ਮੰਗਾਂ ਮੰਨਣ ਦੀ ਕੀਤੀ ਅਪੀਲ; ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ
12 ਦਸੰਬਰ, 2025 – ਧੂਰੀ : ਸਫ਼ਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਅਸ਼ੋਕ ਸਰਵਣ ਤੇ ਜਨਰਲ ਸਕੱਤਰ ਰਮੇਸ਼ ਗੈਚੰਡ ਦੀ ਅਗਵਾਈ ’ਚ ਇਕੱਤਰ ਹੋਏ ਸੂਬਾ ਭਰ ਦੇ ਸਫ਼ਾਈ ਸੇਵਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਵਿਖੇ ਸੂਬਾ ਪੱਧਰੀ ਰੈਲੀ ਕਰਦਿਆਂ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਵਿਸ਼ਾਲ ਧਰਨਾ ਦਿੱਤਾ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਆਊਟ ਸੋਰਸ/ਕੱਚੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਹੱਲ ਕਰਨ, ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮਿਉਂਸਪਲ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਇਨ੍ਹਾਂ ਮੁਲਾਜ਼ਮਾਂ ਨੂੰ ਪੀ ਐੱਫ ਵਿੱਚੋਂ ਵਾਪਸੀ ਯੋਗ ਕਰਜ਼ਾ ਲੈਣ ਦੀ ਪ੍ਰਵਾਨਗੀ ਦੇਣ, 31 ਦਸੰਬਰ 2011 ਤੱਕ ਪੈਨਸ਼ਨ ਦੀ ਆਪਸ਼ਨ ਦੇਣ ਵਾਲੇ ਮੁਲਾਜ਼ਮਾਂ ਨੂੰ ਪੈਨਸ਼ਨ ਲਗਾਉਣ, ਤਨਖਾਹਾਂ ਸਮੇਂ ਸਿਰ ਦੇਣ ਲਈ ਵੈਟ ਦੀ ਰਾਸ਼ੀ ਦੁੱਗਣੀ ਕਰਨ, ਸਫ਼ਾਈ ਸੇਵਕਾਂ ਦੀ ਨਵੀਂ ਭਰਤੀ ਵਿੱਚ ਸਫ਼ਾਈ ਸੇਵਕ ਪਿਛੋਕੜ ਵਾਲੇ ਉਮੀਦਵਾਰ ਲਈ 75 ਫ਼ੀਸਦੀ ਰਾਖਵਾਂਕਰਨ ਕਰਨ, ਸਾਲਾਨਾ ਐਕਸੀਡੈਂਟਲ ਬੀਮਾ ਹਰ ਸਾਲ ਕਰਵਾਉਣਾ ਯਕੀਨੀ ਬਣਾਉਣ ਅਤੇ ਬੀਮਾ ਵਧਾ ਕੇ 20 ਲੱਖ ਕਰਨ, ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਮਿਲਦੀ ਗਰਮ ਤੇ ਠੰਢੀ ਵਰਦੀ ਦੇ ਕੱਪੜੇ ਸਿਲਾਈ, ਜਰਸੀ ਬੂਟ ਅਤੇ ਚੱਪਲਾਂ ਦੇ ਰੇਟਾਂ ਵਿੱਚ ਚਾਰ ਗੁਣਾ ਵਾਧਾ ਕਰਨ ਅਤੇ ਵਰਦੀ ਧੁਲਾਈ ਭੱਤੇ ਵਿੱਚ ਵਾਧਾ ਕਰਨ, ਸਫਾਈ ਸੇਵਕਾਂ ਦੀ ਸਪੈਸ਼ਲ ਪੇਅ ਹਜ਼ਾਰ ਰੁਪਏ ਮਹੀਨਾ ਕਰਨ, ਮੇਟਾਂ ਨੂੰ ਦੁਪਹੀਆ ਵਾਹਨ ਲਈ ਤੇਲ ਦੇਣ ਅਤੇ ਸਪੈਸ਼ਲ ਇੰਕਰੀਮੈਂਟ ਦੇਣ, ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਕੰਮ ਕਰਦੇ ਕਲਰਕ ਦੀ 15 ਸਾਲ ਦੀ ਸਰਵਿਸ ਹੋਣ ’ਤੇ ਲਾਜ਼ਮੀ ਇੰਸਪੈਕਟਰ ਅਤੇ ਪੰਪ ਅਪਰੇਟਰ ਦੀ 15 ਸਾਲ ਦੀ ਸਰਵਿਸ ਪੂਰੀ ਹੋਣ ’ਤੇ ਲਾਜ਼ਮੀ ਜੇ ਈ ਬਣਾਉਣ, ਕਰਮਚਾਰੀ ਦੀ ਮੌਤ ਹੋਣ ਉਪਰੰਤ ਦਿੱਤੀ ਜਾਣ ਵਾਲੀ ਐਕਸਗ੍ਰੇਸ਼ੀਆ ਗ੍ਰਾਂਟ ਚਾਰ ਗੁਣਾ ਕਰਨ ਸਮੇਤ ਮੰਗ ਪੱਤਰ ‘ਚ ਦਰਜ 30 ਮੰਗਾਂ ਤੁਰੰਤ ਮੰਨਣ ’ਤੇ ਜ਼ੋਰ ਦਿੱਤਾ।
ਸਫ਼ਾਈ ਸੇਵਕਾਂ ਵੱਲੋਂ ਸ਼ਹਿਰ ’ਚ ਰੋਸ ਮਾਰਚ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਧਰਨਾਕਾਰੀਆਂ ਨਾਲ ਸਾਲਸ ਦੀ ਭੂਮਿਕਾ ਨਿਭਾਉਂਦਿਆਂ ਡੀ ਐੱਸ ਪੀ ਧੂਰੀ ਗੁਰਪ੍ਰੀਤ ਸਿੰਘ ਨਾਲ ਹੋਈ ਬੰਦ ਕਮਰਾ ਮੀਟਿੰਗ ਉਪਰੰਤ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੇ ਪ੍ਰਧਾਨ ਵਿੱਕੀ ਪਰੋਚਾ ਨੇ ਦੱਸਿਆ ਕਿ ਡੀ ਐੱਸ ਪੀ ਨੇ ਭਰੋਸਾ ਦਿਵਾਇਆ ਕਿ 15 ਜਨਵਰੀ ਨੂੰ ਸਫ਼ਾਈ ਸੇਵਕ ਯੂਨੀਅਨ ਦੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਤੈਅ ਕੀਤੀ ਗਈ ਹੈ।
ਪੰਜਾਬੀ ਟ੍ਰਿਬਯੂਨ