਾਰਵਾਈਆਂ ਨੇ ਬਿਜਲੀ ਸਪਲਾਈ ਦੀ ਲੰਬੇ ਸਮੇਂ ਦੀ ਭਰੋਸੇਯੋਗਤਾ ਲਈ ਗੰਭੀਰ ਖ਼ਤਰਾ ਪੈਦਾ ਕੀਤਾ ਹੈ। ਜਥੇਬੰਦੀ ਦੇ ਪ੍ਰਧਾਨ ਜਸਵੀਰ ਧੀਮਾਨ ਨੇ ਐਲਾਨ ਕੀਤਾ ਕਿ ਜੇ ਉਨ੍ਹਾਂ ਦੀਆਂ ਮੰਗਾਂ ’ਤੇ ਕਾਰਵਾਈ ਨਾ ਕੀਤੀ ਗਈ ਤਾਂ ਇੰਜਨੀਅਰ ਅੰਦੋਲਨ ਨੂੰ ਹੋਰ ਤੇਜ਼ ਕਰਨਗੇ।
ਪੰਜਾਬੀ ਟ੍ਰਿਬਯੂਨ