ਨਵੇਂ ਪ੍ਰਿੰਸੀਪਲ ਵਿਰੁੱਧ ਸਕੂਲ ਅੱਗੇ ਧਰਨਾ ਦਿੱਤਾ; ਬਦਲੀ ਕਰਨ ਦੀ ਮੰਗ
10 ਦਸੰਬਰ, 2025 – ਮਾਨਸਾ : ਨੇੜਲੇ ਪਿੰਡ ਭੈਣੀਬਾਘਾ ਦੇ ਲੋਕਾਂ ਨੇ ਕਿਸੇ ਮਾਮਲੇ ’ਚ ਜੇਲ੍ਹ ਜਾ ਕੇ ਆਏ ਅਧਿਆਪਕ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀਬਾਘਾ (ਮਾਨਸਾ) ਦਾ ਪ੍ਰਿੰਸੀਪਲ ਲਾਉਣ ਦਾ ਵਿਰੋਧ ਕੀਤਾ ਹੈ। ਕਿਸਾਨ ਜਥੇਬੰਦੀਆਂ ਤੇ ਪਿੰਡਾਂ ਵਾਸੀਆਂ ਸਣੇ ਬੱਚਿਆਂ ਦੇ ਮਾਪਿਆਂ ਨੇ ਅੱਜ ਸਕੂਲ ਨੂੰ ਜਿੰਦਰਾ ਲਗਾ ਕੇ ਪ੍ਰਿੰਸੀਪਲ ਦੀ ਸਕੂਲ ਵਿੱਚੋਂ ਬਦਲੀ ਕਰਨ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪ੍ਰਿੰਸੀਪਲ ਦਾ ਪਿਛੋਕੜ ਕਥਿਤ ਚੰਗਾ ਨਹੀਂ ਹੈ ਤੇ ਉਸ ਖ਼ਿਲਾਫ਼ ਕਈ ਸ਼ਿਕਾਇਤਾਂ ਹਨ। ਇਸ ਦਾ ਅਸਰ ਬੱਚਿਆਂ ’ਤੇ ਪੈ ਸਕਦਾ ਹੈ।
ਸਕੂਲ ਦੇ ਮੁੱਖ ਗੇਟ ਨੂੰ ਜਿੰਦਰਾ ਲਗਾ ਕੇ ਧਰਨੇ ਵਿੱਚ ਬੋਲਦਿਆਂ ਬੀ ਕੇ ਯੂ (ਏਕਤਾ)-ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਬੀ ਕੇ ਯੂ ਡਕੌਂਦਾ ਧੜੇ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ, ਸਤਨਾਮ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਕਿਹਾ ਕਿ ਜਿਸ ਅਧਿਆਪਕ ਨੂੰ ਇਸ ਸਕੂਲ ’ਚ ਬਤੌਰ ਪ੍ਰਿੰਸੀਪਲ ਤਾਇਨਾਤ ਕੀਤਾ ਗਿਆ ਹੈ, ਉਸ ਦਾ ਰਿਕਾਰਡ ਬਹੁਤ ਵਧੀਆ ਨਹੀਂ ਹੈ। ਇਸ ਅਸਰ ਦੀ ਪੜ੍ਹਾਈ ਤੇ ਸਕੂਲ ਦੇ ਮਾਹੌਲ ’ਤੇ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਕ ਚੰਗੀ ਸੇਧ ਅਤੇ ਸਿੱਖਿਆ ਦੇਣ ਵਾਲੀ ਸੰਸਥਾ ਹੈ, ਜੇ ਸਕੂਲ ਦੀ ਅਗਵਾਈ ਕਰਨ ਵਾਲੇ ਮੁਖੀ ਦਾ ਹੀ ਪਿਛੋਕੜ ਚੰਗਾ ਨਹੀਂ ਹੋਵੇਗਾ ਤਾਂ ਸਕੂਲ ਦੇ ਮਾਹੌਲ ’ਤੇ ਕੀ ਪ੍ਰਭਾਵ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਪ੍ਰਿੰਸੀਪਲ ਨੂੰ ਇਸ ਸਕੂਲ ਵਿੱਚ ਨਹੀਂ ਲੱਗਣ ਦੇਣਗੇ ਅਤੇ ਇਸ ਦਾ ਫੌਰੀ ਤਬਾਦਲਾ ਕੀਤਾ ਜਾਵੇ।
ਪ੍ਰਿੰਸੀਪਲ ਨੂੰ ਬਦਲਿਆ ਜਾਵੇਗਾ: ਅਧਿਕਾਰੀ
ਧਰਨੇ ਦੌਰਾਨ ਮਾਨਸਾ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਡਾ. ਪਰਮਜੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਪ੍ਰਿੰਸੀਪਲ ਦਾ ਸਕੂਲ ’ਚੋਂ ਤਬਾਦਲਾ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਚੱਲ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਉਪਰੰਤ ਇਹ ਤਬਾਦਲਾ ਕਰ ਦਿੱਤਾ ਜਾਵੇਗਾ। ਇਸ ਭਰੋਸੇ ਉਪਰੰਤ ਧਰਨਾਕਾਰੀਆਂ ਨੇ ਆਪਣਾ ਧਰਨਾ ਚੁੱਕ ਲਿਆ।
ਪੰਜਾਬੀ ਟ੍ਰਿਬਯੂਨ