10 ਦਸੰਬਰ, 2025 – ਦੱਖਣੀ ਅਫਰੀਕਾ ਦੀ ਟੀਮ ਅੱਜ 175 ਦੌੜਾਂ ਦਾ ਪਿੱਛਾ ਕਰਦਿਆਂ 12.3 ਓਵਰਾਂ ਵਿਚ 74 ਦੌੜਾਂ ’ਤੇ ਆਲ ਆਊਟ ਹੋ ਗਈ ਤੇ ਭਾਰਤ ਨੇ ਦੱਖਣੀ ਅਫਰੀਕਾ ਨੂੰ 101 ਦੌੜਾਂ ਨਾਲ ਹਰਾ ਕੇ ਵੱਡੀ ਹਾਰ ਦਿੱਤੀ। ਦੱਖਣੀ ਅਫਰੀਕਾ ਦੇ ਖਿਡਾਰੀ ਅੱਜ ਭਾਰਤੀ ਗੇਂਦਬਾਜਾਂ ਅੱਗੇ ਟਿਕ ਨਾ ਸਕੇ। ਦੱਖਣੀ ਅਫਰੀਕਾ ਵਲੋਂ ਸਿਰਫ ਡੀਵਾਲਡ ਬਰੇਵਿਸ ਨੇ 22 ਦੌੜਾਂ ਬਣਾਈਆਂ ਜਦਕਿ ਬਾਕੀ ਖਿਡਾਰੀ ਜਲਦੀ ਜਲਦੀ ਆਊਟ ਹੋ ਗਏ। ਭਾਰਤ ਵਲੋਂ ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ ਤੇ ਵਰੁਨ ਚੱਕਰਵਰਤੀ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।
ਇੱਥੇ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲੇ ਟੀ-20 ਮੈਚ ਵਿਚ ਅੱਜ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਨਿਰਧਾਰਤ ਵੀਹ ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 175 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵਲੋਂ ਹਾਰਦਿਕ ਪਾਂਡਿਆ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਚੌਕਿਆਂ ਤੇ ਛੱਕਿਆਂ ਦੀ ਝੜੀ ਲਾ ਦਿੱਤੀ। ਉਸ ਨੇ 28 ਗੇਂਦਾਂ ਵਿਚ 59 ਦੌੜਾਂ ਬਣਾਈਆਂ ਜਿਸ ਵਿਚ ਛੇ ਚੌਕੇ ਤੇ ਚਾਰ ਛੱਕੇ ਸ਼ਾਮਲ ਹਨ।
ਦੱਖਣੀ ਅਫਰੀਕਾ ਦੀ ਸ਼ੁਰੂਆਤ ਖਰਾਬ ਰਹੀ। ਦੱਖਣੀ ਅਫਰੀਕਾ ਦਾ ਚੌਥਾ ਖਿਡਾਰੀ ਡੇਵਿਡ ਮਿਲਰ ਵਜੋਂ ਆਊਟ ਹੋਇਆ। ਉਸ ਨੇ ਇਕ ਦੌੜ ਬਣਾਈ ਤੇ ਉਸ ਨੂੰ ਹਾਰਦਿਕ ਪਾਂਡਿਆ ਦੀ ਗੇਂਦ ’ਤੇ ਜਿਤੇਸ਼ ਸ਼ਰਮਾ ਨੇ ਕੈਚ ਕੀਤਾ।
ਦੱਖਣੀ ਅਫਰੀਕਾ ਦੀ ਸ਼ੁਰੂਆਤ ਚੰਗੀ ਨਹੀਂ ਹੋਈ ਤੇ ਉਸ ਦੇ ਖਿਡਾਰੀ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਏ। ਦੱਖਣੀ ਅਫਰੀਕਾ ਦਾ ਡੀ ਫਰੇਰਾ ਪੰਜਵੇਂ ਖਿਡਾਰੀ ਵਜੋਂ ਆਊਟ ਹੋਇਆ। ਦੱਖਣੀ ਅਫਰੀਕਾ ਦੇ ਖਿਡਾਰੀਆਂ ਦੀ ਅੱਜ ਭਾਰਤ ਨਾਲ ਮੈਚ ਦੌਰਾਨ ‘ਤੂੰ ਚੱਲ ਮੈਂ ਆਇਆ’ ਵਾਲੀ ਹਾਲਤ ਹੋ ਗਈ।
ਇਸ ਤੋਂ ਪਹਿਲਾਂ ਭਾਰਤੀ ਪਾਰੀ ਦੀ ਸ਼ੁਰੂਆਤ ਦੌਰਾਨ ਭਾਰਤ ਦੀ ਪਹਿਲੀ ਵਿਕਟ ਸ਼ੁਭਮਨ ਗਿੱਲ ਵਜੋਂ ਡਿੱਗੀ। ਉਸ ਨੇ ਚਾਰ ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਗਰਦਨ ਵਿਚ ਸੱਟ ਲੱਗਣ ਤੋਂ ਬਾਅਦ ਟੈਸਟ ਲੜੀ ਤੋਂ ਬਾਹਰ ਹੋ ਗਿਆ ਸੀ ਤੇ ਅੱਜ ਉਸ ਨੇ ਪਹਿਲੇ ਟੀ-20 ਮੈਚ ਵਿਚ ਵਾਪਸੀ ਕੀਤੀ ਸੀ। ਭਾਰਤ ਦੀ ਦੂਜੀ ਵਿਕਟ ਸੂਰਿਆਕੁਮਾਰ ਯਾਦਵ ਵਜੋਂ ਡਿੱਗੀ। ਉਸ ਨੇ ਆਉਂਦਿਆਂ ਹੀ ਤੇਜ਼ ਰਫਤਾਰ ਨਾਲ ਦੌੜਾਂ ਬਣਾਈਆਂ ਪਰ ਉਹ ਲੰਮਾ ਸਮਾਂ ਟਿਕ ਨਾ ਸਕਿਆ ਤੇ 11 ਗੇਂਦਾਂ ਵਿਚ 12 ਦੌੜਾਂ ਬਣਾ ਕੇ ਆਊਟ ਹੋਇਆ। ਭਾਰਤ ਦਾ ਤੀਜਾ ਖਿਡਾਰੀ ਅਭਿਸ਼ੇਕ ਸ਼ਰਮਾ ਆਊਟ ਹੋਇਆ। ਉਸ ਨੇ 12 ਗੇਂਦਾਂ ਵਿਚ 17 ਦੌੜਾਂ ਬਣਾਈਆਂ। ਭਾਰਤ ਦੀ ਅੱਜ ਸ਼ੁਰੂਆਤ ਖਰਾਬ ਹੋਈ ਤੇ ਇਸ ਦੇ ਸਿਖਰਲੇ ਚਾਰ ਬੱਲੇਬਾਜ਼ ਜਲਦੀ ਪੈਵੇਲੀਅਨ ਪਰਤ ਗਏ। ਭਾਰਤ ਦੀ ਚੌਥੀ ਵਿਕਟ ਤਿਲਕ ਵਰਮਾ ਵਜੋਂ ਡਿੱਗੀ। ਭਾਰਤ ਦੀ ਪੰਜਵੀਂ ਵਿਕਟ ਅਕਸ਼ਰ ਪਟੇਲ ਵਜੋਂ ਡਿੱਗੀ। ਉਸ ਨੇ 21 ਗੇਂਦਾਂ ਵਿਚ 23 ਦੌੜਾਂ ਬਣਾਈਆਂ। ਭਾਰਤ ਦੀ ਛੇਵੀਂ ਵਿਕਟ ਸ਼ਿਵਮ ਦੂਬੇ ਦੀ ਡਿੱਗੀ। ਉਸ ਨੇ 9 ਗੇਂਦਾਂ ਵਿਚ 11 ਦੌੜਾਂ ਬਣਾਈਆਂ।
ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਪੰਜ ਟੀ-20 ਮੈਚ ਹੋਣਗੇ। ਭਾਰਤੀ ਟੀਮ ਵਿਚ ਆਲ ਰਾਊਂਡਰ ਹਾਰਦਿਕ ਪਾਂਡਿਆ ਤੇ ਸ਼ੁਭਮਨ ਗਿੱਲ ਨੇ ਸੱਟ ਤੋਂ ਬਾਅਦ ਵਾਪਸੀ ਕੀਤੀ।
ਪੰਜਾਬੀ ਟ੍ਰਿਬਯੂਨ